ਹਰਿਆਣਾ ਵਿੱਚ ਆਪ ਦੀ ਬਦਲਾਵ ਜਨਸਭਾ ਦੀ ਵੀ ਖੋਲ੍ਹੀ ਜਾਵੇਗੀ ਪੋਲ
ਬਰਨਾਲਾ 25 ਅਗਸਤ (ਵਰਲਡ ਪੰਜਾਬੀ ਟਾਈਮਜ਼)
3704 ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਅੱਜ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੁੱਖ ਮੰਤਰੀ ਪੰਜਾਬ ਵੱਲੋਂ ਵਾਰ ਵਾਰ ਮੀਟਿੰਗਾਂ ਮੁਲਤਵੀ ਕਰਕੇ ਡੰਗ ਟਪਾਊ ਨੀਤੀ ਅਪਣਾਉਣ ਤੇ 22 ਅਗਸਤ ਦੀ ਮੁੱਖ ਮੰਤਰੀ ਦੀ ਮੀਟਿੰਗ ਬਦਲ ਕੇ ਸਬ ਕਮੇਟੀ ਨਾਲ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਜਲੰਧਰ ਜਿਮਨੀ ਚੋਣਾ ਦੌਰਾਨ ਹੋਈ ਪੈਨਲ ਮੀਟਿੰਗ ਦੌਰਾਨ ਵਾਅਦਾ ਕੀਤਾ ਸੀ ਕਿ ਤੁਹਾਡੀ ਭਰਤੀ ਦਾ ਇਸ਼ਤਿਹਾਰ ਪਹਿਲਾਂ ਦਾ ਹੋਣ ਕਰਕੇ ਪੰਜਾਬ ਪੇਅ ਸਕੇਲ ਲਾਗੂ ਕਰਨ ਦੀ ਮੰਗ ਦਾ ਹੱਲ ਚੰਡੀਗੜ੍ਹ ਮੀਟਿੰਗ ਕਰਕੇ ਕਰ ਦਿੱਤਾ ਜਾਵੇਗਾ। ਪਰ ਹੁਣ ਮੁੱਖ ਮੰਤਰੀ ਲਗਾਤਾਰ ਮੀਟਿੰਗਾਂ ਦੇ ਕੇ ਆਪਣੇ ਵਾਅਦੇ ਤੋਂ ਭੱਜ ਰਹੇ ਹਨ। ਆਗੂਆਂ ਨੇ ਮੀਟਿੰਗ ਵਿੱਚ ਅਗਲੀ ਰਣਨੀਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ 3 ਸਤੰਬਰ ਨੂੰ ਵਿਧਾਨ ਸਭਾ ਸਭਾ ਵੱਲ ਮਾਰਚ ਕੀਤਾ ਜਾਵੇਗਾ ਅਤੇ ਹਰਿਆਣਾ ਵਿੱਚ ਜੋ ਆਮ ਆਦਮੀ ਪਾਰਟੀ ਬਦਲਾਵ ਜਨਸਭਾ ਮੁਹਿੰਮ ਚਲਾ ਰਹੀ ਹੈ। ਉਸ ਬਦਲਾਵ ਜਨਸਭਾ ਤੇ ਹੋਰ ਪ੍ਰੋਗਰਾਮਾਂ ਦਾ ਵਿਰੋਧ ਕਰਨ ਦੇ ਨਾਲ ਨਾਲ ਹਰਿਆਣਾ ਦੇ ਪਿੰਡਾਂ ਵਿੱਚ ਜਾ ਕੇ ਸਥਾਨਕ ਲੋਕਾਂ ਕੋਲ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੋਲ ਖੋਲੀ ਜਾਵੇਗੀ। 30 ਸਤੰਬਰ ਨੂੰ ਮੁਕਤਸਰ ਜ਼ਿਲ੍ਹੇ ਦੇ ਪਿੰਡ ਭਲਾਈਆਣਾ ਵਿਖੇ ਅਤੇ ਪੰਜਾਬ ਵਿੱਚ ਜਿੱਥੇ ਵੀ ਮੁੱਖ ਮੰਤਰੀ ਆਉਣਗੇ ਕਾਲੀਆਂ ਝੰਡੀਆਂ ਨਾਲ ਮੁੱਖ ਮੰਤਰੀ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸੂਬਾ ਆਗੂ ਯਾਦਵਿੰਦਰ ਸਿੰਘ, ਦਵਿੰਦਰ ਕੁਮਾਰ, ਜਗਜੀਵਨਜੋਤ ਸਿੰਘ, ਜਸਵਿੰਦਰ ਸ਼ਾਹਪੁਰ, ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਵਿਕਰਮ ਸਿੰਘ, ਹਰਮੀਤ ਸਿੰਘ, ਰਾਜੇਸ਼ਵਰ ਰਾਏ, ਪਿੰਟੂ ਬਿਸ਼ਨੋਈ, ਲਵਿਸ਼ ਸੰਧਾ, ਪੱਪੂ ਸਿੰਘ, ਗੁਰਵਿੰਦਰ ਸਿੰਘ, ਜਸਵੀਰ ਕੁਮਾਰ ਆਦਿ ਮੌਜੂਦ ਸਨ।