ਫਰੀਦਕੋਟ , 26 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵਲੋਂ ਨਸ਼ਿਆਂ ’ਤੇ ਠੱਲ ਪਾਉਣ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ’ਤੇ ਜਿਲਾ ਫਰੀਦਕੋਟ ਵਿਖੇ ਡਰੱਗ ਵਿਭਾਗ ਵਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਜਾਰੀ ਹੈ। ਡਰੱਗ ਇੰਸ. ਹਰਜਿੰਦਰ ਸਿੰਘ ਦੀ ਅਗਵਾਈ ਵਾਲੀ ਇੱਕ ਟੀਮ ਨੇ ਕੋਟਕਪੂਰਾ ਅਤੇ ਜੈਤੋ ਵਿਖੇ ਛਾਪੇਮਾਰੀ ਕੀਤੀ। ਉਹਨਾਂ ਇੱਥੇ ਸਥਿਤ ਦਵਾਈਆਂ ਦੀਆਂ ਦੁਕਾਨਾਂ ਦੇ ਨਿਰੀਖਣ ਦੌਰਾਨ ਸ਼ੱਕ ਹੋਣ ’ਤੇ ਜੈਤੋ ਦੀ ਇਕ ਦੁਕਾਨ ’ਤੇ ਛਾਪਾ ਮਾਰਿਆ ਤਾਂ ਉੱਥੇ ਟੀਮ ਨੂੰ ਇਤਰਾਜਯੋਗ ਦਵਾਈਆਂ ਬਰਾਮਦ ਹੋਈਆਂ। ਛਾਪੇਮਾਰੀ ਦੀ ਪੁਸ਼ਟੀ ਕਰਦਿਆਂ ਡਰੱਗ ਇਸਪੈਕਟਰ ਨੇ ਕਿਹਾ ਕਿ ਕੋਟਕਪੂਰਾ ਵਿਖੇ ਜਿਸ ਦੁਕਾਨ ਨੂੰ ਚੈਕ ਕੀਤਾ ਗਿਆ, ਉੁਥੇ ਸਭ ਸਹੀ ਪਾਇਆ ਗਿਆ। ਜੈਤੋ ਵਿਖੇ ਸਥਿੱਤ ਇਕ ਦੁਕਾਨ ਨਿਊ ਕਾਂਸਲ ਮੈਡੀਕਲ ਹਾਲ ’ਤੇ ਸ਼ੱਕ ਹੋਣ ’ਤੇ ਛਾਪਾ ਮਾਰਿਆ ਤਾਂ ਉਥੋਂ 2 ਤਰਾਂ ਦੀਆਂ ਇਤਰਾਜਯੋਗ ਦਵਾਈਆਂ, ਜਿੰਨਾਂ ’ਚ 2027 ਕੈਪਸੂਲ ਤੇ ਕਰੀਬ 90 ਗੋਲੀਆਂ ਜਬਤ ਕਰਕੇ ਡਰੱਗ ਵਿਭਾਗ ਦੀ ਅਗਲੇਰੀ ਕਾਰਵਾਈ ਲਈ ਭੇਜੀਆਂ ਗਈਆਂ ਹਨ, ਉੱਥੇ ਹਾਜ਼ਰ ਰਾਜ ਕੁਮਾਰ ਨਾਮ ਦੇ ਵਿਅਕਤੀ ਮੁਤਾਬਿਕ ਇਸ ਦੁਕਾਨ ’ਤੇ ਡਰੱਗ ਐਕਟ 1940 ਅਧੀਨ ਕਈ ਖਾਮੀਆਂ ਵੀ ਪਾਈਆਂ ਗਈਆਂ। ਉਹਨਾ ਦੱਸਿਆ ਕਿ ਉਕਤ ਫੜੀਆਂ ਗਈਆਂ ਦਵਾਈਆਂ ਦੇ ਸੇਲ-ਪਰਚੇਜ਼ ਦਾ ਰਿਕਾਰਡ ਵੀ ਦਿਖਾਇਆ ਨਾ ਜਾ ਸਕਿਆ, ਜਿਸ ਕਾਰਨ ਉਕਤ ਦੁਕਾਨ ਨੂੰ ਮਹਿਕਮੇ ਵਲੋਂ ਸੀਲ ਕਰ ਦਿੱਤਾ ਗਿਆ। ਉਨਾਂ ਦੱਸਿਆ ਕਿ ਸਬੰਧਤ ਦਵਾਈ ਵਿਕ੍ਰੇਤਾਵਾਂ ਨੂੰ ਪਹਿਲਾਂ ਵੀ ਕਈ ਵਾਰ ਸਖਤ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਉਹ ਕਾਨੂੰਨ ਦੀਆਂ ਸ਼ਰਤਾਂ ਨੂੰ ਪੂਰਨ ਰੂਪ ਵਿਚ ਅਮਲ ’ਚ ਲਿਆਉਣ।

