ਕੋਟਕਪੂਰਾ, 19 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1680 ਸੈਕਟਰ 22 ਬੀ ਚੰਡੀਗੜ ’ਚ ਸ਼ਾਮਲ ਜਥੇਬੰਦੀਆਂ ਪੰਜਾਬ ਪੈਨਸਨਰਜ ਯੂਨੀਅਨ, ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ, ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਨੇ ਪੰਜਾਬ ਮੁਲਾਜਮ ਤੇ ਪੈਨਸਨਰ ਸਾਂਝਾ ਫਰੰਟ ਵੱਲੋਂ ਮੁੱਖ ਮੰਤਰੀ ਪੰਜਾਬ ਦੀਆਂ ਵਾਅਦਾਖਿਲਾਫੀਆਂ ਦੇ ਰੋਸ ਵਜੋਂ 18 ਅਗਸਤ ਨੂੰ ਮਾਲਵਾ ਦੇ ਜਿਲਿਆਂ ਦੇ ਮੁਲਾਜਮਾਂ ਤੇ ਪੈਨਸਨਰਾਂ ਵੱਲੋਂ ਬਰਨਾਲਾ ਵਿਖੇ ਰੋਸ ਰੈਲੀ ’ਚ ਭਰਵੀਂ ਸਮੂਲੀਅਤ ਕਰਨ ਦਾ ਐਲਾਨ ਕੀਤਾ ਹੈ। ਵੱਖ-ਵੱਖ ਜਥੇਬੰਦੀਆਂ ਦੇ ਆਗੂ ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਅਸ਼ੋਕ ਕੌਸ਼ਲ, ਨਛੱਤਰ ਸਿੰਘ ਭਾਣਾ, ਹਰਵਿੰਦਰ ਸ਼ਰਮਾ, ਇਕਬਾਲ ਸਿੰਘ ਢੁੱਡੀ, ਬਲਕਾਰ ਸਿੰਘ ਸਹੋਤਾ, ਇਕਬਾਲ ਸਿੰਘ ਮੰਘੇੜਾ, ਸੋਮਨਾਥ ਅਰੋੜਾ, ਤਰਸੇਮ ਨਰੂਲਾ, ਅਮਰਜੀਤ ਕੌਰ ਰਣ ਸਿੰਘ ਵਾਲਾ ਤੇ ਇਕਬਾਲ ਸਿੰਘ ਰਣ ਸਿੰਘ ਵਾਲਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ’ਤੇ ਦੋਸ਼ ਲਾਇਆ ਕਿ ਮੁਲਾਜਮਾ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਗਿਣੀ ਮਿਥੀ ਸਾਜਿਸ ਤਹਿਤ ਨਜਰ ਅੰਦਾਜ ਕੀਤਾ ਜਾ ਰਿਹਾ ਹੈ ਜਿਵੇਂ ਕਿ ਪੰਜਾਬ ਦੇ ਛੇਵੇਂ ਤਨਖਾਹ ਕਮਿਸਨ ਦੀਆਂ ਸਿਫਾਰਸਾਂ ਅਨੁਸਾਰ ਸਾਢੇ ਪੰਜ ਸਾਲਾਂ ਦਾ ਬਣਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ, ਪੈਨਸਨਰਾਂ ਲਈ 2.59 ਦਾ ਗੁਨਾਕ ਲਾਗੂ ਨਹੀਂ ਕੀਤਾ ਜਾ ਰਿਹਾ, ਮਹਿੰਗਾਈ ਭੱਤੇ ਦੀਆਂ 12 ਫੀਸਦੀ ਦੀ ਦਰ ਨਾਲ ਬਕਾਇਆ ਪਈਆਂ ਤਿੰਨ ਕਿਸਤਾਂ ਨਹੀਂ ਦਿੱਤੀਆਂ ਜਾ ਰਹੀਆਂ, ਪੁਰਾਣੀ ਪੈਨਸਨ ਸਕੀਮ ਅਸਲ ਰੂਪ ’ਚ ਬਹਾਲ ਨਹੀਂ ਕੀਤੀ ਜਾ ਰਹੀ, ਅਦਾਲਤਾਂ ਵੱਲੋਂ ਮੁਲਾਜਮਾਂ ਅਤੇ ਪੈਨਸਨਰਾਂ ਨਾਲ ਸਬੰਧਤ ਹੱਕ ’ਚ ਕੀਤੇ ਗਏ ਫੈਸਲੇ ਲਾਗੂ ਨਹੀਂ ਕੀਤੇ ਜਾ ਰਹੇ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਾਰ-ਵਾਰ ਮੁਲਾਜਮ ਅਤੇ ਪੈਨਸ਼ਨਰ ਜਥੇਬੰਦੀਆਂ ਨਾਲ ਗੱਲਬਾਤ ਦਾ ਸਮਾਂ ਤੈਅ ਕਰਕੇ ਮੀਟਿੰਗਾਂ ਮੁਲਤਵੀ ਕਰ ਰਹੇ ਹਨ। ਆਗੂਆਂ ਨੇ ਐਲਾਨ ਕੀਤਾ ਕਿ 18 ਅਗਸਤ ਨੂੰ ਬਰਨਾਲਾ ਦੀ ਰੋਸ ਰੈਲੀ ਵਿੱਚ ਫਰੀਦਕੋਟ ਜਿਲੇ ਦੇ ਮੁਲਾਜਮ ਅਤੇ ਪੈਨਸਨਰ ਭਰਵੀਂ ਸ਼ਮੂਲੀਅਤ ਕਰਨਗੇ ਤਾਂ ਕਿ ਪੰਜਾਬ ਸਰਕਾਰ ਨੂੰ ਸਬਕ ਸਿਖਾਇਆ ਜਾ ਸਕੇ ਅਤੇ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਪ੍ਰਵਾਨ ਕਰਵਾਇਆ ਜਾ ਸਕੇ।

