ਹੇਵਰਡ (ਅਮਰੀਕਾ), 21 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾ) ਕੈਲੀਫੋਰਨੀਆ ਵੱਲੋਂ ਬੀਤੇ ਦਿਨੀਂ ਨਾਮਵਰ ਲੇਖਕ, ਪੱਤਰਕਾਰ ਅਤੇ ਸਮਾਜ ਸੇਵੀ ਗੁਰਮੀਤ ਪਲਾਹੀ ਅਤੇ ਦੂਰਦਰਸ਼ਨ ਜਲੰਧਰ ਦੇ ਹਰਮਨ ਪਿਆਰੇ ਪ੍ਰੋਗਰਾਮ ‘ਸੰਦਲੀ ਪੈੜਾਂ’ ਦੇ ਪ੍ਰਸਿੱਧ ਸੰਚਾਲਕ ਬਲਜੀਤ ਸਿੰਘ ਨਾਲ਼ ਰੂਬਰੂ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਗੁਰਮੀਤ ਪਲਾਹੀ, ਬਲਜੀਤ ਸਿੰਘ, ਕੁਲਵਿੰਦਰ, ਹਰਜਿੰਦਰ ਕੰਗ, ਅਮਰਜੀਤ ਕੌਰ ਪੰਨੂੰ ਅਤੇ ਸੁਰਿੰਦਰ ਸਿੰਘ ਧਨੋਆ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਵਿਪਸਾ ਦੇ ਪ੍ਰਧਾਨ ਕੁਲਵਿੰਦਰ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਣ ਨਾਲ਼ ਹੋਈ।
ਹਰਜਿੰਦਰ ਕੰਗ ਨੇ ਗੁਰਮੀਤ ਪਲਾਹੀ ਦੀ ਬਹੁਪੱਖੀ ਸਖ਼ਸ਼ੀਅਤ ਨਾਲ਼ ਜਾਣ-ਪਛਾਣ ਕਰਵਾਉਂਦੇ ਹੋਏ ਕਿਹਾ ਕਿ ਉਹ ਸਿਰਫ਼ ਇੱਕ ਸੁਹਿਰਦ ਲੇਖਕ, ਪੱਤਰਕਾਰ, ਕਾਲਮ ਨਵੀਸ ਅਤੇ ਸਮਰਪਿਤ ਸਮਾਜ ਸੇਵਕ ਹਨ। ਉਨ੍ਹਾਂ ਦੱਸਿਆ ਕਿ ਗੁਰਮੀਤ ਪਲਾਹੀ ਦਰਜਨ ਤੋਂ ਵੱਧ ਲੇਖ ਸੰਗ੍ਰਹਿ, ਕਹਾਣੀ ਸੰਗ੍ਰਹਿ ਅਤੇ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਭੇਟ ਕਰ ਚੁੱਕੇ ਹਨ। ਡਾ. ਸੁਖਵਿੰਦਰ ਕੰਬੋਜ ਨੇ ਕਿਹਾ ਕਿ ਗੁਰਮੀਤ ਪਲਾਹੀ ਨੇ ਸਾਹਿਤ ਦੇ ਨਾਲ਼ ਨਾਲ਼ ਅਮਲੀ ਜੀਵਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਵਿਸ਼ੇਸ਼ ਆਦਰ ਪ੍ਰਾਪਤ ਹੈ। ਆਸ਼ਾ ਸ਼ਰਮਾ ਨੇ ਗੁਰਮੀਤ ਪਲਾਹੀ ਨਾਲ਼ ਆਪਣੇ ਨਿੱਜੀ ਰਿਸ਼ਤੇ ਦੀ ਗੱਲ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਵਰਗੇ ਸਿਰਜਕ ਨਾਲ਼ ਪਰਿਵਾਰਕ ਨੇੜਤਾ ਦਾ ਸਨਮਾਨ ਮਿਲਿਆ।
