ਕੋਟਕਪੂਰਾ, 26 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵਲੋਂ ‘ਮੈਂ ਤੇ ਮੇਰਾ ਰੁੱਖ’ ਬੈਨਰ ਹੇਠ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਨੇੜਲੇ ਪਿੰਡ ਲਾਲੇਆਣਾ ਤੋਂ ਢੈਪਈ ਨੂੰ ਜਾਣ ਵਾਲੀ ਸੜਕ ’ਤੇ ਸਥਿੱਤ ‘ਕੈਲਾਸ਼ ਐਗਰੋ’ ਨਾਮ ਦੇ ਸ਼ੈਲਰ ਵਿੱਚ ਡਾ ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਗਈ ਟੀਮ ਨੇ 100 ਵੱਖ ਵੱਖ ਕਿਸਮਾ ਦੇ ਫਲਦਾਰ ਅਤੇ ਛਾਂਦਾਰ ਬੂਟੇ ਲਾ ਕੇ ਸ਼ੈਲਰ ਮਾਲਕਾਂ ਤੋਂ ਇਕ ਇਕ ਬੂਟੇ ਦੀ ਸੰਭਾਲ ਦਾ ਪ੍ਰਣ ਲਿਆ। ਕਲੱਬ ਦੇ ਇਸ ਪ੍ਰੋਜੈਕਟ ਦੇ ਇੰਚਾਰਜ ਮਨਤਾਰ ਸਿੰਘ ਮੱਕੜ ਨੇ ਦੱਸਿਆ ਕਿ ਕਲੱਬ ਦੇ ਚੀਫ ਪੈਟਰਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਬੂਟੇ ਲਾਉਣ ਦੀ ਇਸ ਮੁਹਿੰਮ ਨੂੰ ਸ਼ੁਰੂ ਕਰਨ ਮੌਕੇ ਹਦਾਇਤ ਕੀਤੀ ਗਈ ਸੀ ਕਿ ਇਕ ਇਕ ਬੂਟੇ ਦੀ ਸੰਭਾਲ ਬਹੁਤ ਜਰੂਰੀ ਹੈ। ਉਹਨਾਂ ਦੱਸਿਆ ਕਿ ਹੁਣ ਤੱਕ 6100 ਬੂਟੇ ਲੱਗ ਚੁੱਕੇ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਕਲੱਬ ਦੇ ਸਰਪ੍ਰਸਤ ਗੁਰਿੰਦਰ ਸਿੰਘ ਮੁਤਾਬਿਕ ਕੈਲਾਸ਼ ਐਗਰੋ ਸ਼ੈਲਰ ਦੇ ਮਾਲਕ ਸੁਖਵਿੰਦਰਪਾਲ ਗੋਇਲ ਨੇ ਇਕ ਇਕ ਬੂਟੇ ਦੀ ਸੰਭਾਲ ਦਾ ਭਰੋਸਾ ਦਿਵਾਉਂਦਿਆਂ ਆਖਿਆ ਹੈ ਕਿ ਉਹ ਭਵਿੱਖ ਵਿੱਚ ਹੋਰ ਬੂਟੇ ਲਾਉਣ ਅਤੇ ਉਹਨਾਂ ਦੀ ਸੰਭਾਲ ਲਈ ਬਣਦਾ ਸਹਿਯੋਗ ਜਰੂਰ ਕਰਨਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਮੀਤ ਸਿੰਘ ਮੀਤਾ, ਓਮ ਪ੍ਰਕਾਸ਼ ਗੁਪਤਾ, ਪੱਪਾ ਮਲਹੋਤਰਾ, ਪਰਮਜੀਤ ਸਿੰਘ ਮੱਕੜ, ਸਰਨ ਕੁਮਾਰ, ਕੈਲਾਸ਼ ਕੁਮਾਰ ਆਦਿ ਵੀ ਹਾਜਰ ਸਨ।