ਕੋਟਕਪੂਰਾ, 3 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ’ਚ ਹੋ ਰਹੀਆਂ ਪੰਚਾਇਤੀ ਚੋਣਾਂ ’ਤੇ ਮੌਜੂਦਾ ਸਰਕਾਰ ਵਲੋਂ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਨਗੇ ਅਤੇ ਉਹਨਾਂ ਨੂੰ ਇਸ ਚੋਣਾਂ ’ਚ ਮੂੰਹ ਤੋੜਵਾ ਜਵਾਬ ਦੇਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਲਕਾ ਕੋਟਕਪੂਰਾ ਤੋਂ ਇੰਚਾਰਜ ਕੋਟਕਪੂਰਾ ਅਜੈਪਾਲ ਸਿੰਘ ਸੰਧੂ ਨੇ ਦੱਸਿਆ ਕਿ ਬੀਤੇ ਦਿਨੀ ਜੀਰਾ ਵਿਖੇ ਕਾਂਗਰਸ ਪਾਰਟੀ ਦੇ ਆਗੂਆਂ ਵਰਕਰਾਂ ਤੇ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਵਲੋਂ ਕੀਤੀ ਗਈ ਕਥਿੱਤ ਧੱਕੇਸ਼ਾਹੀ ਇਸ ਗੱਲ ਦਾ ਸਬੂਤ ਦਿੰਦੀ ਹੈ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ ਉਹਨਾਂ ਨੂੰ ਚਲਦਾ ਕਰਨ ਦੇ ਰੋਅ ਵਿੱਚ ਹਨ, ਜਿਸ ਦੇ ਡਰੋ ਮੌਜੂਦਾ ਸਰਕਾਰ ਨੇ ਕਥਿੱਤ ਧੱਕੇਸ਼ਾਹੀ ਕਰਦਿਆਂ ਕਾਂਗਰਸ ਪਾਰਟੀ ਦੇ ਆਗੂਆਂ ਉਮੀਦਵਾਰਾਂ ਨੂੰ ਕਾਗਜ ਭਰਨ ਤੋਂ ਵੀ ਰੋਕ ਰਹੀ ਹੈ, ਜਿਸ ਨਾਲ ਜਿੱਥੇ ਲੋਕਤੰਤਰ ਦਾ ਘਾਣ ਤਾਂ ਹੋ ਹੀ ਰਿਹਾ ਹੈ, ਨਾਲ ਹੀ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਬਣਾ ਦਿੱਤਾ ਹੈ। ਉਹਨਾਂ ਦੱਸਿਆ ਇਸ ਧੱਕੇਸ਼ਾਹੀ ’ਚ ਇੱਕ ਸਾਬਕਾ ਵਿਧਾਇਕ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਉਹਨਾਂ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਐਨੀ ਹਰਮਨ ਪਿਆਰੀ ਸੂਬੇ ’ਚ ਹੈ ਤਾਂ ਨਿਰੋਲ ਬਿਨਾਂ ਧੱਕੇਸ਼ਾਹੀ ਤੋਂ ਪੰਜਾਬ ਦੀਆਂ ਉਕਤ ਚੋਣਾਂ ਨਿਰਪੱਖ ਕਰਵਾਉਣ, ਜਿਸ ਦਾ ਨਤੀਜਾ ਜੋ ਆਵੇ, ਉਸ ਲੋਕ ਫਤਵੇ ਨੂੰ ਮਨਜੂਰ ਕਰੇ। ਉਹਨਾਂ ਦੱਸਿਆ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਨੂੰ ਆਉਂਦੀਆਂ ਹਰ ਚੋਣਾਂ ’ਚ ਸਬਕ ਸਿਖਾਉਣਗੇ ਅਤੇ ਕਾਂਗਰਸ ਪਾਰਟੀ ਨੂੰ ਫਿਰ ਤੋਂ ਪੰਜਾਬ ਦੀ ਸੱਤਾ ਸੰਭਾਲਣਗੇ।