ਸੁਰਿੰਦਰ ਸਿੰਘ ਧਨੋਆ ਨੇ ਕਿਹਾ ਕਿ ਗੁਰਮੀਤ ਪਲਾਹੀ ਅਤੇ ਬਲਜੀਤ ਸਿੰਘ ਦੋਵਾਂ ਦੀ ਪੰਜਾਬੀ ਸਾਹਿਤ ਨੂੰ ਅਮੋਲਕ ਦੇਣ ਹੈ। ਬਲਜੀਤ ਸਿੰਘ ਬਾਰੇ ਬੁਲਾਰਿਆਂ ਨੇ ਕਿਹਾ ਕਿ ਵਿਦਿਆਰਥੀ ਜੀਵਨ ਦੌਰਾਨ ਭਗਤ ਸਿੰਘ ਦੀ ਮੜ੍ਹੀ ਉੱਤੇ ਪੜ੍ਹੀ ਗਈ ਇੱਕ ਕਵਿਤਾ ਨੇ ਉਨ੍ਹਾਂ ਦੀ ਪਹਿਚਾਣ ਦਾ ਅਧਾਰ ਰੱਖਿਆ ਅਤੇ ਉਹੀ ਕਵਿਤਾ ਉਨ੍ਹਾਂ ਦੇ ਜੀਵਨ ਦਾ ਸਿਰਨਾਵਾਂ ਬਣ ਗਈ। ਉਨ੍ਹਾਂ ਦੇ ਸ਼ੁੱਧ ਪੰਜਾਬੀ ਅਤੇ ਉਰਦੂ ਉਚਾਰਣ ਦੀ ਭਰਵੀਂ ਪ੍ਰਸ਼ੰਸਾ ਕੀਤੀ ਗਈ।
ਇਸ ਉਪਰੰਤ ਗੁਰਮੀਤ ਪਲਾਹੀ ਨੇ ਰੂਬਰੂ ਦੌਰਾਨ ਪੰਜਾਬ ਦੀ ਸਿਆਸਤ ਅਤੇ ਪੰਜਾਬੀ ਸਾਹਿਤ ਵਿੱਚ ਵਿਆਪਕ ਭ੍ਰਿਸ਼ਟਾਚਾਰ ਵਰਗੇ ਸੰਵੇਦਨਸ਼ੀਲ ਵਿਸ਼ਿਆਂ ’ਤੇ ਬੇਝਿਜਕ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲੀ ਹੈ ਅਤੇ ਉਹ ਸਾਰੀ ਉਮਰ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਯਤਨਸ਼ੀਲ ਰਹੇ ਹਨ ਅਤੇ ਰਹਿਣਗੇ। ਕੁਲਵਿੰਦਰ ਦੇ ਇੱਕ ਸਵਾਲ ਦੇ ਜਵਾਬ ਵਿੱਚ ਗੁਰਮੀਤ ਪਲਾਹੀ ਨੇ ਪ੍ਰਸਿੱਧ ਕਵੀ ਗੁਰਦਾਸ ਰਾਮ ਆਲਮ ਨਾਲ਼ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਵੇਂ ਪਿੰਡ ਦੀਆਂ ਮਾਵਾਂ ਆਪਣੀ ਚੁੰਨੀ ਦੇ ਲੜ ਵਿੱਚ ਰੁਪਏ ਬੰਨ੍ਹ ਕੇ ਕਵੀ ਦਰਬਾਰ ਦੇ ਅੰਤ ਵਿੱਚ ਆਲਮ ਨੂੰ ਇਨਾਮ ਵਜੋਂ ਭੇਟ ਕਰਦੀਆਂ ਸਨ, ਇਹ ਦ੍ਰਿਸ਼ ਸਭ ਨੂੰ ਭਾਵਕ ਕਰ ਗਿਆ।
ਬਲਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਉਹ ਘਰ ਵਿੱਚ ਠੇਠ ਪੰਜਾਬੀ ਬੋਲਦੇ ਹਨ ਅਤੇ ਉਨ੍ਹਾਂ ਦੇ ਸ਼ੁੱਧ ਉਚਾਰਣ ਦਾ ਮੂਲ ਕਾਰਨ ਉਰਦੂ ਭਾਸ਼ਾ ’ਤੇ ਉਨ੍ਹਾਂ ਦੀ ਮਜ਼ਬੂਤ ਪਕੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੋਲਾਂ ਵਿੱਚ ਮਿੱਠਾਸ ਸਰੋਤਿਆਂ ਵੱਲੋਂ ਮਿਲੇ ਇਮਾਨਦਾਰ ਪ੍ਰਤਿਕਰਮ ਦਾ ਨਤੀਜਾ ਹੈ। ਉਨ੍ਹਾਂ ਰੇਡੀਓ ’ਤੇ ਆਏ ਖ਼ਤਾਂ ਦੀ ਯਾਦ ਦਿਵਾਉਂਦਿਆਂ ਦੱਸਿਆ ਕਿ ਕਿਵੇਂ ਉਹ ਖ਼ਤ ਉਨ੍ਹਾਂ ਨੂੰ ਲੇਖਕ ਬਣਾਉਣ ਵਿੱਚ ਸਹਾਇਕ ਸਾਬਤ ਹੋਏ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਦਰਜਨ ਕਿਤਾਬਾਂ ਦੇ ਰਚੇਤਾ ਹਨ ਅਤੇ ਉਨ੍ਹਾਂ ਦੀ ਪਹਿਲੀ ਕਿਤਾਬ ਵਿੱਚ ਪਾਕਿਸਤਾਨੀ ਪ੍ਰਸ਼ੰਸਕਾਂ ਵੱਲੋਂ ਭੇਜੇ ਖ਼ਤ ਸ਼ਾਮਲ ਸਨ। ਬਲਜੀਤ ਸਿੰਘ ਦੀ ਭਾਵੁਕ ਗੱਲਬਾਤ ਨੇ ਸਮੂਹ ਸਰੋਤਿਆਂ ਨੂੰ ਮੋਹ ਲਿਆ।
ਇਸ ਮੌਕੇ ਵਿਪਸਾ ਵੱਲੋਂ ਦੋਹਾਂ ਮਹਿਮਾਨ ਲੇਖਕਾਂ ਨੂੰ ਸ਼ਾਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਵਿਪਸਾ ਦੇ ਸਰਗਰਮ ਮੈਂਬਰ ਤਾਰਾ ਸਿੰਘ ਸਾਗਰ ਨੂੰ ਨਵੀਂ ਰਿਹਾਇਸ਼ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਕਹਾਣੀਕਾਰ ਅਮਰਜੀਤ ਕੌਰ ਪੰਨੂੰ ਨੇ ਆਪਣੀ ਕਹਾਣੀ ਦੇ ਕੁਝ ਅੰਸ਼ ਪੇਸ਼ ਕਰਕੇ ਆਪਣਾ ਕਹਾਣੀ ਸੰਗ੍ਰਹਿ ‘ਸੁੱਚਾ ਗੁਲਾਬ’ ਗੁਰਮੀਤ ਪਲਾਹੀ ਨੂੰ ਭੇਟ ਕੀਤਾ, ਜਦਕਿ ਸੁਰਿੰਦਰ ਸਿੰਘ ਧਨੋਆ ਨੇ ਆਪਣੇ ਨਾਟਕ ‘ਜ਼ਫ਼ਰਨਾਮਾ’ ਦੀ ਕਾਪੀ ਗੁਰਮੀਤ ਪਲਾਹੀ ਅਤੇ ਬਲਜੀਤ ਸਿੰਘ ਨੂੰ ਭੇਟ ਕੀਤੀ।
ਦੂਜੇ ਸੈਸ਼ਨ ਵਿੱਚ ਹੋਏ ਕਵੀ ਦਰਬਾਰ ਦੀ ਪ੍ਰਧਾਨਗੀ ਗੁਰਮੀਤ ਪਲਾਹੀ, ਬਲਜੀਤ ਸਿੰਘ, ਸੁਰਜੀਤ ਸਖੀ, ਅਮਰ ਸੂਫ਼ੀ ਅਤੇ ਡਾ. ਸੁਖਵਿੰਦਰ ਕੰਬੋਜ ਨੇ ਕੀਤੀ। ਕਵੀ ਦਰਬਾਰ ਦਾ ਆਗਾਜ਼ ਕਰਦਿਆਂ ਸੁਖਦੇਵ ਸਹਿਲ ਨੇ ਆਪਣੇ ਆਪ ਨੂੰ ਗੁਰਮੀਤ ਪਲਾਹੀ ਦਾ ਵਿਦਿਆਰਥੀ ਹੋਣ ’ਤੇ ਮਾਣ ਮਹਿਸੂਸ ਕਰਦਿਆਂ ਆਪਣੇ ਉਸਤਾਦ ਨੂੰ ਫੁੱਲਾਂ ਦੇ ਗੁਲਦਸਤੇ ਨਾਲ਼ ਨਿਵਾਜਿਆ। ਕਵੀ ਦਰਬਾਰ ਵਿੱਚ ਅਮਰਜੀਤ ਸਿੰਘ ਜੌਹਲ, ਅਵਤਾਰ ਗੋਂਦਾਰਾ, ਸੁਖਵਿੰਦਰ ਕੰਬੋਜ, ਲਾਜ ਨੀਲਮ ਸੈਣੀ, ਤਾਰਾ ਸਿੰਘ ਸਾਗਰ, ਜਗਜੀਤ ਨੌਸ਼ਹਿਰਵੀ, ਹਰਜਿੰਦਰ ਕੰਗ, ਪੰਕਜ ਆਂਸਲ, ਅਮਰਜੀਤ ਕੌਰ ਪੰਨੂੰ, ਅਮਰ ਸੂਫ਼ੀ, ਕੁਲਵਿੰਦਰ, ਸੁਰਜੀਤ ਸਖੀ ਅਤੇ ਬਲਜੀਤ ਸਿੰਘ ਨੇ ਕਾਵਿ ਪਾਠ ਕਰਕੇ ਦਰਬਾਰ ਨੂੰ ਰੰਗ ਬਖ਼ਸ਼ਿਆ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਹਰਜਿੰਦਰ ਪੰਧੇਰ, ਪ੍ਰੋ. ਸੁਖਦੇਵ ਸਿੰਘ, ਮਨਮੋਹਨ ਸ਼ਰਮਾ, ਗੁਰਜੰਟ ਸਿੰਘ, ਮਾਹਲ ਸਿੰਘ, ਰਾਜਿੰਦਰ ਸੁਲ, ਭੁਪਿੰਦਰ ਸੁਲ, ਪਰਮਪਾਲ ਸਿੰਘ, ਰਬਿੰਦਰ ਵਿਰਦੀ, ਹਰਿੰਦਰ ਪਾਲ ਕੌਰ, ਸੋਨੂੰ ਸਾਹਿਲ, ਤੁਸ਼ਾਰ ਗਰਗ, ਬਲਵਿੰਦਰ ਕੌਰ, ਅਵਤਾਰ ਸੰਧੂ, ਰਮੇਸ਼ ਬੰਗੜ, ਡਾ. ਸਤਵਿੰਦਰ, ਜਸਵਿੰਦਰ ਕੌਰ ਧਨੋਆ ਅਤੇ ਸ੍ਰੀਮਤੀ ਜਨਕ ਪਲਾਹੀ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਰਹੇ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਵਿਪਸਾ ਦੇ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਬਾਖ਼ੂਬੀ ਅਤੇ ਸੁਚੱਜੇ ਢੰਗ ਨਾਲ਼ ਨਿਭਾਇਆ।

