ਅਹਿਮਦਗੜ੍ਹ 15 ਜਨਵਰੀ,(ਅਜੀਤ ਸਿੰਘ)/ਵਰਲਡ ਪੰਜਾਬੀ ਟਾਈਮਜ਼ )
ਸਾਹਿਤ ਤੇ ਪੱਤਰਕਾਰੀ ਦੇ ਖੇਤਰ ਵਿੱਚ ਆਪਣਾ ਵਿਸ਼ੇਸ਼ ਨਾਂਅ ਕਮਾਉਣ ਵਾਲੀ,ਪੰਜਾਬ ਭਵਨ ਸਬ ਆਫਿਸ ਜਲੰਧਰ ਦੀ ਕਰਤਾ ਧਰਤਾ ਤੇ ਮੈਨੇਜਿੰਗ ਡਾਇਰੈਕਟਰ ਆਫ ਇੰਡੀਆ ਚੈਪਟਰ ਰਹਿ ਚੁੱਕੀ ਹੈ। ਮੌਜੂਦਾ ਸਮੇਂ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਮੀਡੀਆ ਮੈਨੇਜਰ ਵਜੋਂ ਸੇਵਾ ਨਿਭਾ ਰਹੇ,ਦੇਸ਼ ਵਿਦੇਸ਼ ਵਿੱਚ ਮਾਂ ਬੋਲੀ ਪੰਜਾਬੀ, ਸਾਹਿਤ, ਸਿੱਖਿਆ ਤੇ ਧਾਰਮਿਕ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਸਾਹਿਤ ਕਲਾ ਮੰਚ (ਰਜਿ:) ਅਹਿਮਦਗੜ੍ਹ ਵੱਲੋਂ “ਪੰਜਾਬ ਦੀ ਧੀ ਪੁਰਸਕਾਰ” ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਸਾਹਿਤ ਕਲਾ ਮੰਚ ਦੇ ਪ੍ਰਧਾਨ ਅਮਨਦੀਪ ਦਰਦੀ ਨੇ ਕਿਹਾ ਕਿ ਇਸ ਸ਼ਖਸ਼ੀਅਤ ਦੀ ਕਿਸਾਨ ਅੰਦੋਲਨ ਦੌਰਾਨ ਇੱਕ ਕਿਤਾਬ “ਜੂਝਦੇ ਖੇਤਾਂ ਦੀ ਗਰਜ਼” ਵੀ ਪ੍ਰਕਾਸ਼ਿਤ ਹੋ ਚੁੱਕੀ ਹੈ। ਜਿਸਨੂੰ ਚੌਥੀ ਪੰਜਾਬੀ ਕੌਮਾਂਤਰੀ ਕਾਨਫਰੰਸ ਸਰੀ (ਕੈਨੇਡਾ) ਵਿਖੇ ਲੋਕ ਅਰਪਣ ਕੀਤਾ ਗਿਆ ਹੈ, ਤੇ ਇਸ ਕਿਤਾਬ ਦੀ ਸੰਪਾਦਨਾ ਨੇ ਪ੍ਰੀਤ ਹੀਰ ਦੀ ਇੱਕ ਚੇਤੰਨ ਸੰਪਾਦਕ ਵਜੋਂ ਦੇਸ਼ ਵਿਦੇਸ਼ ਵਿੱਚ ਪਹਿਚਾਣ ਬਣਾਈ ਹੈ। ਸਨਮਾਨਿਤ ਸ਼ਖਸੀਅਤ ਪ੍ਰੀਤ ਹੀਰ ਨੇ ਆਪਣੇ ਧੰਨਵਾਦੀ ਸ਼ਬਦਾਂ ਦੌਰਾਨ ਕਿਹਾ ਕਿ ਉਸ ਨੂੰ ਪੰਜਾਬੀ ਮਾਂ ਬੋਲੀ ਪ੍ਰਤੀ ਚੰਗੀਆਂ ਸੇਵਾਵਾਂ ਨਿਭਾਉਣ ਕਰਕੇ ਸੰਨ 2022 ਵਿੱਚ “ਮਾਣ-ਮੱਤੀ ਪੰਜਾਬਣ ਐਵਾਰਡ” ਪੰਜਾਬੀ ਲਿਖਾਰੀ ਸਭਾ ਜਲੰਧਰ ਵੱਲੋਂ “ਪੰਜਾਬੀ ਮਾਂ ਬੋਲੀ ਦਾ ਮਾਣ” ਯੂਥ ਵੈਲਫੇਅਰ ਕਲੱਬ (ਰਜਿ:) ਨਕੋਦਰ ਵੱਲੋਂ ਸਾਹਿਤ ਸਿਰਜਣਾ ਕੇਂਦਰ ਕਪੂਰਥਲਾ, ਸਰਦਾਰ ਬਸੰਤ ਸਿੰਘ ਖਾਲਸਾ ਟਰੱਸਟ ਸੰਗਰੂਰ,ਸਿੱਖ ਐਜੂਕੇਸ਼ਨ ਕੌਂਸਲ ਯੂ ਕੇ, ਤੇ ਹੋਰ ਬਹੁਤ ਸਾਰੀਆਂ ਸਮਾਜ ਸੇਵੀ ਧਾਰਮਿਕ ਤੇ ਸਾਹਿਤਕ ਸੰਸਥਾਵਾਂ ਵੱਲੋਂ ਵੀ ਭਾਵੇਂ ਬਹੁਤ ਸਾਰੇ ਮਾਣ ਸਨਮਾਨ ਮਿਲ ਚੁੱਕੇ ਹਨ ,ਪਰ ਅੱਜ ਸਾਹਿਤ ਕਲਾ ਮੰਚ ਅਹਿਮਦਗੜ੍ਹ ਵੱਲੋਂ ਉਸ ਨੂੰ “ਧੀ ਪੰਜਾਬ ਦੀ ਐਵਾਰਡ” ਪੁਰਸਕਾਰ ਦੇ ਕੇ ਉਹ ਆਪਣੇ ਆਪ ਵਿੱਚ ਇੱਕ ਮਾਣ ਮਹਿਸੂਸ ਕਰਦਿਆਂ ਇਹ ਵੀ ਮਹਿਸੂਸ ਕਰਦੀ ਹੈ ਕਿ ਇਸ ਪੁਰਸਕਾਰ ਮਿਲਣ ਨਾਲ ਉਸ ਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਹਨ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਉਹ ਸਮੁੱਚੇ ਦੇਸ਼ ਵਾਸੀਆਂ ਨੂੰ ਇਹ ਯਕੀਨ ਦਿਵਾਉਂਦੀ ਹੈ ਕਿ ਉਹ ਭਵਿੱਖ ਵਿੱਚ ਇਸ ਤਰ੍ਹਾਂ ਹੀ ਵਿਦਿਆਰਥੀਆਂ ਦੇ ਭਵਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਕਾਰਜਸ਼ੀਲ ਰਹੇਗੀ । ਮੁੱਖ ਮਹਿਮਾਨ ਵਜੋਂ ਪਧਾਰੇ ਮਾਰਕੀਟ ਕਮੇਟੀ ਅਹਿਮਦਗੜ੍ਹ ਦੇ ਚੇਅਰਮੈਨ ਕਮਲਜੀਤ ਸਿੰਘ ਉੱਭੀ ਨੇ ਕਿਹਾ ਕਿ ਇਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਅਸੀਂ ਅਕਸਰ ਪੰਜਾਬੀ ਅਖ਼ਬਾਰਾਂ ਅਤੇ ਹੋਰ ਮੈਗਜ਼ੀਨਾਂ ਵਿੱਚ ਅਕਸਰ ਪੜ੍ਹਦੇ ਸੀ,ਪਰ ਅੱਜ ਇਨ੍ਹਾਂ ਦੇ ਰੂਬਰੂ ਹੋ ਕੇ ਇਨ੍ਹਾਂ ਦੀਆਂ ਸਾਹਿਤ,ਸਿੱਖਿਆ ਤੇ ਧਰਮ ਦੇ ਖੇਤਰ ਵਿੱਚ ਕਾਰਗੁਜ਼ਾਰੀਆਂ ਬਾਰੇ ਜਾਣਕਾਰੀ ਹਾਸਿਲ ਕਰਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ। ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ (ਰਜਿ:) ਅਹਿਮਦਗੜ੍ਹ ਪ੍ਰਧਾਨ ਨਿਰਮਲ ਸਿੰਘ ਪੰਧੇਰ ਨੇ ਪ੍ਰੀਤ ਹੀਰ ਨੂੰ ਇਕ ਵਿਸ਼ੇਸ਼ ਧਾਰਮਿਕ ਚਿੰਨ,ਗਰਮ ਸ਼ਾਲ ਭੇਟ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਇੱਕ ਸਾਹਿਤਕ ਗਰੁੱਪ ਵੀ ਬਹੁਤ ਪ੍ਰੇਰਨਾ ਦਾ ਸਰੋਤ ਹੈ। ਜਿਸ ਵਿਚ ਦੇਸ਼ਾਂ ਵਿਦੇਸ਼ਾਂ ਦੀਆਂ ਵੱਡੀਆਂ ਸਾਹਿਤਕ ਸ਼ਖ਼ਸੀਅਤਾਂ ਜੁੜੀਆਂ ਹੋਈਆਂ ਹਨ। ਇਸ ਮੌਕੇ ਅਹਿਮਦਗੜ੍ਹ ਸਿਟੀ ਟਾਈਮਜ਼ ਦੇ ਸੰਪਾਦਕ ਅਜੀਤ ਸਿੰਘ ਰਾਜੜ ਨੇ ਕਿਹਾ ਕਿ ਇਸ ਸਨਮਾਨਿਤ ਸ਼ਖਸ਼ੀਅਤ ਵੱਲੋਂ ਉਸਾਰੂ ਸਾਹਿਤ ਦੀਆਂ ਕਿਤਾਬਾਂ ਪ੍ਰਕਾਸ਼ਿਤ ਕਰਵਾਕੇ, ਉਹ ਕਿਤਾਬਾਂ ਲੋਕ ਅਰਪਣ ਕਰਵਾਉਣ ਤੇ ਕਿਤਾਬਾਂ ਉੱਪਰ ਵਿਚਾਰ ਚਰਚਾ ਕਰਵਾਉਣ ਦਾ ਵੱਡਮੁੱਲਾ ਕਾਰਜ ਵੀ ਕਰਵਾਇਆ ਜਾਂਦਾ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਵੰਤ ਸਿੰਘ ਸੋਹਲ, ਡਾ.ਰੁਪਿੰਦਰ ਸਿੰਘ ਸਰਾਂ, ਮਨਿੰਦਰਜੀਤ ਸਿੰਘ ਥਿੰਦ, ਅਵਤਾਰ ਸਿੰਘ ਵਿਰਦੀ, ਭਾਗ ਸਿੰਘ ਦਰਦੀ,ਪ੍ਰਸਿੱਧ ਫੋਟੋ ਗ੍ਰਾਫਰ ਅਤੁਲ ਜੋਸ਼ੀ, ਪਰਮਜੀਤ ਕੌਰ, ਅਨੀਤਾ ਵਰਮਾ, ਰਣਧੀਰ ਸਿੰਘ ਮਾਜਰੀ, ਗੌਰਵ ਵਰਮਾ ਵੀ ਹਾਜ਼ਰ ਸਨ।
