ਕੋਟਕਪੂਰਾ, 6 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਅਤੇ ਖੂਨਦਾਨ ਦੇ ਖੇਤਰ ਵਿੱਚ 24 ਘੰਟੇ ਯਤਨਸ਼ੀਲ ਰਹਿਣ ਵਾਲੀ ਸੰਸਥਾ ‘ਪੀ.ਬੀ.ਜੀ. ਵੈਲਫੇਅਰ ਕਲੱਬ’ ਨੂੰ ਜੈਪੁਰ ਵਿਖੇ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਅਤੇ ਚੇਅਰਮੈਨ ਬਲਜੀਤ ਸਿੰਘ ਖੀਵਾ ਮੁਤਾਬਿਕ ਦੇਸ਼ ਭਰ ਦੀਆਂ ਅਜਿਹੀਆਂ ਕਲੱਬਾਂ ਨੂੰ ਸਨਮਾਨਿਤ ਕਰਨ ਲਈ ‘ਜੈਪੁਰ’ ਵਿਖੇ ਹੋਏ ਸਮਾਗਮ ਦੌਰਾਨ ਪੰਜਾਬ ਨੂੰ ਦੇਸ਼ ਭਰ ਵਿੱਚੋਂ ਤੀਜਾ ਨੰਬਰ ਪ੍ਰਾਪਤ ਹੋਇਆ। ਪੰਜਾਬ ਭਰ ਵਿੱਚੋਂ ਤਿੰਨ ਅਜਿਹੀਆਂ ਟੀਮਾ ਜੈਪੁਰ ਵਿਖੇ ਗਈਆਂ ਸਨ, ਜਿੰਨਾ ਵਿੱਚ ਪੀ.ਬੀ.ਜੀ. ਵੈਲਫੇਅਰ ਕਲੱਬ ਵਲੋਂ ਰਵੀ ਅਰੋੜਾ ਅਤੇ ਗੁਰਪ੍ਰੀਤ ਸਿੰਘ ਗੋਪੀ ਨੇ ਸ਼ਿਰਕਤ ਕੀਤੀ। ਏ.ਬੀ.ਟੀ.ਵਾਈ.ਪੀ ਦੇ ਪ੍ਰਬੰਧਕਾਂ ਦੀਆਂ ਹਦਾਇਤਾਂ ਮੁਤਾਬਿਕ ਉੱਥੇ ਪੰਜਾਬੀ ਪਹਿਰਾਵੇ ਵਿੱਚ ਆਉਣਾ ਜਰੂਰੀ ਸੀ, ਇਸ ਲਈ ਰਵੀ ਅਰੋੜਾ ਅਤੇ ਗੁਰਪ੍ਰੀਤ ਸਿੰਘ ਨੇ ਮਾਂ ਬੋਲੀ ਪੰਜਾਬੀ ਦੀ ਪੈਂਤੀ ਅੱਖਰਾਂ ਵਾਲੀਆਂ ਲੋਈਆਂ ਦੀ ਬੁੱਕਲ ਮਾਰੀ ਹੋਈ ਸੀ, ਜਿਸ ਦੀ ਖੂਬ ਪ੍ਰਸੰਸਾ ਕੀਤੀ ਗਈ। ਕਲੱਬ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਅਨੁਸਾਰ ਪੰਜਾਬ ਦੀਆਂ ਟੀਮਾ ਦੀ ਅਗਵਾਈ ਡਾ ਸੁਨੀਤਾ ਭਗਤ ਵਲੋਂ ਕੀਤੀ ਗਈ ਅਤੇ ਉਸ ਟੀਮ ਵਿੱਚ ਡਾ ਸੁਖਵਿੰਦਰ ਵੀ ਸ਼ਾਮਲ ਸਨ। ਉਹਨਾ ਦੱਸਿਆ ਕਿ ਮੰਚ ਤੋਂ ਬੁਲਾਰਿਆਂ ਵਲੋਂ ਪੀ.ਬੀ.ਜੀ. ਵੈਲਫੇਅਰ ਕਲੱਬ ਦੀ ਇਸ ਗੱਲੋਂ ਵੀ ਪ੍ਰਸੰਸਾ ਕੀਤੀ ਗਈ ਕਿ ਕਲੱਬ ਨੇ ਸਰਕਾਰੀ ਹਸਪਤਾਲਾਂ ਨਾਲ ਤਾਲਮੇਲ ਰੱਖ ਕੇ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਸਮੇਤ ਹੋਰ ਵੀ ਮੁਸੀਬਤਾਂ ਸਮੇਂ ਬਲੱਡ ਬੈਂਕਾਂ ਨੂੰ ਵੱਖ ਵੱਖ ਗਰੁੱਪਾਂ ਦੇ ਖੂਨ ਯੂਨਿਟ ਮੁਹੱਈਆ ਕਰਵਾਏ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਖੂਨਦਾਨ ਦੇ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ।