ਫਰੀਦਕੋਟ 21 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ) ਜੀ ਨਿਮੰਤਰਿਤ ਕਾਰਜਕਾਰਨੀ ਦੀ ਮੀਟਿੰਗ ਮਿਤੀ 20 ਜਨਵਰੀ 2026 ਦਿਨ ਐਤਵਾਰ ਨੂੰ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਸਹਿਯੋਗ ਨਾਲ ਸਾਹਿਤ ਭਵਨ ਸੰਗਰੂਰ ਵਿਖੇ ਹੋਈ ਜਿਸ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕੀਤੀ। ਇਸ ਸਮੇਂ ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਨਾਲ ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਭਗਵੰਤ ਸਿੰਘ, ਕਹਾਣੀਕਾਰ ਅਤਰਜੀਤ ਕਹਾਣੀਕਾਰ ਬਠਿੰਡਾ, ਕਰਮ ਸਿੰਘ ਜਖਮੀ ਆਦਿ ਸ਼ਾਮਿਲ ਸਨ। ਜਰਨਲ ਸਕੱਤਰ ਸੰਧੂ ਵਰਿਆਣਵੀ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਮੀਟਿੰਗ ਦੇ ਏਜੰਡਿਆਂ ਦੀ ਜਾਣਕਾਰੀ ਦਿੰਦਿਆਂ ਸਭ ਨੂੰ ਜੀ ਆਇਆਂ ਆਖਿਆ ਤੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਵਿੱਚ ਸੂਬਾ ਭਰ ਵਿੱਚੋਂ ਪਹੁੰਚੇ ਅੱਧਾ ਸੈਂਕੜਾ ਲੇਖਕਾਂ ਵਿੱਚੋਂ ਦੋ ਦਰਜਨ ਲੇਖਕਾਂ ਨੇ ਭਖਵੀਂ ਬਹਿਸ ਵਿੱਚ ਹਿੱਸਾ ਲਿਆ। ਪ੍ਰਧਾਨ ਪਵਨ ਹਰਚੰਦਪੁਰੀ ਨੇ ਮੀਟਿੰਗ ਦੇ ਏਜੰਡਿਆਂ ਤੇ ਉੱਠੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਹੋਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਵਿੱਚ ਕੇਂਦਰੀ ਲੇਖਕ ਸਭਾ ( ਸੇਖੋਂ) ਦੀ ਚੋਣ 26 ਅਪ੍ਰੈਲ 2026 ਨੂੰ ਕਰਨ ਸਬੰਧੀ, ਅਕਾਦਮੀ ਚੋਣਾਂ ਸਬੰਧੀ ਫੈਸਲੇ ਲੈਣ ਲਈ ਪੰਜ ਮੈਂਬਰੀ ਕਮੇਟੀ ਬਣਾਉਣ ਸਬੰਧੀ, ਇੱਕੀ ਫਰਵਰੀ ਨੂੰ ਮਾਤ ਭਾਸ਼ਾ ਦਿਵਸ ਢੋਲ ਦੇ ਡੱਗੇ ਤੇ ਅਤੇ ਧੂਮਧਾਮ ਨਾਲ ਮਨਾਉਣ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਐਮ.ਐਲ. ਏ. ਨੂੰ ਮੰਗ ਪੱਤਰ ਦੇਣ ਸਬੰਧੀ, ਰਹਿੰਦੀਆਂ ਸਭਾਵਾਂ ਦੀ ਮੈਂਬਰਸ਼ਿਪ ਅਠਾਰਾਂ ਫਰਵਰੀ ਤੱਕ ਖੋਲ੍ਹਣ, ਸਭਾਵਾਂ ਵੱਲੋਂ ਸਹਾਇਤਾ ਫੰਡ ਇੱਕੀ ਸੌ ਰੁਪਏ ਕਰਨ , ਕਰਮ ਸਿੰਘ ਜਖਮੀ ਤੇ ਕਹਾਣੀਕਾਰ ਅਤਰਜੀਤ ਸਿੰਘ ਨੂੰ ਕੇਂਦਰੀ ਲੇਖਕ ਸਭਾ ( ਸੇਖੋਂ) ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਨਿਯੁਕਤ ਕਰਨ , ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ) ਨਾਲ ਜੁੜੀਆਂ ਨਾਟਕੀ, ਕਵੀਸ਼ਰੀ, ਢਾਡੀ ਅਤੇ ਲੋਕ ਸੰਗੀਤ ਮੰਡਲੀਆਂ ਦਾ ਸਨਮਾਨ ਕਰਨ , ਗੁਰਜਿੰਦਰ ਸਿੰਘ ਰਸੀਆ ਅਤੇ ਜੋਗਾ ਸਿੰਘ ਧਨੌਲਾ ਦਾ ਸਭਾ ਦੀਆਂ ਖਬਰਾਂ ਨੈੱਟ ਤੇ ਪਾਉਣ ਅਤੇ ਲੋਕ ਗਾਇਕ ਸੁਰਿੰਦਰ ਸਾਗਰ ਦਾ ਸਨਮਾਨ ਕਰਨਾ ਵੀ ਸ਼ਾਮਲ ਹਨ। ਪ੍ਰਧਾਨਗੀ ਮੰਡਲ ਵੱਲੋਂ ਦਰਸ਼ਨ ਰੋਮਾਣਾ, ਵਤਨਵੀਰ ਜ਼ਖਮੀ ਦੇ ਨਾਲ ਫਰੀਦਕੋਟ ਤੋਂ ਪਹੁੰਚੇ ਲੇਖਕ ਗਿਆਨੀ ਮੁਖਤਿਆਰ ਸਿੰਘ ਵੰਗੜ ਦੀ ਪੁਸਤਕ “ ਏਸ਼ੀਆ ਦੀ ਧੀ ਡਾ. ਰਸ਼ੀਦ ਜਹਾਂ “ ਲੋਕ ਅਰਪਣ ਕੀਤੀ ਗਈ। ਇਸ ਸਮੇ ਜਗਦੀਸ਼ ਰਾਣਾ ਦਾ ਕੈਲੰਡਰ ਸਾਲ 2026, ਅਤੇ ਲੋਕ ਪੱਖੀ ਸਿੱਖਿਆ ਨੀਤੀ 2026 ਵੀ ਲੋਕ ਅਰਪਣ ਕੀਤੇ ਗਏ। ਮੀਟਿੰਗ ਦੇ ਅੰਤ ਵਿੱਚ ਡਾ. ਜੋਗਿੰਦਰ ਸਿੰਘ ਨਿਰਾਲਾ ਵੱਲੋਂ ਆਏ ਹੋਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ ਗਿਆ। ਸਟੇਜ ਦੀ ਕਾਰਵਾਈ ਸੁਖਦੇਵ ਸਿੰਘ ਔਲਖ ਅਤੇ ਕਰਮ ਸਿੰਘ ਜਖਮੀ ਦੀ ਸਹਾਇਤਾ ਨਾਲ ਸੰਧੂ ਵਰਿਆਣਵੀ ਨੇ ਬਾਖੂਬੀ ਨਿਭਾਈ।

