ਕੁਇਜ਼ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ‘ਚ ਆਲੋਚਨਾਤਮਕ ਸੋਚ ਦੇ ਹੁਨਰ ਨੂੰ ਵਿਕਸਤ ਕਰਨਾ ਹੈ : ਪ੍ਰਿੰਸੀਪਲ ਧਵਨ ਕੁਮਾਰ
ਕੋਟਕਪੂਰਾ, 13 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿਖ਼ੇ ਵਿਦਿਆਰਥੀਆਂ ਲਈ ਸਮਾਜਿਕ ਵਿਗਿਆਨ ਕੁਇਜ਼ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸਮਾਜਿਕ ਵਿਗਿਆਨ ਦੇ ਨਾਲ਼-ਨਾਲ਼ ਭਾਰਤੀ ਇਤਿਹਾਸ ਪ੍ਰਤੀ ਜਾਗਰੂਕਤਾ ਅਤੇ ਸਮਝ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਅੰਦਰ ਹੋਰ ਸਿੱਖਣ ਨੂੰ ਪ੍ਰਭਾਵਸ਼ਾਲੀ ਬਣਾਉਣਾ ਸੀl ਇਸ ਮੁਕਾਬਲੇ ਦੇ ਚਲਦਿਆਂ ਲਗਾਤਾਰ ਦੋ ਦਿਨ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਹਿੱਸਾ ਲੈਣ ਲਈ ਮੌਕਾ ਦਿੱਤਾ ਗਿਆ, ਜਿਸ ਵਿੱਚ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਚਾਰ ਹਾਊਸਾਂ ਨਾਲੰਦਾ, ਤਕਸ਼ਿਲਾ, ਉੱਜੈਨ ਅਤੇ ਵੱਲਭੀ ਦੇ ਵਿਦਿਆਰਥੀਆਂ ਵਿੱਚ ਹਿਸਟਰੀ ਤ੍ਰਿਵੀਆ ਚੈਲੰਜ ਸਿਰਲੇਖ ਅਧਾਰਤ ਕੁਇਜ਼ ਮੁਕਾਬਲਾ ਹੋਇਆ, ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ, ਜਿਸ ਵਿੱਚੋਂ ਨਾਲੰਦਾ ਟੀਮ ਨੇ ਜਿੱਤ ਹਾਸਿਲ ਕੀਤੀl ਜਮਾਤ ਤੀਜੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਵਿਚਕਾਰ ਸਮਾਜਿਕ ਵਿਗਿਆਨ ਨਾਲ ਸੰਬੰਧਿਤ ਕੁਇਜ਼ ਮੁਕਾਬਲਾ ਕਰਵਾਇਆ ਗਿਆ l ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੂੰ ਕੁੱਲ ਤਿੰਨ ਰਾਊਂਡਾਂ ਵਿੱਚ ਖੇਡਣ ਦਾ ਮੌਕਾ ਮਿਲਿਆ l ਸਾਰੇ ਵਿਦਿਆਰਥੀਆਂ ਨੇ ਪੂਰੀ ਤਿਆਰੀ ਦੇ ਨਾਲ ਇਸ ਮੁਕਾਬਲੇ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਵਧੀਆ ਪ੍ਰਦਰਸ਼ਨ ਕੀਤਾ ਜਿਸ ਦੇ ਚਲਦਿਆਂ ਬਾਕੀ ਦੇ ਤਿੰਨ ਹਾਊਸਾਂ ਨੂੰ ਟੱਕਰ ਦਿੰਦੇ ਹੋਏ ਵੱਲਭੀ ਹਾਊਸ ਨੇ ਜਿੱਤ ਹਾਸਲ ਕੀਤੀl ਦੂਜੇ ਪਾਸੇ ਜਮਾਤ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਵਿਚਕਾਰ ਸਮਾਜਿਕ ਵਿਗਿਆਨ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ l ਇਸ ਮੁਕਾਬਲਾ ਨੂੰ ਦਿਲਚਸਪ ਬਣਾਉਣ ਲਈ ਵਿਜ਼ੁਅਲ ਰਾਊਂਡ ਰੱਖਿਆ ਗਿਆ, ਜਿਸ ‘ਚ ਵਿਦਿਆਰਥੀਆਂ ਨੂੰ ਆਪਣੇ ਗਿਆਨ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਗਿਆl ਅਖੀਰਲੇ ਵਿਜ਼ੁਅਲ ਰਾਊਂਡ ਵਿੱਚ ਜੀ-20 ਦੇਸ਼ਾਂ ਦੇ ਵੱਖ-ਵੱਖ ਝੰਡਿਆਂ ਨੂੰ ਪੀਪੀਟੀ ਰਾਹੀਂ ਸਕਰੀਨ ‘ਤੇ ਦਿਖਾਇਆ ਗਿਆl ਇਸ ਵਿੱਚੋਂ ਸਹੀ ਚੋਣ ਕਰਨ ਵਾਲੇ ਵਿਦਿਆਰਥੀਆਂ ਨੂੰ ਵਧੇਰੇ ਸਕੋਰ ਬਣਾਉਣ ਦਾ ਮੌਕਾ ਮਿਲਿਆ ਜਿਸ ਦੇ ਚਲਦਿਆਂ ਬਾਕੀ ਦੇ ਤਿੰਨ ਹਾਊਸਾਂ ਦੇ ਵਿਦਿਆਰਥੀਆਂ ਨੂੰ ਪਿੱਛੇ ਛੱਡਦੇ ਹੋਏ ਤਕਸ਼ਿਲਾ ਹਾਊਸ ਨੇ ਜਿੱਤ ਆਪਣੀ ਝੋਲੀ ਪਾਈl ਬਾਕੀ ਬਚਦੀਆਂ ਨੌਵੀਂ ਤੋਂ ਬਾਰਵੀਂ ਜਮਾਤਾਂ ਦੇ ਵਿਦਿਆਰਥੀਆਂ ਵਿਚਕਾਰ ਕੁਇਜ਼ ਮੁਕਾਬਲੇ ਦੌਰਾਨ ਭਾਰਤੀ ਇਤਿਹਾਸ ਨਾਲ਼ ਸੰਬੰਧਤ ਸਵਾਲ ਪੁੱਛੇ ਗਏl ਇਸ ਇੰਟਰ ਕਲਾਸ ਮੁਕਾਬਲੇ ਵਿੱਚ ਨੌਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆl ਵੱਖ ਵੱਖ ਸਵਾਲਾਂ ਦੇ ਜਵਾਬ ਪੁੱਛਣ ਦੇ ਨਾਲ਼ ਨਾਲ਼ ਮੈਪ ਸਕਿੱਲ ਐਕਟਿਵਿਟੀ ਵੀ ਕਰਵਾਈ ਗਈl ਜਿਸ ਵਿੱਚ ਵਿਦਿਆਰਥੀਆਂ ਤੋਂ ਇਤਿਹਾਸਿਕ ਲੜਾਈਆਂ ਦੇ ਇਲਾਕਿਆਂ ਬਾਰੇ ਪੁੱਛਿਆ ਗਿਆl ਇਸ ਤਰਾਂ ਚਾਰੇ ਕਲਾਸਾਂ ਵਿੱਚ ਹੋਏ ਮੁਕਾਬਲੇ ਵਿੱਚੋਂ ਜਮਾਤ ਨੌਵੀਂ ਦੇ ਵਿਦਿਆਰਥੀਆਂ ਨੇ ਬਾਕੀ ਜਮਾਤਾਂ ਨੂੰ ਟੱਕਰ ਦਿੰਦੇ ਹੋਏ ਜਿੱਤ ਹਾਸਲ ਕੀਤੀl ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧਵਨ ਕੁਮਾਰ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅਜਿਹੇ ਕੁਇਜ਼ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਸਮਾਜਿਕ ਵਿਗਿਆਨ ਦੀ ਪੜਚੋਲ ਕਰਨ ਅਤੇ ਆਲੋਚਨਾਤਮਕ ਸੋਚ ਦੇ ਹੁਨਰਾਂ ਨੂੰ ਵਿਕਸਤ ਕਰਨ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਅਤੇ ਬਾਕੀ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਅਜਿਹੇ ਹੋਰ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ।