ਵਿਦਿਆਰਥੀ ਮੰਗਾਂ ਤੇ ਸੰਘਰਸ ਤੇਜ ਕਰਨ ਦਾ ਐਲਾਨ
ਫ਼ਰੀਦਕੋਟ , 21 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਵਿੱਚ ਸੂਬਾ ਆਗੂ ਧੀਰਜ ਕੁਮਾਰ ਦੀ ਅਗਵਾਈ ਵਿੱਚ 61 ਮੈਂਬਰੀ ਕਾਲਜ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਕਾਲਜ ਕਮੇਟੀ ਨੇ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਸੰਘਰਸ਼ ਤੇਜ ਕਰਨ ਦਾ ਐਲਾਨ ਕੀਤਾ। ਪੀ.ਐਸ.ਯੂ. ਦੇ ਜ਼ਿਲਾ ਆਗੂ ਹਰਵੀਰ ਅਤੇ ਸੁਖਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਜਥੇਬੰਦੀ ਬਾਰੇ ਜਾਣ ਪਹਿਚਾਣ ਕਰਵਾਉਂਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਹੋਰਾਂ ਦੀ ਬਣਾਈ ਜਥੇਬੰਦੀ ਹੈ, ਜੋ ਲਗਭਗ 100 ਸਾਲਾਂ ਤੋਂ ਪੰਜਾਬ ਦੇ ਵਿੱਦਿਅਕ ਅਦਾਰਿਆਂ ’ਚ ਵਿਦਿਆਰਥੀ ਮੰਗਾਂ ਮਸਲਿਆਂ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਦਾ ਮਕਸਦ ਵਿਦਿਆਰਥੀ ਵਿਰੋਧੀ ਸਿੱਖਿਆ ਪ੍ਰਬੰਧ ਬਦਲ ਕਿ ਜਮਹੂਰੀ ਅਤੇ ਵਿਗਿਆਨਕ ਸਿੱਖਿਆ ਪ੍ਰਬੰਧ ਉਸਾਰਨਾ ਹੈ। ਓਹਨਾਂ ਕਿਹਾ ਕਿ ਵਿਦਿਆਰਥੀਆਂ ਉੱਪਰ ਨਵੀ ਸਿੱਖਿਆ ਨੀਤੀ 2020 ਮੜ ਦਿੱਤੀ ਗਈ ਹੈ, ਜਿਸ ਦੇ ਮਾੜੇ ਪ੍ਰਭਾਵ ਸਾਹਮਣੇ ਆਉਣੇ ਸੁਰੂ ਹੋ ਗਏ ਹਨ। ਇਸ ਨੀਤੀ ਮੁਤਾਬਿਕ ਗ੍ਰੇਜੂਏਸ਼ਨ ਨੂੰ ਚਾਰ ਸਾਲ ਦਾ ਕਰ ਦਿੱਤਾ ਗਿਆ ਹੈ, 4 ਹੋਰ ਨਵੇਂ ਵਿਸੇ ਸਾਮਿਲ ਕਰ ਦਿੱਤੇ ਗਏ ਹਨ ਜਿਨਾਂ ਦਾ ਨਾ ਹਜੇ ਕੋਈ ਪ੍ਰੋਫੈਸਰ ਹੈ ਅਤੇ ਨਾ ਹੀ ਕਿਤਾਬਾਂ ਆਈਆਂ ਹਨ। ਨਵੀਂ ਸਿੱਖਿਆ ਨੀਤੀ ਸਰਕਾਰੀ ਵਿੱਦਿਅਕ ਅਦਾਰਿਆਂ ਦੀ ਤਬਾਹੀ ਦਾ ਵਾਰੰਟ ਹੈ, ਇਹ ਨੀਤੀ ਗੈਰ ਵਿਗਿਆਨਕ ਸਿੱਖਿਆ ਪ੍ਰਬੰਧ ਨੂੰ ਉਤਸ਼ਾਹਿਤ ਕਰਦੀ ਹੈ ਇਸ ਜ਼ਰੀਏ ਵਿਦਿਆਰਥੀਆਂ ਨੂੰ ਮੰਦਬੁੱਧੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਸ ਨੀਤੀ ਦੇ ਖਿਲਾਫ ਵਿਦਿਆਰਥੀਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਜਸਨੀਤ ਸਿੰਘ ਨੇ ਕਮੇਟੀ ਅੱਗੇ ਨਵੇਂ ਆਗੂਆਂ ਦਾ ਪੈਨਲ ਪੇਸ਼ ਕਰਕੇ ਵਿਦਿਆਰਥੀਆਂ ਤੋਂ ਸਹਿਮਤੀ ਲਈ ਜਿਸ ਵਿੱਚ ਅਰਸ਼ਦੀਪ ਸਿੰਘ ਨੂੰ ਪ੍ਰਧਾਨ, ਸ਼ਰਨਦੀਪ ਸਾਧਾਂਵਾਲਾ ਨੂੰ ਮੀਤ ਪ੍ਰਧਾਨ, ਜਲੰਧਰ ਸੰਧਵਾਂ ਨੂੰ ਕਮੇਟੀ ਸਕੱਤਰ, ਸਿਮਰਨ ਕੌਰ ਨੂੰ ਪ੍ਰੈਸ ਸਕੱਤਰ ਸਹਾਇਕ ਸਕੱਤਰ ਹਰਮਨਦੀਪ ਸਿੰਘ, ਖਜ਼ਾਨਚੀ ਹਰਪ੍ਰੀਤ ਕੌਰ, ਸੋਸ਼ਲ ਮੀਡੀਆ ਇੰਚਾਰਜ ਲਵਪ੍ਰੀਤ ਸੁੱਖਣਵਾਲਾ ਅਤੇ ਸੱਭਿਆਚਾਰਕ ਵਿੰਗ ਦੇ ਇੰਚਾਰਜ ਰਮਨਦੀਪ ਢਿਲਵਾਂ ਨੂੰ ਚੁਣਿਆ ਗਿਆ। ਕਮੇਟੀ ਪ੍ਰਧਾਨ ਅਰਸਦੀਪ ਸਿੰਘ, ਮੀਤ ਪ੍ਰਧਾਨ ਸਰਨਦੀਪ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਜਸਨਦੀਪ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕੇਂਦਰ ਦੀ ਨੀਤੀ ਖਲਿਾਫ ਸੰਘਰਸ ਤੇਜ ਕੀਤਾ ਜਾਵੇਗਾ ਅਤੇ ਓਹਨਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਕੇਂਦਰ ਦੀ ਨੀਤੀ ਰੱਦ ਕਰਕੇ ਪੰਜਾਬ ਦੀ ਸਿੱਖਿਆ ਨੀਤੀ ਖੁਦ ਬਣਾਉਣੀ ਚਾਹੀਦੀ ਹੈ। ਕਮੇਟੀ ਸਕੱਤਰ ਜਲੰਧਰ ਸਿੰਘ ਨੇ ਕਿਹਾ ਕਿ ਕਾਲਜ ’ਚ ਪ੍ਰੋਫੈਸਰਾਂ ਦੀ ਕਮੀ ਪੂਰੀ ਕਰਵਾਉਣ ਅਤੇ ਨਵੇਂ ਕਲਾਸ ਰੂਮ ਬਣਾਉਣ ਲਈ ਵੀ ਸੰਘਰਸ ਕੀਤਾ ਜਾਵੇਗਾ।