ਫਰੀਦਕੋਟ, 2 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਸੇਖ ਫਰੀਦ ਦੇ ਆਗਮਨ ਪੁਰਬ ਤੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ’ਚ ਫਰੀਦਕੋਟ ਜਿਲੇ ’ਚੋਂ ਆਏ ਸੀਨੀਅਰ ਕਲਾਕਾਰ/ਮੂਰਤੀਕਾਰ ਸਮਾਗਮ ਦਾ ਮੁੱਖ ਆਕਰਸਣ ਰਹੇ। ਉਕਤ ਮੁਕਾਬਲੇ ਦੇ ਆਯੋਜਨ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਅੰਦਰੂਨੀ ਕਲਾਤਮਕ ਪ੍ਰਵਿਰਤੀਆਂ ਨੂੰ ਉਜਾਗਰ ਕਰਨਾ ਅਤੇ ਉਨਾਂ ਨੂੰ ਅਜਿਹਾ ਮੰਚ ਪ੍ਰਦਾਨ ਕਰਨਾ ਸੀ ਜਿਸ ਰਾਹੀਂ ਉਨਾਂ ਦੀ ਕਲਾ ਦਾ ਵਿਕਾਸ ਹੋ ਸਕੇ। ਇਸ ਮੁਕਾਬਲੇ ’ਚ 1200 ਦੇ ਤਕਰੀਬਨ ਵਿਦਿਆਰਥੀਆਂ ਨੇ ਭਾਗ ਲਿਆ। ਕਲਾ ਮੁਕਾਬਲੇ ’ਚ ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਮੁਕਾਬਲੇ ’ਚ ਉਨਾਂ ਨੇ ਆਪਣੀ ਕਾਰੀਗਰੀ ਦੇ ਜੌਹਰ ਦਿਖਾ ਕੇ ਮੁਕਾਬਲੇ ’ਚ ਪਹੁੰਚੇ ਮੁੱਖ ਮਹਿਮਾਨ ਵਜੋਂ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੂੰ ਹੈਰਾਨ ਕਰ ਦਿੱਤਾ। ਉਹਨਾਂ ਨੇ ਮੁਕਾਬਲੇ ਦਾ ਨਿਰਣਾ ਕੀਤਾ। ਖੇਮ ਸਿੰਘ ਨੇ ਇਸ ਮੁਕਾਬਲੇ ’ਚ ਵਧੀਆ ਕਲਾ ਦਾ ਪ੍ਰਦਰਸਨ ਕਰਕੇ ਗਰੀਨ ਗਰੁੱਪ ’ਚੋਂ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਮੁਕਾਬਲੇ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੇਮ ਸਿੰਘ ਨੂੰ ਟਰਾਫੀ, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਸਕੂਲ ਦੀ ਪਿ੍ਰੰਸੀਪਲ ਸ਼੍ਰੀਮਤੀ ਪਿ੍ਰਅੰਕਾ ਮਹਿਤਾ ਨੇ ਖੇਮ ਸਿੰਘ ਨੂੰ ਵਧਾਈ ਦਿੱਤੀ ਅਤੇ ਉਸ ਦੀ ਪ੍ਰਸੰਸਾ ਕਰਦਿਆਂ ਹੋਰ ਵਿਦਿਆਰਥੀਆਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਡਰਾਇੰਗ ਮੁਕਾਬਲੇ ਨੌਜਵਾਨ ਦਿਮਾਗਾਂ ਲਈ ਆਪਣੇ ਕਲਾਤਮਕ ਹੁਨਰ ਨੂੰ ਵਿਕਸਤ ਕਰਨ, ਆਪਣੀ ਰਚਨਾਤਮਕਤਾ ਨੂੰ ਪ੍ਰਗਟ ਕਰਨ ਅਤੇ ਕੀਮਤੀ ਅਨੁਭਵ ਪ੍ਰਾਪਤ ਕਰਨ ਦਾ ਵਧੀਆ ਤਰੀਕਾ ਹਨ।