ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਦੇ ਉਪਰਾਲੇ ਪ੍ਰੇਰਨਾਸਰੋਤ ਅਤੇ ਸ਼ਲਾਘਾਯੋਗ : ਸਿੱਧੂ
ਕੋਟਕਪੂਰਾ, 25 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਮੌਕੇ ਸਾਨੂੰ ਕੁਦਰਤ ਨੇ ਵਾਤਾਵਰਣ ਦੀ ਸੰਭਾਲ ਕਰਨ ਸਬੰਧੀ ਹਲੂਣਾ ਦਿੰਦਿਆਂ ਦਰੱਖਤਾਂ ਦੀ ਮਹੱਤਤਾ ਬਾਰੇ ਸਮਝਾਉਣ ਲਈ ਝੰਜੋੜਿਆ ਪਰ ਅਸੀਂ ਕੋਵਿਡ ਦਾ ਸੰਕਟ ਦੂਰ ਹੁੰਦਿਆਂ ਹੀ ਉਸ ਨੂੰ ਭੁਲਾ ਦਿੱਤਾ। ਸਰਕਾਰੀ ਹਾਈ ਸਕੂਲ ਪਿੰਡ ਢਿੱਲਵਾਂ ਕਲਾਂ ਵਿਖੇ ‘ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ’ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਰਵਾਏ ਗਏ ਵਾਤਾਵਰਣ ਜਾਗਰੂਕਤਾ ਸੈਮੀਨਾਰ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੁਸਾਇਟੀ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਆਖਿਆ ਕਿ ਕੋਟਕਪੂਰਾ ਗਰੱੁਪ ਆਫ ਫੈਮਿਲੀਜ਼ ਕੈਨੇਡਾ ਦੇ ਸਹਿਯੋਗ ਨਾਲ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਵਾਲੀਆਂ ਲੱਖਾਂ ਕਾਪੀਆਂ ਵੱਖ ਵੱਖ ਸਕੂਲਾਂ ’ਚ ਵੰਡੀਆਂ ਜਾ ਚੁੱਕੀਆਂ ਹਨ। ਉਹਨਾ ਦੱਸਿਆ ਕਿ ਇਕ ਦਰੱਖਤ ਵਲੋਂ ਲੱਖਾਂ ਰੁਪਏ ਦੀ ਆਕਸੀਜਨ ਦੇ ਨਾਲ ਨਾਲ ਹਵਾ ਪ੍ਰਦੂਸ਼ਣ ’ਤੇ ਕੰਟਰੋਲ, ਕਾਰਬਨਡਾਈਆਕਸਾਈਡ ਸੋਖਣ, ਕੀਮਤੀ ਲੱਕੜ ਅਤੇ ਪਾਣੀ ਨੂੰ ਮੁੜ ਵਰਤਣਯੋਗ ਬਣਾਉਣ ਵਾਲੇ ਲੱਖਾਂ ਰੁਪਏ ਦੇ ਹੋਰ ਫਾਇਦੇ ਮਨੁੱਖ ਨੂੰ ਦਿੱਤੇ ਜਾਂਦੇ ਹਨ ਪਰ ਫਿਰ ਵੀ ਮਨੁੱਖ ਰੁੱਖਾਂ ਦੀ ਸੰਭਾਲ ਕਰਨ ਦੀ ਜਰੂਰਤ ਨਹੀਂ ਸਮਝ ਰਿਹਾ। ਉਹਨਾਂ ਧਰਤੀ ਹੇਠਲੇ ਪਾਣੀ, ਦਰਿਆਵਾਂ, ਜੰਗਲਾਂ, ਜਲਗਾਹਾਂ, ਸ਼ੋਰ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਬਾਰੇ ਅੰਕੜਿਆਂ ਸਹਿਤ ਅਨੇਕਾਂ ਉਦਾਹਰਨਾ ਦਿੰਦਿਆਂ ਦਲੀਲ ਨਾਲ ਵਿਸਥਾਰ ਵਿੱਚ ਸਮਝਾਇਆ। ਸਕੂਲ ਮੁਖੀ ਬਲਵਿੰਦਰ ਸਿੰਘ ਸਿੱਧੂ ਅਤੇ ਅੱਖਾਂ ਦੇ ਨਾਮਵਰ ਡਾਕਟਰ ਪ੍ਰਭਦੇਵ ਸਿੰਘ ਬਰਾੜ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਮੰਨਿਆ ਕਿ ਅਜਿਹੀਆਂ ਕਾਪੀਆਂ ਬਜਾਰਾਂ ਵਿੱਚੋਂ ਨਹੀਂ ਮਿਲਦੀਆਂ। ਬੱਚਿਆਂ ਨੂੰ ਕਾਪੀਆਂ ਤਕਸੀਮ ਕਰਨ ਮੌਕੇ ਮਾਸਟਰ ਅਸ਼ੌਕ ਕੌਸ਼ਲ, ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਜਸਵਿੰਦਰ ਸਿੰਘ ਬਰਾੜ, ਦਰਸ਼ਨ ਸਿੰਘ ਫੌਜ਼ੀ, ਬਲਜਿੰਦਰ ਕੌਰ ਮੱਤਾ, ਤਰਸੇਮ ਨਰੂਲਾ, ਸੰਦੀਪ ਦਿਉੜਾ, ਜਸਵੀਰ ਸਿੰਘ ਔਲਖ, ਨਾਚੀਜ ਸੁਰਿੰਦਰ ਸਚਦੇਵਾ, ਰੁਪਿੰਦਰ ਸਿੰਘ ਆਦਿ ਦਾ ਭਰਪੂਰ ਸਹਿਯੋਗ ਰਿਹਾ।