ਓਰੀਐਂਟਲ ਕਾਲਜ ਲਾਹੌਰ ਦੀ ਪ੍ਰਿੰਸੀਪਲ ਨੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਸਮਾਗ਼ਮ ‘ਚ ਪੰਜਾਬੀ ਬੋਲੀ ਬਾਰੇ ਕੀਤੀਆਂ ਖੁੱਲ੍ਹੀਆਂ-ਡੁੱਲ੍ਹੀਆਂ ਗੱਲਾਂ ਕਵੀ-ਦਰਬਾਰ ਵੀ ਹੋਇਆ
ਬਰੈਂਪਟਨ, 23 ਅਗਸਤ (ਡਾ. ਝੰਡ/ਵਰਲਡ ਪੰਜਾਬੀ ਟਾਈਮਜ਼)
ਲੰਘੇ ਐਤਵਾਰ 18 ਅਗਸਤ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮਹੀਨਾਵਾਰ ਸਮਾਗ਼ਮ ਵਿਚ ਲਾਹੌਰ ਤੋਂ ਡਾ. ਨਾਬੀਲਾ ਰਹਿਮਾਨ ਨਾਲ ਪਾਕਿਸਤਾਨ ਵਿਚ ਪੰਜਾਬੀ ਬੋਲੀ, ਸਾਹਿਤ ਤੇ ਸੱਭਿਆਚਾਰ ਦੀ ਅਜੋਕੀ ਸਥਿਤੀ ਬਾਰੇ ਬੜਾ ਖੁੱਲ੍ਹ ਕੇ ਵਿਚਾਰ-ਵਟਾਂਦਰਾ ਹੋਇਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਉਨ੍ਹਾਂ ਦੇ ਨਾਲ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਅਤੇ ਡਾ. ਸੁਰਿੰਦਰਜੀਤ ਕੌਰ ਸੁਸ਼ੋਭਿਤ ਸਨ। ਸਮਾਗ਼ਮ ਦੇ ਆਰੰਭ ‘ਚ ਪਿਛਲੇ ਦਿਨੀਂ ਕਰਨ ਅਜਾਇਬ ਸਿੰਘ ਸੰਘਾ ਦੀ ਧਰਮਪਤਨੀ ਸ਼੍ਰੀਮਤੀ ਦਵਿੰਦਰ ਕੌਰ ਸੰਘਾ ਦੇ ਅਕਾਲ- ਚਲਾਣੇ ‘ਤੇ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਉਪਰੰਤ, ਸਭਾ ਦੇ ਮੈਂਬਰਾਂ ਦੇ ਕੁਝ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਬੜੇ ਭਾਵਪੂਰਤ ਸ਼ਬਦਾਂ ਵਿਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਡਾ. ਜਗਮੋਹਨ ਸੰਘਾ ਵੱਲੋਂ ਸਮਾਗ਼ਮ ਦੇ ਮੁੱਖ-ਮਹਿਮਾਨ ਡਾ. ਨਾਬੀਲਾ ਰਹਿਮਾਨ ਬਾਰੇ ਮੁੱਢਲੀ ਜਾਣ-ਪਛਾਣ ਕਰਵਾਉਣ ਤੋਂ ਬਾਅਦ ਮੰਚ-ਸੰਚਾਲਕ ਪ੍ਰੋ. ਤਲਵਿੰਦਰ ਮੰਡ ਵੱਲੋਂ ਉਨ੍ਹਾਂ ਨੂੰ ਆਪਣੇ ਬਾਰੇ ਤੇ ਪੰਜਾਬੀ ਬੋਲੀ ਬਾਰੇ ਵਿਚਾਰ ਪੇਸ਼ ਕਰਨ ਲਈ ਬੇਨਤੀ ਗਈ। ਆਪਣੇ ਸੰਬੋਧਨ ਦੀ ਸ਼ੁਰੂਆਤ ‘ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਂ ਮਹਿਜ਼ 39 ਸਾਲ ਦੀ ਉਮਰ ਵਿਚ ਹੀ ਅੱਲਾ ਨੂੰ ਪਿਆਰੀ ਹੋ ਗਈ ਅਤੇ ਉਨ੍ਹਾਂ ਦੇ ਬਾਪ ਨੇ ਉਨ੍ਹਾਂ ਨੂੰ ਮਾਂ-ਬਾਪ ਦੋਹਾਂ ਦਾ ਹੀ ਪਿਆਰ ਦਿੱਤਾ। ਉਨ੍ਹਾਂ ਆਪਣੀ ਸ਼ੁਰੂਆਤੀ ਪੜ੍ਹਾਈ ਮੈਡੀਕਲ ਸਾਇੰਸ ਵਿਚ ਕੀਤੀ ਪਰ ਬਾਅਦ ਵਿਚ ਉਨ੍ਹਾਂ ਦੀ ਦਿਲਚਸਪੀ ਪੰਜਾਬੀ ਭਾਸ਼ਾ ਵੱਲ ਬਣ ਗਈ ਅਤੇ ਉਨ੍ਹਾਂ ਇਸ ਵਿਚ ਐੱਮ.ਏ. ਤੇ ਪੀਐੱਚ.ਡੀ. ਕੀਤੀ। ਮਾਂ-ਬੋਲੀ ਪੰਜਾਬੀ ਵੱਲ ਆਉਣ ਤੇ ਉਨ੍ਹਾਂ ਨੂੰ ਕਈ ਲੋਕਾਂ ਦੇ ਤਾਹਨੇ-ਮਿਹਣਿਆਂ ਦਾ ਵੀ ਸਾਹਮਣਾ ਕਰਨਾ ਪਿਆ। ਉਨ੍ਹਾਂ ਬਾਬਾ ਫ਼ਰੀਦ, ਬਾਬਾ ਬੁੱਲ੍ਹੇ ਸ਼ਾਹ ਤੇ ਬਾਬਾ ਨਾਨਕ ਜੀ ਦੇ ਕਲਾਮ ਪੜ੍ਹਨ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਅਧਿਐੱਨ ਕੀਤਾ। ਲਾਹੌਰ ਵਿਚ ਇੰਸਟੀਚਿਊਟ ਆਫ਼ ਪੰਜਾਬੀ ਲੈਂਗੂਏਜ, ਲਿਟਰੇਚਰ ਐਂਡ ਕਲਚਰ ਸਥਾਪਿਤ ਕਰਨ ਵਿਚ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਪਈ। ਇਹ ਏਡਾ ਸੌਖਾ ਕੰਮ ਨਹੀਂ ਸੀ ਅਤੇ ਇਸ ਦੇ ਲਈ ਕਈ ਕਿਸਮ ਦੀ ਵਿਰੋਧਤਾ ਝੱਲਣੀ ਪ
ਉਨ੍ਹਾਂ ਕਿਹਾ ਕਿ ਜ਼ਬਾਨਾਂ ਦਾ ਜਨਮ ਤੇ ਇਨ੍ਹਾਂ ਦਾ ਸਬੰਧ ਧਰਤੀ ਨਾਲ ਹੁੰਦਾ ਹੈ ਅਤੇ ਧਰਮਾਂ ਨਾਲ ਇਨ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੈ ਪਰ ਬੜੇ ਦੁੱਖ ਤੇ ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਵੱਲੋਂ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਸਿੱਖਾਂ ਦੀ ਅਤੇ ਅਰਬੀ-ਫ਼ਾਰਸੀ ਬੋਲੀ ਤੇ ਸ਼ਾਹਮੁਖੀ ਲਿਪੀ ਨੂੰ ਮੁਸਲਮਾਨਾਂ ਦੀ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਹ ਧਾਰਨਾ ਬਦਲਣ ਦੀ ਲੋੜ ਹੈ। ਸੂਫ਼ੀ ਸਾਹਿਤ ਇਕ ਅਣਮੁੱਲਾ ਖ਼ਜ਼ਾਨਾ ਹੈ ਅਤੇ ਸ਼ਾਹਮੁਖੀ ਵਿਚ ਹੋਣ ਕਰਕੇ ਇਹ ਸ਼ਾਹਮੁਖੀ ਨਾ ਜਾਨਣ ਵਾਲਿਆਂ ਤੱਕ ਪਹੁੰਚਾਉਣ ਲਈ ਇਸ ਨੂੰ ਗੁਰਮੁਖੀ, ਅੰਗਰੇਜ਼ੀ ਤੇ ਹੋਰ ਲਿਪੀਆਂ ਵਿਚ ਬਦਲਣ ਦੀ ਜ਼ਰੂਰਤ ਹੈ। ਸ਼ਾਹਮੁਖੀ ਤੇ ਗੁਰਮੁਖੀ ਨੂੰ ਇਕ ਦੂਸਰੀ ਦੇ ਨੇੜੇ ਲਿਆਉਣਾ ਸਮੇਂ ਦੀ ਲੋੜ ਹੈ। ਸਾਨੂੰ ਸਿਰਫ਼ ਚੜ੍ਹਦੇ ਤੇ ਲਹਿੰਦੇ ਪੰਜਾਬ ਬਾਰੇ ਹੀ ਨਹੀਂ ਸੋਚਣਾ ਚਾਹੀਦਾ, ਸਗੋਂ ਹੁਣ ਵਿਦੇਸ਼ਾਂ ਵਿਚ ਬਣੇ ਨਵੇਂ ਪੰਜਾਬਾਂ ਦੀ ਵੀ ਗੱਲ ਕਰਨੀ ਚਾਹੀਦੀ ਹੈ। ਪਾਕਿਸਤਾਨ ਵਿਚ 14 ਕਰੋੜ ਪੰਜਾਬੀ ਬੈਠੇ ਹਨ, ਚੜ੍ਹਦੇ ਪੰਜਾਬ ਵਿਚ ਤਿੰਨ ਕਰੋੜ ਹਨ ਅਤੇ ਵਿਦੇਸ਼ਾਂ ਵਿਚ ਇਨ੍ਹਾਂ ਦੀ ਗਿਣਤੀ ਕਈ ਕਰੋੜਾਂ ਵਿਚ ਹੈ। ਇਨ੍ਹਾਂ ਦੀ ਆਪਸੀ ਨੇੜਤਾ ਤੇ ਮੇਲ਼-ਜੋਲ਼ ਵਧਾਉਣ ਲਈ ਅੰਤਰਰਾਸ਼ਟਰੀ ਪੱਧਰ ‘ਤੇ ‘ਸਾਂਝਾ ਇਕਨਾਮਿਕ ਫੋਰਮ ਦੀ ਲੋੜ ਹੈ। ਅਜੋਕੇ ਸਮੇਂ ਵਿਚ ਪੰਜਾਬੀ ਨੂੰ ਮਾਰਕੀਟਿੰਗ ਦੀ ਭਾਸ਼ਾ ਬਨਾਉਣ ਦੀ ਵੱਡੀ ਜ਼ਰੂਰਤ ਹੈ ਜਿਸਦੀ ਵੱਡੀ ਜ਼ਿੰਮੇਵਾਰੀ ਇਹ ਫੋਰਮ ਸੰਭਾਲੇ। ਪੰਜਾਬੀ ਬੋਲੀ ਦੇ ਨਾਲ ਇਸ ਦੀਆਂ ‘ਬੋਲੜੀਆਂ’ (ਉਪ-ਭਾਸ਼ਾਵਾਂ) ਨੂੰ ਵੀ ਵਿਕਸਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਅੰਦਰ ਸੱਚ ਹੈ ਤਾਂ ਡਰਨ ਦੀ ਕੋਈ ਲੋੜ ਨਹੀਂ ਹੈ। ਕੇਵਲ ਮਰਦਾਂ ਵੱਲੋਂ ਹੀ ਨਹੀਂ, ਸਗੋਂ ਔਰਤਾਂ ਵੱਲੋਂ ਵੀ ਸਮਾਜ ਦੀ ਬੇਹਤਰੀ ਲਈ ਡੱਟ ਕੇ ਕੰਮ ਕੀਤਾ ਜਾ ਸਕਦਾ ਹੈ।
ਉਨ੍ਹਾਂ ਹੋਰ ਕਿਹਾ ਕਿ ਪੰਜਾਬੀ ਵਿਚ ਹੋਰ ਸ਼ਬਦਾਵਲੀ ਲਿਆਉਣ ਦੇ ਨਾਲ ਨਾਲ ਹੁਨਰਮੰਦਾਂ (ਤਰਖਾਣਾਂ, ਲੋਹਾਰਾਂ ਤੇ ਹੋਰ ਕਾਰੀਗਰਾਂ) ਦੀ ਤਕਨੀਕੀ ਸ਼ਬਦਾਵਲੀ ਨੂੰ ਵੀ ਅੱਗੇ ਵਧਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਇਹ ਆਮ ਧਾਰਨਾ ਹੈ ਕਿ ਪੰਜਾਬੀ ਅਨਪੜ੍ਹਾਂ ਤੇ ਗੰਵਾਰਾਂ ਦੀ ਬੋਲੀ ਹੈ ਜੋ ਕੇ ਸਰਾਸਰ ਗ਼ਲਤ ਹੈ। ਸਕੂਲਾਂ ਵਿਚ ਉਰਦੂ ਦੇ ਨਾਲ ਨਾਲ ਪੰਜਾਬੀ ਤੇ ਅੰਗਰੇਜ਼ੀ ਨੂੰ ਵੀ ਪੜ੍ਹਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬੀਆਂ ਦੇ ਜਿਗਰੇ ਬੜੇ ਵੱਡੇ ਹਨ। ਸੰਬੋਧਨ ਤੋਂ ਬਾਅਦ ਸਰੋਤਿਆਂ ਵਿਚੋਂ ਉਨ੍ਹਾਂ ਨੂੰ ਬਲਰਾਜ ਬਲਰਾਜ ਚੀਮਾ, ਲਖਬੀਰ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ, ਡਾ. ਜਗਮੋਹਨ ਸੰਘਾ, ਪ੍ਰੋ. ਤਲਵਿੰਦਰ ਸਿੰਘ ਮੰਡ, ਕੁਲ ਦੀਪ, ਰਾਜਕੁਮਾਰ ਓਸ਼ੋਰਾਜ, ਹਰਜਿੰਦਰ ਸਿੰਘ ਭਸੀਨ ਤੇ ਕਈ ਹੋਰਨਾਂ ਵੱਲੋਂ ਪੰਜਾਬੀ ਬੋਲੀ ਬਾਰੇ ਵੱਖ-ਵੱਖ ਸੁਆਲ ਪੁੱਛੇ ਗਏ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਬੜੇ ਤਸੱਲੀਬਖ਼ਸ਼ ਦਿੱਤੇ ਗਏ।
ਸਮਾਗ਼ਮ ਦੇ ਦੂਸਰੇ ਭਾਗ ਵਿਚ ਕਵੀ ਦਰਬਾਰ ਹੋਇਆ ਜਿਸ ਵਿਚ ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਸਭ ਤੋਂ ਪਹਿਲਾਂ ਲਹਿੰਦੇ ਪੰਜਾਬ ਦੇ ਕਵੀ ਮਕਸੂਦ ਚੌਧਰੀ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਤੋਂ ਬਾਅਦ ਵਾਰੀ-ਵਾਰੀ ਇਕਬਾਲ ਬਰਾੜ, ਕਰਨ ਅਜਾਇਬ ਸੰਘਾ, ਰੂਬੀ ਕਰਤਾਰਪੁਰੀ, ਲਖਬੀਰ ਸਿੰਘ ਕਾਹਲੋਂ, ਪ੍ਰੀਤਮ ਧੰਜਲ, ਲਹਿੰਦੇ ਪੰਜਾਬ ਦੇ ਹਜ਼ਰਤ ਸ਼ਾਮ ਸੰਧੂ, ਪ੍ਰੋ.ਆਸ਼ਿਕ ਰਹੀਲ, ਰਾਸ਼ੀਦ ਨਦੀਮ ਤੇ ਬਾਬਰ ਅਬਦੁੱਲਾ ਖ਼ਾਨ ਸਾਹੀ, ਹਰਮੇਸ਼ ਜੀਂਦੋਵਾਲ, ਗਿਆਨ ਸਿੰਘ ਦਰਦੀ, ਸੁਖਚਰਨਜੀਤ ਗਿੱਲ, ਜੱਸੀ ਭੁੱਲਰ ਢਪਾਲੀ, ਰਮਿੰਦਰ ਰੰਮੀ, ਪੰਜਾਬ ਸਿੰਘ ਕਾਹਲੋਂ, ਡਾ. ਜਗਮੋਹਨ ਸੰਘਾ, ਹਰਜਿੰਦਰ ਸਿੰਘ ਭਸੀਨ, ਰਾਜਕੁਮਾਰ ਓਸ਼ੋਰਾਜ, ਕੁਲ ਦੀਪ, ਸੁਰਿੰਦਰਜੀਤ ਕੌਰ, ਡਾ. ਨਬੀਲਾ ਰਹਿਮਾਨ ਅਤੇ ਪਰਮਜੀਤ ਢਿੱਲੋਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਡਾ. ਸੁਖਦੇਵ ਸਿੰਘ ਝੰਡ ਨੇ ਇਸ ਵਾਰ ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫ਼ਜ਼ਲ ਸਾਹਿਰ ਦੀ ਭਾਰਤ ਤੇ ਪਾਕਿਸਤਾਨ ਦੀ ਕਥਿਤ ‘ਆਜਾਦੀ’ ਬਾਰੇ ਕਵਿਤਾ “ਮੈਂ ਰੱਬ ਨਾਲ ਦੁਖੜੇ ਫੋਲ਼ਦਾ ਜੇ ਬੰਦਾ ਹੁੰਦਾ” ਸੁਣਾਈ ਜਿਸ ਨੂੰ ਸਰੋਤਿਆਂ ਵੱਲੋਂ ਭਾਰੀ ਦਾਦ ਮਿਲੀ। ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿਚ ਪ੍ਰੋ. ਆਸ਼ਿਕ ਰਹੀਲ, ਸ਼ਾਮ ਸਿੰਘ ‘ਅੰਗਸੰਗ’, ਸ਼ਾਇਰ ਮਲਵਿੰਦਰ, ਰਾਸ਼ੀਦ ਨਦੀਮ ਤੇ ਮਲੂਕ ਸਿੰਘ ਕਾਹਲੋਂ ਸ਼ਾਮਲ ਸਨ।
ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਪ੍ਰਧਾਨਗੀ-ਮੰਡਲ ਵਿੱਚੋਂ ਸਭਾ ਦੇ ਮੁੱਢਲੇ ਮੈਂਬਰ ਮਲੂਕ ਸਿੰਘ ਕਾਹਲੋਂ ਵੱਲੋਂ ਮੁੱਖ-ਮਹਿਮਾਨ ਡਾ. ਨਾਬੀਲਾ ਰਹਿਮਾਨ, ਸਮੂਹ ਬੁਲਾਰਿਆਂ ਤੇ ਸਰੋਤਿਆਂ ਦਾ ਇਸ ਸਮਾਗ਼ਮ ਨੂੰ ਸਫ਼ਲ ਬਨਾਉਣ ਲਈ ਹਾਰਦਿਕ ਧੰਨਵਾਦ ਕੀਤਾ ਗਿਆ। ਸਮਾਗ਼ਮ ਵਿਚ ਹੋਰਨਾਂ ਤੋਂ ਇਲਾਵਾ ਹਰਦੀਪ ਕੌਰ, ਬਲਦੇਵ ਰਹਿਪਾ, ਪ੍ਰੋ. ਸਿਕੰਦਰ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਪਰਸ਼ੋਤਮ ਸਿੰਘ, ਅਮਰਜੀਤ ਸਿੰਘ ਬਾਈ, ਸੁਖਜਿੰਦਰ ਸਿੰਘ ਮੱਲ੍ਹੀ, ਮਹਿੰਦਰ ਸਿੰਘ ਟਿਵਾਣਾ, ਗੁਰਵਿੰਦਰ ਸਿੰਘ, ਸੁਰਿੰਦਰਪਾਲ ਸਿੰਘ ਤੇ ਕੁਲਦੀਪ ਕੌਰ ਸ਼ਾਮਲ ਸਨ। ਧੰਨਵਾਦ ਸਹਿਤ , ਇਹ ਰਿਪੋਰਟ ਡਾ . ਸੁਖਦੇਵ ਸਿੰਘ ਝੰਡ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।