
ਸੰਗਰੂਰ 15 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਦਿੱਲੀ ਕਿਸਾਨ ਅੰਦੋਲਨ ਸਾਲ 2020-2021 ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਦੀ ਮੀਟਿੰਗ ਗੁਰਦੁਆਰਾ ਗੁਰਸਾਗਰ, ਮਸਤੂਆਣਾ ਸਾਹਿਬ ਸੰਗਰੂਰ ਵਿਖੇ ਸ ਜਸਵੰਤ ਸਿੰਘ ਖਹਿਰਾ ਜੀ ਦੀ ਰਹਿਨੁਮਾਈ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ ਸੁਭਾਸ਼ ਚੰਦ ਵੱਲੋਂ ਦੱਸਿਆ ਗਿਆ ਕਿ ਦਿੱਲੀ ਦੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਪੂਰੇ ਭਾਰਤ ਵੱਲੋਂ ਕੀਤਾ ਗਿਆ। ਜਿਸ ਵਿੱਚ ਸਭ ਤੋਂ ਅਹਿਮ ਭੂਮਿਕਾ ਪੰਜਾਬ ਸੂਬੇ ਦੀਆਂ ਸਮੁੱਚੀਆਂ ਕਿਸਾਨ/ਮਜਦੂਰ ਜਥੇਬੰਦੀਆਂ ਵੱਲੋਂ ਨਿਭਾਈ। ਇਸ ਅੰਦੋਲਨ ਦੌਰਾਨ ਪੰਜਾਬ ਦੇ 800 ਦੇ ਲਗਭਗ ਕਿਸਾਨ / ਮਜਦੂਰ ਸ਼ਹੀਦ ਹੋਏ, ਇਨ੍ਹਾ ਸ਼ਹੀਦਾਂ ਪ੍ਰੀਵਾਰਾਂ ਦੇ ਵਾਰਸਾਂ ਦੀ ਬਾਂਹ ਉਸ ਸਮੇਂ ਦੀ ਸਰਕਾਰ ਵੱਲੋਂ ਫੜਦਿਆ ਹਰੇਕ ਸ਼ਹੀਦ ਪ੍ਰੀਵਾਰ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਪ੍ਰੀਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਪੱਕੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ। ਇਸ ਪਾਲਿਸੀ ਦੇ ਲਾਗੂ ਹੋਣ ਨਾਲ ਸਮੂਹ ਸ਼ਹੀਦ ਪ੍ਰੀਵਾਰਾਂ ਨੂੰ ਰਾਹਤ ਮਹਿਸੂਸ ਹੋਈ। ਜਿਸ ਤਹਿਤ ਹੁਣ ਤੱਕ 750 ਸ਼ਹੀਦ ਪ੍ਰੀਵਾਰਾਂ ਦੇ ਵਾਰਸਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਹਨ। ਪਰੰਤੂ ਕੁੱਝ ਪ੍ਰੀਵਾਰਾਂ ਨੂੰ ਨੌਕਰੀਆਂ ਹਾਲੇ ਤੱਕ ਵੀ ਪ੍ਰਾਪਤ ਨਹੀ ਹੋਈਆਂ ਅਤੇ ਕੁਝ ਸ਼ਹੀਦ ਪ੍ਰੀਵਾਰਾਂ ਨੂੰ ਹਾਲੇ ਤੱਕ ਮੁਆਵਜੇ ਵੀ ਨਹੀ ਦਿੱਤੇ ਗਏ। ਸ਼ਹੀਦ ਪ੍ਰੀਵਾਰਾਂ ਦੇ 50-60 ਕੇਸ ਅਜਿਹੇ ਪੈਡਿੰਗ ਪਏ ਹਨ, ਜਿਨ੍ਹਾ ਨੂੰ ਸਰਕਾਰ ਵੱਲੋਂ ਨੌਕਰੀਆਂ ਦੇਣ ਲਈ ਕਿਸੇ ਵੀ ਤਰ੍ਹਾ ਦੇ ਕੋਈ ਉਪਰਾਲੇ ਨਹੀ ਕੀਤੇ ਜਾ ਰਹੇ ਅਤੇ ਵਾਰਸ ਇਹ ਨੌਕਰੀਆਂ ਪ੍ਰਾਪਤ ਕਰਨ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਸਰਕਾਰ ਵੱਲੋਂ ਇਸ ਵਿਸ਼ੇ ਵੱਲ ਬਿਲਕੁਲ ਵੀ ਧਿਆਨ ਨਹੀ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਸ਼੍ਰੀ ਦਰਬਾਰਾ ਸਿੰਘ ਸਿੱਧੂ ਆਤਮ ਪ੍ਰਗਾਸ ਸ਼ੋਸ਼ਲ ਵੈਲਫੇਅਰ ਕੌਂਸਲ ਲੁਧਿਆਣਾ ਦੇ ਨੁਮਾਇੰਦੇ ਵੱਲੋਂ ਪਾਲਿਸਿਆ ਵਾਰੇ ਜਾਣੂ ਕਰਵਾਇਆ ਗਿਆ ਅਤੇ ਨੂੰਹ, ਭਤੀਜਾ, ਭਤੀਜੀ,ਦੋਹਤਾ, ਦੋਹਤੀ ਦੇ ਕੇਸ ਵੀ ਪਾਲਿਸੀ ਵਿਚ ਸ਼ਾਮਲ ਕਰਵਾਉਣ ਲਈ ਉਪਰਾਲੇ ਕਰਨ ਤੇ ਜ਼ੋਰ ਪਾਇਆ ਗਿਆ ਅਤੇ ਸ਼ਹੀਦਾਂ ਦੇ ਰਹਿੰਦੇ ਕੰਮ ਕਰਵਾਉਣ ਲਈ ਸਮੂਹ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿਨ੍ਹੇ ਵੀ ਸ਼ਹੀਦ ਪ੍ਰੀਵਾਰ ਨੌਕਰੀਆਂ / ਵਿੱਤੀ ਸਹਾਇਤਾ ਤੋਂ ਵਾਝੇ ਹਨ, ਉਹਨਾਂ ਨੂੰ ਤੁਰੰਤ ਨੌਕਰੀਆਂ ਅਤੇ ਮੁਆਵਜੇ ਦਿੱਤੇ ਜਾਣ ਤਾਂ ਜੋ ਸ਼ਹੀਦ ਪ੍ਰੀਵਾਰਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲ ਸਕੇ। ਇਸ ਮੌਕੇ ਨੌਕਰੀਆਂ ਤੋਂ ਵਾਝੇ ਰਹਿੰਦੇ ਸ਼ਹੀਦ ਪ੍ਰੀਵਾਰਾਂ ਦੇ ਵਾਰਸ ਵੱਲੋ ਵੱਡੀ ਗਿਣਤੀ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਰੂਪ ਸਿੰਘ, ਗਿਆਨ ਸਿੰਘ ਦੋਦੜਾ, ਡਾ. ਅਮਨਦੀਪ ਕੌਰ ਬਾਠ, ਅਮਨਿੰਦਰ ਕੌਰ ਨੇ ਵੀ ਸੰਬੋਧਨ ਕੀਤਾ।

