ਕੋਟਕਪੂਰਾ, 20 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ “ਮੈਂ ਤੇ ਮੇਰਾ ਰੁੱਖ’’ ਮੁਹਿੰਮ ਤਹਿਤ ਅੱਜ ਕੋਟਕਪੂਰਾ ਵਿਖੇ ਡਾ. ਮਨਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਬਹੁਤ ਹੀ ਸਿਰੜੀ, ਉੱਦਮੀ ਅਤੇ ਕ੍ਰਾਂਤੀਕਾਰੀ ਪੱਤਰਕਾਰ ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਦੀ ਯਾਦ ’ਚ ਗੁੱਡ ਮੌਰਨਿੰਗ ਵੈਲਫੇਅਰ ਕਲੱਬ, ਕੋਟਕਪੂਰਾ ਦੇ ਸਹਿਯੋਗ ਨਾਲ ਬੂਟੇ ਲਗਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਪੀਕਰ ਸੰਧਵਾਂ ਨੇ ਕਿਹਾ ਕਿ ਜੋਗਿੰਦਰ ਸਿੰਘ ਸਪੋਕਸਮੈਨ ਜੋ ਕਿ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾਂ ਦੀ ਯਾਦ ਨੂੰ ਸਦੀਵੀ ਕਰਨ ਦੇ ਲਈ 100 ਬੂਟਾ ਲਾਉਣ ਦਾ ਪ੍ਰਣ ਕੀਤਾ ਗਿਆ ਹੈ। ਉਨਾਂ ਇਸ ਗੱਲ ਤੇ ਜਿਆਦਾ ਜੋਰ ਦਿੱਤਾ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਪ੍ਰਦੂਸ਼ਿਤ ਹਵਾ ਦੇ ਬਜਾਏ ਸ਼ੁੱਧ ਹਵਾ ਦੇ ਕੇ ਜਾਈਏ ਤਾਂ ਕਿ ਆਉਣ ਵਾਲੀਆਂ ਪੀੜੀਆਂ ਤੰਦਰੁਸਤ ਰਹਿ ਸਕਣ। ਉਨਾਂ ਕਿਹਾ ਕਿ ਆਕਸੀਜਨ ਦੀ ਕਮੀ ਸਿਰਫ ਦਰਖਤ ਹੀ ਪੂਰੀ ਕਰ ਸਕਦੇ ਹਨ। ਉਨਾਂ ਕਿਹਾ ਕਿ ਮੌਜੂਦਾ ਸਮੇਂ ਵਾਤਾਵਰਨ ’ਚ ਬਦਲਾਅ ਆ ਰਿਹਾ ਹੈ, ਜਿਸ ਤੋਂ ਬਚਾਅ ਲਈ ਬੂਟੇ ਲਾਉਣੇ ਜ਼ਰੂਰੀ ਹਨ। ਉਨਾਂ ਬੂਟੇ ਲਾਉਣ ਦੀ ਮੁਹਿੰਮ ’ਚ ਆਮ ਲੋਕਾਂ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੌਦਿਆਂ ਦੀ ਸੇਵਾ ਕਰਕੇ ਵੱਡੇ ਦਰਖਤ ਬਣਾਉਣਾ ਸਾਡੇ ਸਾਰਿਆਂ ਦੀ ਜਿੰਮੇਵਾਰੀ ਹੈ ਤਾਂ ਜੋ ਆਉਣ ਵਾਲੇ ਸਮੇ ਵਿਚ ਵੱਧ ਰਹੀ ਗਰਮੀ ਨੂੰ ਕਾਬੂ ਕੀਤਾ ਜਾ ਸਕੇ। ਇਸ ਮੌਕੇ ਚਮਕੌਰ ਸਿੰਘ, ਜੰਗਲਾਤ ਰੇਂਜ ਅਫ਼ਸਰ, ਸਰਬਜੀਤ ਸਿੰਘ ਬਲਾਕ ਅਫ਼ਸਰ, ਕੁਲਦੀਪ ਸਿੰਘ ਬਲਾਕ ਅਫ਼ਸਰ ਆਦਿ ਹਾਜ਼ਰ ਸਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਚੇਅਰਮੈਨ ਪੱਪੂ ਲਹੌਰੀਆ, ਡਾ ਰਵਿੰਦਰਪਾਲ ਕੋਛੜ, ਡਾ. ਹਰਬੰਸ ਸਿੰਘ ਪਦਮ, ਸੁਰਿੰਦਰ ਸਿੰਘ ਸਦਿਉੜਾ, ਜੋਗਿੰਦਰ ਸਿੰਘ ਜੋਗਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਗੁਰਮੀਤ ਸਿੰਘ ਮੀਤਾ, ਰਮੇਸ਼ ਸਿੰਘ ਗੁਲਾਟੀ, ਸੁਨੀਲ ਕੁਮਾਰ ਬਿੱਟਾ ਠੇਕੇਦਾਰ, ਦਲਜਿੰਦਰ ਸਿੰਘ ਸੰਧੂ, ਲਕਸ਼ਮਣ ਦਾਸ ਮਹਿਰਾ, ਰਾਜਾ ਠੇਕੇਦਾਰ, ਪਰਮਜੀਤ ਸਿੰਘ ਮੱਕੜ, ਸੰਜੀਵ ਕੁਮਾਰ ਧੀਂਗੜਾ, ਸਰਨ ਕੁਮਾਰ ਆਦਿ ਵੀ ਹਾਜਰ ਸਨ।

