ਸਰੀ, 16 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ–ਡੈਲਟਾ ਵੱਲੋਂ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸੈਂਟਰ ਦੇ ਹੇਠਲੇ ਹਾਲ ਵਿੱਚ ਬਜ਼ੁਰਗਾਂ ਨੇ ਇਕੱਠੇ ਹੋ ਕੇ ਲੋਹੜੀ ਦੀਆਂ ਰਿਵਾਇਤਾਂ ਨੂੰ ਜੀਵੰਤ ਕੀਤਾ, ਜਦਕਿ ਉਪਰਲੇ ਹਾਲ ਵਿੱਚ ਲੇਡੀਜ਼ ਗਰੁੱਪ ਨੇ ਸੰਗੀਤਮਈ ਪ੍ਰੋਗਰਾਮ ਰਾਹੀਂ ਸਮਾਗਮ ਨੂੰ ਹੋਰ ਰੰਗੀਨ ਬਣਾਇਆ।
ਸਮਾਗਮ ਦੌਰਾਨ ਲੋਕ-ਗੀਤਾਂ ਅਤੇ ਰਸ-ਭਰੀਆਂ ਕਵਿਤਾਵਾਂ ਨੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਬਜ਼ੁਰਗ ਸਾਥੀਆਂ ਨੇ ਝੂਮਦੇ ਹੋਏ ਲੋਹੜੀ ਦੇ ਗੀਤਾਂ ਦਾ ਆਨੰਦ ਮਾਣਿਆ ਅਤੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ। ਲੇਡੀਜ਼ ਹਾਲ ਵਿੱਚ ਵੀ ਗੀਤ-ਸੰਗੀਤ ਅਤੇ ਕਵਿਤਾ ਪਾਠ ਰਾਹੀਂ ਸਰਦੀ ਦੇ ਇਸ ਲੋਕ ਤਿਉਹਾਰ ਦੀ ਮਹੱਤਤਾ ਉਜਾਗਰ ਕੀਤੀ ਗਈ।
ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਬਜ਼ੁਰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦਾ ਮੁੱਖ ਉਦੇਸ਼ ਬਜ਼ੁਰਗਾਂ ਨੂੰ ਇਕੱਠਾ ਕਰਕੇ ਉਨ੍ਹਾਂ ਲਈ ਖੁਸ਼ਗਵਾਰ ਅਤੇ ਸੱਭਿਆਚਾਰਕ ਵਾਤਾਵਰਣ ਪ੍ਰਦਾਨ ਕਰਨਾ ਹੈ। ਉਨ੍ਹਾਂ ਸਮਾਗਮ ਦੀ ਸਫਲਤਾ ਲਈ ਸਾਰੇ ਸਹਿਯੋਗੀਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਇਸ ਮੌਕੇ ‘ਤੇ ਮਿਠਿਆਈ, ਰੇਵੜੀਆਂ ਅਤੇ ਚਾਹ-ਪਾਣੀ ਦੀ ਸੇਵਾ ਮਹਿੰਦਰ ਸਿੰਘ ਤੱਗੜ ਵੱਲੋਂ ਕੀਤੀ ਗਈ, ਜਿਸ ਲਈ ਸਾਰੇ ਹਾਜ਼ਰੀਨ ਨੇ ਉਨ੍ਹਾਂ ਦਾ ਖ਼ਾਸ ਧੰਨਵਾਦ ਕੀਤਾ।
