ਜੈਤੋ/ਕੋਟਕਪੂਰਾ, 5 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਲਵਰ ਆਕਸ ਸਕੂਲ, ਸੇਵੇਵਾਲਾ ਨੇ ਤੀਜੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਾਇੰਸ ਸਿਟੀ (ਕਪੂਰਥਲਾ) ਅਤੇ ਰੰਗਲਾ ਪੰਜਾਬ (ਜਲੰਧਰ) ਦੇ ਵਿਦਿਅਕ ਟੂਰ ਦਾ ਆਯੋਜਨ ਕੀਤਾ। ਇਸ ਟੂਰ ਦਾ ਉਦੇਸ਼ ਵਿਦਿਆਰਥੀਆਂ ਵਿੱਚ ਨਵੇਂ ਗਿਆਨ ਦਾ ਵਿਕਾਸ ਕਰਨਾ, ਉਨ੍ਹਾਂ ਦੀ ਸਿੱਖਿਆ ਵਿੱਚ ਵਾਧਾ ਕਰਨਾ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਭੌਤਿਕ, ਕੁਦਰਤੀ ਅਤੇ ਸਮਾਜਿਕ ਵਿਗਿਆਨ, ਇੰਜੀਨੀਅਰਿੰਗ, ਤਕਨਾਲੋਜੀ, ਖੇਤੀਬਾੜੀ, ਸਿਹਤ ਵਿਗਿਆਨ, ਊਰਜਾ, ਉਦਯੋਗ, ਮਨੁੱਖੀ ਵਿਕਾਸ ਅਤੇ ਸਭਿਅਤਾ, ਵਾਤਾਵਰਨ, ਈਕੋ ਸਿਸਟਮ ਅਤੇ ਜੁਰਾਸਿਕ ਪਾਰਕ ਤੋਂ ਵਿਗਿਆਨ ਦੀ ਲਗਭਗ ਹਰ ਸਾਖਾ ਦਾ ਪ੍ਰਦਰਸਨ ਕੀਤਾ ਗਿਆ। ਵਿਦਿਆਰਥੀਆਂ ਨੇ ਫਨ ਸਾਇੰਸ ਗੈਲਰੀ, ਸਪੇਸ ਐਂਡ ਐਵੀਏਸ਼ਨ ਗੈਲਰੀ, ਅਮੇਜਿੰਗ ਲਿਵਿੰਗ ਮਸ਼ੀਨ ਗੈਲਰੀ, ਸਪੋਰਟਸ ਗੈਲਰੀ, ਐਨਰਜੀ ਪਾਰਕ, ਵਰਚੁਅਲ ਰਿਐਲਿਟੀ ਗੈਲਰੀ, ਸਾਈਬਰ ਸਪੇਸ ਗੈਲਰੀ ਦਾ ਦੌਰਾ ਕੀਤਾ ਅਤੇ ਸਬੰਧਤ ਪੇਸ਼ਕਾਰੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਹ ਵਿਗਿਆਨ ਦੇ ਅਸਲ ਜੀਵਨ ਅਨੁਭਵਾਂ ਨੂੰ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਗੁੰਬਦ ਦੇ ਆਕਾਰ ਦੇ ਥੀਏਟਰ ਵਿੱਚ ਸਾਨਦਾਰ 3-ਡੀ ਸ਼ੋਅ, ਲੇਜਰ ਸੋਅ ਅਤੇ ਇੱਕ ਵਿਸ਼ੇਸ਼ ਸ਼ੋਅ, “ਡਾਇਨਾਸੋਰ ਦੀਆਂ ਵੱਖ-ਵੱਖ ਗਤੀਵਿਧੀਆਂ’’ ਨੂੰ ਦੇਖ ਕੇ ਆਨੰਦ ਲਿਆ। ਇਸ ਤੋਂ ਬਾਅਦ ਬੱਚੇ ‘ਕਲਾਈਮੇਟ ਚੇਂਜ ਜੋਨ’ ਵਿਚ ਗਏ। ਜਿੱਥੇ ਵਿਦਿਆਰਥੀਆਂ ਨੇ ਜਲਵਾਯੂ ਪਰਿਵਰਤਨ ਅਤੇ ਜਰੂਰੀ ਸਾਵਧਾਨੀਆਂ ਬਾਰੇ ਸਿੱਖਿਆ ਆਉਣ ਵਾਲੀ ਪੀੜੀ ਦੇ ਭਵਿੱਖ ਬਾਰੇ ਚਾਨਣਾ ਪਾਇਆ। ਜਲੰਧਰ ਵਿਖੇ ਰੰਗਲਾ ਪੰਜਾਬ ਹਵੇਲੀ ਜੋ ਕਿ ਸੱਭਿਆਚਾਰਕ ਅਜਾਇਬ ਘਰ ਅਤੇ ਸ਼ੋਅ ਹਾਊਸ ਹੈ, ਜਿਸ ’ਚ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ, ਕਲਾ ਅਤੇ ਰਵਾਇਤੀ ਜੀਵਨ ਸੈਲੀ ਬਾਰੇ ਜਾਣਕਾਰੀ ਦਿੱਤੀ ਗਈ। ਰੰਗਲਾ ਪੰਜਾਬ ਵਿਖੇ ਵਿਦਿਆਰਥੀਆਂ ਨੂੰ ਕੰਪਲੈਕਸ ਲਾਈਵ ਪ੍ਰਦਰਸ਼ਨ, ਲੋਕ ਨਾਚ, ਜਾਦੂ ਦੇ ਸ਼ੋਅ ਅਤੇ ਕੱਠਪੁਤਲੀ ਸ਼ੋਅ ਵੀ ਵਿਖਾਏ ਗਏ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਪੁਰਾਣੇ ਰੀਤੀ ਰਿਵਾਜ, ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣੂੰ ਕਰਵਾਇਆ ਗਿਆ। ਇਸ ਤੋਂ ਬਾਅਦ ਰੰਗਲਾ ਪੰਜਾਬ ਵਿਖੇ ਵਿਦਿਆਰਥੀਆਂ ਲਈ ਸੁਆਦੀ ਭੋਜਨ ਦਾ ਪ੍ਰਬੰਧ ਕੀਤਾ ਗਿਆ। ਜਿੱਥੇ ਵਿਦਿਆਰਥੀਆਂ ਨੇ ਪੰਜਾਬੀ ਪਕਵਾਨਾਂ ਦਾ ਆਨੰਦ ਮਾਣਿਆ। ਇਸ ਯਾਤਰਾ ਦੌਰਾਨ ਬੱਚਿਆਂ ਦੇ ਉਤਸਾਹ ਅਤੇ ਆਨੰਦ ਨੂੰ ਦੇਖਦਿਆਂ ਸਕੂਲ ਦੀ ਪਿ੍ਰੰਸੀਪਲ ਪਿ੍ਰਅੰਕਾ ਮਹਿਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਜਾਣਕਾਰੀ ਭਰਪੂਰ ਟੂਰ ਆਯੋਜਿਤ ਕਰਦੇ ਰਹਿਣਗੇ। ਉਹਨਾਂ ਇਹ ਵੀ ਕਿਹਾ ਕਿ ਅਜਿਹੇ ਟੂਰ ਦਾ ਪ੍ਰਬੰਧ ਕਰਨਾ ਵਿਦਿਆਰਥੀਆਂ ਦੇ ਮਨੋਰੰਜਨ ਦੇ ਨਾਲ-ਨਾਲ ਗਿਆਨ ’ਚ ਵੀ ਵਾਧਾ ਕਰਨਾ ਹੁੰਦਾ ਹੈ। ਇਹ ਇੱਕ ਜਾਣਕਾਰੀ ਭਰਪੂਰ ਅਤੇ ਆਨੰਦਦਾਇਕ ਟੂਰ ਸੀ।