ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਪੋਲਿੰਗ ਤੱਕ ਸਾਰੇ ਪ੍ਰਬੰਧ ਮੁਕੰਮਲ ਕਰਨੇ ਬਣਾਏ ਜਾਣ ਯਕੀਨੀ
ਪੰਚਾਇਤੀ ਚੋਣਾਂ ਲਈ 6,40,500 ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ
27 ਸਤੰਬਰ ਤੋਂ 4 ਅਕਤੂਬਰ ਤੱਕ ਭਰੇ ਜਾਣਗੇ ਨਾਮਜ਼ਦਗੀ ਪੱਤਰ
5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਹੋਵੇਗੀ ਪੜਤਾਲ
7 ਅਕਤੂਬਰ ਨੂੰ ਲਏ ਜਾ ਸਕਣਗੇ ਨਾਮਜ਼ਦਗੀ ਪੱਤਰ ਵਾਪਸ
15 ਅਕਤੂਬਰ ਨੂੰ ਪੈਣਗੀਆਂ ਵੋਟਾਂ ਤੇ ਐਲਾਨੇ ਜਾਣਗੇ ਨਤੀਜ਼ੇ
ਬਠਿੰਡਾ, 27 ਸਤੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹੇ ’ਚ ਪੰਚਾਇਤੀ ਚੋਣਾਂ ਬਿਨਾਂ ਕਿਸੇ ਡਰ ਭੈਅ ਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਪੰਚਾਇਤੀ ਚੋਣਾਂ ਸਬੰਧੀ ਸਮੁੱਚੀਆਂ ਤਿਆਰੀਆਂ ਦੇ ਮੱਦੇਨਜ਼ਰ ਆਰਓਜ਼ ਅਤੇ ਏਆਰਓਜ਼ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਏਆਰਓਜ਼ ਅਤੇ ਆਰਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਪੋਲਿੰਗ ਤੱਕ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 318 ਪਿੰਡਾਂ ’ਚ ਕਰਵਾਈਆਂ ਜਾਣ ਵਾਲੀਆ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ 2532 ਪੰਚ ਅਤੇ 318 ਸਰਪੰਚਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ’ਚ ਪੰਚਾਇਤੀ ਚੋਣਾਂ ਲਈ 826 ਪੋਲਿੰਗ ਬੂਥਾਂ ’ਤੇ ਕੁੱਲ 6,40,500 ਵੋਟਰ ਆਪਣੀ ਵੋਟ ਦਾ ਭੁਗਤਾਨ ਕਰਨਗੇ, ਜਿਨਾਂ ’ਚ ਮਰਦ 3,36,234 ਔਰਤਾਂ 304266 ਅਤੇ ਇੱਕ ਥਰਡ ਜ਼ੈਡਰ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਬੈਲਟ ਪੇਪਰ ਰਾਹੀਂ ਪਾਈਆਂ ਜਾਣਗੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਲਈ 27 ਸਤੰਬਰ 2024 ਤੋਂ 4 ਅਕਤੂਬਰ 2024 ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਛੁੱਟੀ ਵਾਲੇ ਦਿਨ ਕੋਈ ਵੀ ਨਾਮਜ਼ਦਗੀ ਪੱਤਰ ਨਹੀਂ ਭਰਿਆ ਜਾਵੇਗਾ। ਇਸ ਤੋਂ ਇਲਾਵਾ ਭਰੇ ਗਏ ਨਾਮਜ਼ਦਗੀ ਪੱਤਰਾਂ ਦੀ 5 ਅਕਤੂਬਰ ਨੂੰ ਪੜਤਾਲ ਹੋਵੇਗੀ। 7 ਅਕਤੂਬਰ 2024 ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 15 ਅਕਤੂਬਰ 2024 ਨੂੰ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਹੀ ਵੋਟਾਂ ਦੇ ਨਤੀਜ਼ੇ ਐਲਾਨੇ ਜਾਣਗੇ।
ਇਸ ਮੌਕੇ ਸਿਖਲਾਈ ਅਧੀਨ ਆਈਏਐਸ ਅਧਿਕਾਰੀ ਸ੍ਰੀ ਰਾਕੇਸ਼ ਕੁਮਾਰ ਮੀਨਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਆਰਪੀ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮ ਤੋਂ ਇਲਾਵਾ ਸਮੂਹ ਆਰਓਜ਼ ਅਤੇ ਏਆਰਓਜ਼ ਆਦਿ ਹਾਜ਼ਰ ਸਨ।

