ਫਰੀਦਕੋਟ 15 ਜਨਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਕੋਈ ਸਮਾਂ ਹੁੰਦਾ ਸੀ ਜਦ ਧੀ ਦਾ ਜਨਮ ਹੁੰਦਾ ਸੀ ਤਾਂ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਸੀ।ਧੀ ਦਾ ਜਨਮ ਲੈਣਾ ਪਰਿਵਾਰ ਤੇ ਬੋਝ ਮੰਨਿਆਂ ਜਾਂਦਾ ਸੀ। ਉਸ ਸਮੇਂ ਲੋਕ ਧੀਆਂ ਨੂੰ ਜੰਮਦਿਆਂ ਹੀ ਮਾਰ ਦਿੰਦੇ ਸਨ। ਫੇਰ ਸਾਇੰਸ ਨੇ ਤਰੱਕੀ ਕੀਤੀ ਤਾਂ ਅਲਟਰਾਸਾਉੰਡ ਮਸ਼ੀਨਾਂ ਹੋਂਦ ਵਿੱਚ ਆਈਆਂ। ਲੋਕ ਗਰਭ ਵਿੱਚ ਹੀ ਪਲ ਰਹੇ ਬੱਚੇ ਦਾ ਪਤਾ ਕੁੱਖ ਵਿੱਚ ਹੀ ਲਗਾਉਣ ਲੱਗੇ ਅਤੇ ਧੀ ਨੂੰ ਜਨਮ ਤੋਂ ਪਹਿਲੋਂ ਹੀ ਕੁੱਖ ਵਿਚ ਹੀ ਮਾਰਨ ਲੱਗੇ। ਪਰ, ਅੱਜ ਸਮਾਂ ਬਦਲ ਚੁੱਕਾ ਹੈ ਲੋਕ ਪੜੇ ਲਿਖੇ ਹੋ ਗਏ ਹਨ। ਧੀਆਂ ਨੂੰ ਵੀ ਪੁੱਤਾਂ ਦੇ ਬਰਾਬਰ ਮਾਣ ਸਨਮਾਨ ਮਿਲਣ ਲੱਗਾ ਹੈ।ਲੋਕ ਪੁੱਤਾਂ ਵਾਂਗੂੰ ਹੀ ਕੁੜੀਆਂ ਦਾ ਪਾਲਣ ਪੋਸ਼ਣ ਕਰ , ਪੜਾਈ ਕਰਵਾਉਣ ਲੱਗੇ ਹਨ ।ਅੱਜ ਸਾਡੀਆਂ ਧੀਆਂ ਉਚੇਰੀ ਸਿੱਖਿਆ ਹਾਸਿਲ ਕਰਕੇ ਡਾਕਟਰ, ਇੰਜਨੀਅਰ,ਵਿਗਿਆਨੀ ਬਣ ਰਹੀਆਂ ਹਨ। ਜਿਸ ਕਰਕੇ ਅੱਜ ਸਿਵਲ ਅਤੇ ਡਿਫੈਂਸ ਮਹਿਕਮਿਆਂ ਵਿੱਚ ਕੁੜੀਆਂ ਦਾ ਬੋਲਬਾਲਾ ਹੈ। ਅੱਜ ਕੁੜੀਆਂ ਜਲ ਸੈਨਾਂ , ਹਵਾਈਂ ਸੈਨਾਂ,ਥਲ ਸੈਨਾਂ ਵਿੱਚ ਵੱਡੇ ਰੈਂਕ ਦੀਆਂ ਪੋਸਟਾਂ ਤੇ ਤਾਇਨਾਤ ਹਨ ਅਤੇ ਬਾਰਡਰਾਂ ਤੇ ਖੜ ਦੇਸ਼ ਦੀ ਸੁਰੱਖਿਆ ਕਰ ਰਹੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਰਿਹ ਚੁੱਕੇ ਪ੍ਰਿੰਸੀਪਲ ਕੁਲਦੀਪ ਕੌਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਉਹਨਾਂ ਕਿਹਾਂ ਕਿ ਅੱਜ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਫਰੀਦਕੋਟ ਜ਼ਿਲ੍ਹੇ ਦੀ ਕਮਾਨ ਔਰਤਾਂ ਦੇ ਹੱਥ ਵਿੱਚ ਹੈ ਜਿਹੜੀ ਕਿ ਸਾਡੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ। । ਉਹਨਾਂ ਕਿਹਾ ਕਿ ਅੱਜ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਮਤੀ ਪੂਨਮਜੀਤ ਕੌਰ, ਡਵੀਜ਼ਨ ਫਰੀਦਕੋਟ ਰੇਂਜ ਦੇ ਆਈ ਜੀ ਨਿਲਾਬਰੀ ਜਗਦਲੇ,ਐਸ ਐਸ ਪੀ ਡਾਕਟਰ ਪ੍ਰਗਿਆ ਜੈਨ, ਜੋ ਕਿ ਬਹੁਤ ਵਧੀਆਂ,ਮਿਹਨਤੀ, ਅਧਿਕਾਰੀ ਹਨ । ਜਿਸ ਕਰਕੇ ਅੱਜ ਕੁੜੀਆਂ ਨੂੰ ਵੀ ਪੁੱਤਾਂ ਦੇ ਬਰਾਬਰ ਹੀ ਸਮਝਿਆਂ ਜਾਂਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਕੁਲਦੀਪ ਕੌਰ ਨੇ ਅੱਗੇ ਕਿਹਾ ਕਿ ਹੁਣ ਕੁੜੀਆਂ ਮੁੰਡਿਆਂ ਤੋਂ ਕਿਸੇ ਵੀ ਗੱਲ ਤੋਂ ਘੱਟ ਨਹੀਂ ਹੈ । ਲੋਕ ਪੁਰਾਣੀ ਰੂੜੀਵਾਦੀ ਸੋਚ ਨੂੰ ਤਿਆਗ ਕੇ ਨਵੀਂ ਸੋਚ ਅਪਣਾ ਰਹੇ ਹਨ। ਜਿਸ ਕਰਕੇ ਲੋਕ ਧੀਆਂ ਜੰਮਣ ਤੇ ਸੋਗ ਨਹੀਂ ਸਗੋਂ ਖੁਸ਼ੀ ਮਨਾਉਂਦੇ ਨੇ ,ਲੋਕ ਚਾਈਂ ਚਾਈਂ ਨਿੰਮ ਵੀ ਬੰਨਦੇ ਨੇ , ਅਤੇ ਧੀਆਂ ਦੀ ਲੋਹੜੀ ਵੀ ਚਾਵਾਂ ਨਾਲ ਮਨਾਉਂਦੇ ਹਨ ਅਤੇ ਸਾਨੂੰ ਮਨਾਉਣੀ ਵੀ ਚਾਹੀਦੀ ਹੈ। ਜਿਹੜੇ ਲੋਕ ਧੀਆਂ ਦੀ ਲੋਹੜੀ ਮਨਾ ਰਹੇ ਹਨ ਉਹਨਾਂ ਨੂੰ ਪ੍ਰਿੰਸੀਪਲ ਕੁਲਦੀਪ ਕੌਰ ਵੱਲੋਂ ਵਧਾਈ ਦਿੱਤੀ ਗਈ।

