ਕੋਟਕਪੂਰਾ, 23 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਲੰਮੇ ਸਮੇਂ ਤੋਂ ਛੋਟੀਆਂ ਵੱਡੀਆਂ ਫੈਕਟਰੀਆਂ, ਕਾਰਖਾਨਿਆਂ ਸਮੇਤ ਡੇਅਰੀਆਂ ਅਤੇ ਸੀਵਰੇਜ ਤੱਕ ਦਾ ਗੰਦਾ ਪਾਣੀ ਲੁਧਿਆਣਾ ਵਿਖੇ ਬੁੱਢੇ ਨਾਲੇ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿੱਚ ਵਾਤਾਵਰਣ ਪ੍ਰੇਮੀ ਪਿਛਲੇ ਇਕ ਦਹਾਕੇ ਤੋਂ ਵੀ ਜਿਆਦਾ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਨੇ ਅੱਖਾਂ ’ਤੇ ਪੱਟੀ ਬੰਨ ਕੇ ਅਤੇ ਕੰਨਾਂ ਵਿੱਚ ਰੂੰ ਪਾ ਕੇ ਇਸ ਬਾਰੇ ਸੋਚਣ ਅਤੇ ਵਿਚਾਰਨ ਦੀ ਜਰੂਰਤ ਤੱਕ ਹੀ ਨਹੀਂ ਸਮਝੀ। ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਅਤੇ ਨਰੋਆ ਪੰਜਾਬ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ ਤੇ ਕਾਰਜਕਾਰੀ ਪ੍ਰਧਾਨ ਮੱਘਰ ਸਿੰਘ ਫਰੀਦਕੋਟ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਹੁਣ ਇਨਸਾਨੀਅਤ ਦਾ ਦਰਦ ਸਮਝਣ ਵਾਲੇ ਵਾਤਾਵਰਣ ਪ੍ਰੇਮੀ 24 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 11:00 ਵਜੇ ਵੇਰਕਾ ਚੌਂਕ ਲੁਧਿਆਣਾ ਵਿਖੇ ਰੋਸ ਮਾਰਚ ਲਈ ਇਕੱਠੇ ਹੋ ਰਹੇ ਹਨ, ਜਿਸ ਵਿੱਚ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਇਲਾਵਾ ਗੁਆਂਢੀ ਰਾਜਾਂ ਦੇ ਇਨਸਾਫ ਪਸੰਦ ਸੋਚ ਰੱਖਣ ਵਾਲੇ ਲੋਕਾਂ ਦਾ ਸ਼ਾਮਲ ਹੋਣਾ ਬਹੁਤ ਜਰੂਰੀ ਹੈ। ਭਾਈ ਚੰਦਬਾਜਾ ਨੇ ਮਿਹਣਾ ਮਾਰਦਿਆਂ ਆਖਿਆ ਕਿ ਜਿਹੜੇ ਲੋਕ ਲੀਡਰਾਂ ਪਿੱਛੇ ਰੈਲੀਆਂ ਵਿੱਚ ਬੱਸਾਂ ਭਰ ਭਰ ਕੇ ਲਿਜਾਂਦੇ ਹਨ, ਉਹ ਆਪਣੇ ਬੱਚਿਆਂ ਅਤੇ ਉਹਨਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਕਿਉਂ ਨਹੀਂ? ਉਹਨਾਂ ਦਾਅਵਾ ਕੀਤਾ ਕਿ ਜੇਕਰ ਅਜੇ ਵੀ ਸੁੱਤੇ ਰਹੇ ਤਾਂ ਫਿਰ ਪਛਤਾਵੇ ਤੋਂ ਇਲਾਵਾ ਕੁਝ ਵੀ ਨਹੀਂ ਬਚੇਗਾ। ਕਿਉਂਕਿ ਸਤੁਲਜ ਦਰਿਆ ਵਿੱਚ ਪਿਛਲੇ 30-35 ਸਾਲਾਂ ਤੋਂ ਸੁੱਟੇ ਜਾ ਰਹੇ ਜਹਿਰੀਲੇ ਪਾਣੀ ਕਾਰਨ ਘਰ ਘਰ ਬਿਮਾਰੀਆਂ ਆਣ ਵੜੀਆਂ ਹਨ, ਕੈਮੀਕਲ ਵਾਲਾ ਜਹਿਰੀਲੀ ਪਾਣੀ ਵਾਟਰ ਵਰਕਸਾਂ ਰਾਹੀਂ ਸਾਡੀਆਂ ਰਸੋਈਆਂ ਵਿੱਚ ਦਾਖਲ ਹੋ ਰਿਹਾ ਹੈ, ਜਿਸ ਕਰਕੇ ਛੋਟੇ-ਛੋਟੇ ਬੱਚੇ ਵੀ ਭਿਆਨਕ ਬਿਮਾਰੀਆਂ (ਕੈਂਸਰ, ਕਾਲਾ ਪੀਲੀਆ, ਹੱਡੀਆਂ ਦੇ ਰੋਗ, ਚਮੜੀ ਦੇ ਰੋਗ, ਬੱਚਿਆਂ ਦੇ ਮਾਨਸਿਕ ਵਿਕਾਸ ’ਤੇ ਅਸਰ ਹੋਣਾ, ਮੰਦਬੁੱਧੀ ਬੱਚੇ ਪੈਦਾ ਹੋਣ, ਅੰਤੜੀਆਂ ਦੇ ਰੋਗ ਆਦਿ) ਦੀ ਜਕੜ ਵਿੱਚ ਆ ਰਹੇ ਹਨ।