ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜਮ ਦਾ ਦਰਜਾ ਦਿੱਤਾ ਜਾਵੇ : ਹਰਗੋਬਿੰਦ ਕੌਰ
ਦੇਸ਼ ਦੀਆਂ 28 ਲੱਖ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਸਰਕਾਰ ਕਰ ਰਹੀ ਹੈ ਸ਼ੋਸ਼ਣ
ਕੋਟਕਪੂਰਾ, 2 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਅੱਜ ਲੁਧਿਆਣਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਘਰ ਅੱਗੇ ਕਾਲੇ ਦੁਪੱਟੇ ਲੈ ਕੇ ਅਤੇ ਆਪਣੀਆਂ ਮੰਗਾਂ ਵਾਲੀਆਂ ਤਖਤੀਆਂ ਤੇ ਬੈਨਰ ਹੱਥਾਂ ਵਿੱਚ ਫੜ ਕੇ ਰੋਸ ਪ੍ਰਦਰਸਨ ਕੀਤਾ। ਜਿਸ ਦੌਰਾਨ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਮੂਲੀਅਤ ਕੀਤੀ ਅਤੇ ਕੇਂਦਰ ਸਰਕਾਰ ਦੇ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ। ਇਸ ਰੋਸ ਪ੍ਰਦਰਸਨ ਦੀ ਅਗਵਾਈ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤੀ। ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ 2 ਅਕਤੂਬਰ 1975 ਨੂੰ ਦੇਸ ਭਰ ਵਿੱਚ ਆਂਗਣਵਾੜੀ ਸੈਂਟਰਾਂ ਨੂੰ ਖੋਲਿਆ ਗਿਆ ਸੀ ਤੇ ਹੁਣ 50 ਸਾਲ ਹੋਣ ਵਾਲੇ ਹਨ ਪਰ ਐਨੇ ਲੰਮੇ ਸਮੇਂ ਵਿੱਚ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜਮ ਦਾ ਦਰਜਾ ਨਹੀਂ ਦਿੱਤਾ ਗਿਆ। ਜਦੋਂ ਕਿ ਬਾਕੀ ਵਿਭਾਗਾਂ ਦੇ ਸਾਰੇ ਮੁਲਾਜਮ ਪੱਕੇ ਹਨ । ਉਹਨਾਂ ਕਿਹਾ ਕਿ ਪਿਛਲੇਂ 6 ਸਾਲਾਂ ਤੋਂ ਕੇਂਦਰ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਨਿੱਕੇ ਪੈਸੇ ਦਾ ਵਾਧਾ ਨਹੀਂ ਕੀਤਾ। ਕੇਂਦਰ ਸਰਕਾਰ ਆਂਗਣਵਾੜੀ ਵਰਕਰ ਨੂੰ 4500 ਰੁਪਏ ਅਤੇ ਹੈਲਪਰ ਨੂੰ 2250 ਰੁਪਏ ਦੇ ਰਹੀ ਹੈ। ਉਹਨਾਂ ਕਿਹਾ ਕਿ ਦੇਸ ਦੀਆਂ 28 ਲੱਖ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਸਰਕਾਰ ਸੋਸਣ ਕਰ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਸਾਰੇ ਆਂਗਣਵਾੜੀ ਸੈਂਟਰਾਂ ਦੀਆਂ ਸਰਕਾਰੀ ਇਮਾਰਤਾਂ ਨਹੀਂ ਬਣਾਈਆਂ ਗਈਆਂ ਅਤੇ ਅੱਧੋ ਵੱਧ ਆਂਗਣਵਾੜੀ ਸੈਂਟਰ ਸਹੂਲਤਾਂ ਤੋਂ ਸੱਖਣੇ ਪਏ ਹਨ। ਸੈਂਟਰਾਂ ਦੀਆਂ ਛੱਤਾਂ ਡਿੱਗ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇ ਕੇ ਸਰਕਾਰੀ ਮੁਲਾਜਮ ਐਲਾਨੇ ਅਤੇ ਹੈਲਪਰਾਂ ਨੂੰ ਗਰੇਡ ਦਿੱਤੇ ਜਾਣ। ਉਹਨਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿੱਚ ਨਾ ਤਾਂ ਬੱਚੇ ਹਨ ਤੇ ਨਾ ਹੀ ਰਾਸਨ ਬਣ ਰਿਹਾ ਹੈ। ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਵੀ ਆਸਾ ਵਰਕਰਾਂ ਰਾਹੀਂ ਦੇਣੀਆਂ ਸੁਰੂ ਕਰ ਦਿੱਤੀਆਂ ਹਨ। ਜਿਸ ਕਰਕੇ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਨੂੰ ਬੰਦ ਕਰਨ ਦੀ ਸਾਜਸਿ ਬਣਾਈ ਜਾ ਰਹੀ ਹੈ। ਹਰਗੋਬਿੰਦ ਕੌਰ ਨੇ ਸਮੂਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਅਤੇ ਧੱਕੇਸਾਹੀ ਦੇ ਖਿਲਾਫ ਲੜਨ ਲਈ ਯੂਨੀਅਨ ਦਾ ਸਾਥ ਦਿਉ ਤੇ ਹਰ ਸੰਘਰਸ ਵਿੱਚ ਸਾਮਲ ਹੋਵੋ ਤਾਂ ਕਿ ਆਪਣੇ ਹੱਕ ਲਏ ਜਾ ਸਕਣ। ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਤੇ ਵੀ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਸੇਵਾਵਾਂ ਬਿਨਾਂ ਕਿਸੇ ਕਸੂਰ ਤੋਂ ਰੱਦ ਕੀਤੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਵਿੱਚ ਲਾਭਪਾਤਰੀਆਂ ਲਈ ਘਟੀਆ ਅਤੇ ਮਾੜਾ ਰਾਸਨ ਭੇਜਿਆ ਜਾ ਰਿਹਾ ਹੈ। ਆਂਗਣਵਾੜੀ ਸੈਂਟਰਾਂ ਦੇ ਬੱਚੇ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਨਰਸਰੀ ਕਲਾਸਾਂ ਬਣਾ ਕੇ ਬਿਠਾਏ ਹੋਏ ਹਨ। ਉਹਨਾਂ ਕਿਹਾ ਕਿ ਜਿੰਨਾ ਚਿਰ ਪੰਜਾਬ ਅਤੇ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਜਥੇਬੰਦੀ ਦਾ ਸੰਘਰਸ ਜਾਰੀ ਰਹੇਗਾ। ਇਸ ਮੌਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਪੀ.ਏ. ਹਰਜਿੰਦਰ ਸਿੰਘ ਢੀਂਡਸਾ ਨੂੰ ਜਥੇਬੰਦੀ ਦੀਆਂ ਆਗੂਆਂ ਨੇ ਮੰਗ ਪੱਤਰ ਦਿੱਤਾ। ਇਸ ਸਮੇਂ ਸ਼ਿੰਦਰਪਾਲ ਕੌਰ ਥਾਂਦੇਵਾਲਾ, ਗੁਰਮੀਤ ਕੌਰ ਗੋਨੇਆਣਾ, ਸਤਵੰਤ ਕੌਰ ਭੋਗਪੁਰ, ਦਲਜੀਤ ਕੌਰ ਬਰਨਾਲਾ, ਹਰਵਿੰਦਰ ਕੌਰ ਹੁਸ਼ਿਆਰਪੁਰ, ਗੁਰ ਅੰਮਿ੍ਰਤ ਕੌਰ ਸਿੱਧਵਾਂ ਬੇਟ, ਮਨਜੀਤ ਕੌਰ ਸੁਲਤਾਨਪੁਰ ਲੋਧੀ, ਸੁਨਿਰਮਲ ਕੌਰ ਗੁਰਦਾਸਪੁਰ, ਰੇਸ਼ਮਾਂ ਰਾਣੀ ਫਾਜਿਲਕਾ, ਜਸਵਿੰਦਰ ਕੌਰ ਪੱਟੀ, ਸੰਤੋਸ਼ ਕੌਰ ਵੇਰਕਾ, ਮਨਜੀਤ ਕੌਰ ਬਰਿਆਲੀ, ਰਾਜ ਕੌਰ ਘੱਲ-ਖੁਰਦ, ਬਲਵਿੰਦਰ ਕੌਰ ਮਾਨਸਾ ਆਦਿ ਆਗੂ ਮੌਜੂਦ ਸਨ।