ਜੈਤੋ, 29 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੀ ਰਾਤ ਜਨਮ ਅਸ਼ਟਮੀ ਤਿਓਹਾਰ ਮੌਕੇ ਭਾਵੇਂ ਜਿਲਾ ਫਰੀਦਕੋਟ ਦੇ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਸ਼ਰਧਾਲੂਆਂ ਦੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦਾ ਨਜਾਇਜ ਫਾਇਦਾ ਉਠਾਉਂਦਿਆਂ ਚੋਰਾਂ ਨੇ ਧਾਰਮਿਕ ਅਸਥਾਨਾ ਅਤੇ ਸ਼ਰਧਾਲੂਆਂ ਦੀ ਆਸਥਾ ਨੂੰ ਵੀ ਨਾ ਬਖਸ਼ਿਆ ਪਰ ਜੈਤੋ ਦੀ ਪੰਚਾਇਤੀ ਗਊਸ਼ਾਲਾ ਰੋਡ ’ਤੇ ਚੋਰਾਂ ਵਲੋਂ ਇਕ ਮੋਟਰਸਾਈਕਲ ਵੀ ਚੁਰਾ ਲਿਆ ਗਿਆ। ਬਾਜਾਖਾਨਾ ਸਥਿੱਤ ਇੱਕ ਮੰਦਰ ਵਿੱਚੋਂ ਸ਼ਰਧਾਲੂਆਂ ਦੇ 19 ਜੋੜੇ ਜੁੱਤੀਆਂ ਤੇ ਚੱਪਲਾਂ ਦੇ ਚੋਰੀ ਹੋ ਗਏ। ਮੋਟਰਸਾਈਕਲ ਦੇ ਮਾਲਕ ਸ਼ਗਨ ਕਟਾਰੀਆ ਅਨੁਸਾਰ ਜਨਮ ਅਸ਼ਟਮੀ ਦੇ ਸਬੰਧ ਵਿੱਚ ਉਹ ਮੰਦਰ ਵਿੱਚ ਆਏ ਸਨ। ਕਰੀਬ ਅੱਧਾ ਘੰਟਾ ਮੰਦਰ ਵਿੱਚ ਗੁਜ਼ਾਰਨ ਮਗਰੋਂ ਜਦੋਂ ਉਹ ਬਾਹਰ ਆਏ ਤਾਂ ਗਲੀ ਵਿੱਚ ਖੜੋਤਾ ਉਨਾਂ ਦਾ ਕਾਲੇ ਰੰਗ ਦਾ ਹੀਰੋ ਡੀਲਕਸ ਮੋਟਰਸਾਈਕਲ ਨੰਬਰ ਪੀ.ਬੀ. 04-ਏ.ਏ. 3748 ੳੱੁਥੋਂ ਗਾਇਬ ਹੋ ਚੁੱਕਾ ਸੀ। ਮਾਮਲਾ ਇੱਥੇ ਡਿਊਟੀ ਦੇ ਰਹੇ ਪੁਲੀਸ ਮੁਲਾਜ਼ਮਾਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਪੜਤਾਲ ਕੀਤੀ ਗਈ ਪਰ ਚੋਰਾਂ ਦਾ ਖੁਰਾ ਖੋਜ ਨਹੀਂ ਲੱਭ ਸਕਿਆ। ਇਸੇ ਤਰਾਂ ਇੱਕ ਦਿਨ ਪਹਿਲਾਂ ਇਸੇ ਰੋਡ ਨੇੜੇ ਹੀ ਗਗਨ ਮੱਕੜ ਨਾਂਅ ਦੇ ਨੌਜਵਾਨ ਦਾ ਮੋਟਰਸਾਈਕਲ ਵੀ ਉਸ ਦੇ ਘਰੋਂ ਚੋਰ ਲੈ ਗਏ। ਚੰਦ ਰੋਜ਼ ਪਹਿਲਾਂ ਜੈਤੋ ’ਚ ਕੈਮਿਸਟ ਦੀ ਦੁਕਾਨ ਕਰਦਾ ਮਹਿੰਦਰ ਸਿੰਘ ਜਦੋਂ ਦੁਕਾਨ ਬੰਦ ਕਰਕੇ ਆਪਣੇ ਪਿੰਡ ਬਰਕੰਦੀ ਜਾ ਰਿਹਾ ਸੀ ਤਾਂ ਰਸਤੇ ਵਿੱਚ ਲੁਟੇਰਿਆਂ ਵਲੋਂ ਉਸ ਨੂੰ ਘੇਰ ਕੇ ਸੱਟਾਂ ਮਾਰੀਆਂ ਗਈਆਂ ਅਤੇ ਨਗਦੀ ਖੋਹੀ ਗਈ। ਮਾੜੇ ਅਨਸਰਾਂ ਦੇ ਅਜਿਹੇ ਬੁਲੰਦ ਹੌਸਲਿਆਂ ਤੋਂ ਲੋਕ ਖ਼ੌਫ਼ਜ਼ਦਾ ਹਨ ਅਤੇ ਉਨਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਮਾੜੇ ਅਨਸਰਾਂ ’ਤੇ ਨਕੇਲ ਕਸੀ ਜਾਵੇ।