ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਨਹੀਂ ਗੰਭੀਰ : ਓਮਕਾਰ ਗੋਇਲ
ਕੋਟਕਪੂਰਾ, 22 ਜਨਵਰੀਂ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁੱਡ ਮੌਰਨਿੰਗ ਵੈਲਫੇਅਰ ਕਲੱਬ ਅਤੇ ਚੈਂਬਰ ਆਫ ਕਾਮਰਸ ਕੋਟਕਪੂਰਾ ਵਲੋਂ ਪਲ ਪਲ ਲੱਗਦੇ ਟਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਸਥਾਨਕ ਬੱਤੀਆਂ ਵਾਲਾ ਚੌਂਕ ਵਿੱਚ ਕੀਤੀ ਇਕੱਤਰਤਾ ਦੌਰਾਨ ਗੁੱਡ ਮੌਰਨਿੰਗ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਓਮਕਾਰ ਗੋਇਲ ਨੇ ਵੱਖ-ਵੱਖ ਨੁਕਤਿਆਂ ਬਾਰੇ ਬਰੀਕੀ ਵਿੱਚ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਵਿੱਚ ਆਵਾਜਾਈ ਵਿੱਚ ਅੜਿੱਕਾ ਪਾਉਣ ਵਾਲੇ ਦੁਕਾਨਦਾਰ, ਵਾਹਨ ਚਾਲਕ, ਨਗਰ ਕੌਂਸਲ ਅਤੇ ਪੁਲਿਸ ਦੇ ਅਧਿਕਾਰੀ ਵੀ ਬਰਾਬਰ ਜਿੰਮੇਵਾਰ ਹਨ। ਇਕ ਅਹਿਮ ਪਹਿਲੂ ਬਾਰੇ ਵਿਸਥਾਰ ਵਿੱਚ ਦੱਸਦਿਆਂ ਉਹਨਾ ਆਖਿਆ ਕਿ ਜੇਕਰ ਦੁਕਾਨਦਾਰ ਨਜਾਇਜ ਕਬਜੇ ਕਰਕੇ ਅਰਥਾਤ ਲੋੜ ਤੋਂ ਜਿਆਦਾ ਸਮਾਨ ਬਾਹਰ ਰੱਖ ਕੇ ਇਸ ਗਲਤਫਹਿਮੀ ਵਿੱਚ ਹਨ ਕਿ ਸ਼ਾਇਦ ਇਸ ਨਾਲ ਗਾਹਕ ਜਿਆਦਾ ਆਵੇਗਾ ਜਾਂ ਵਿੱਕਰੀ ਜਿਆਦਾ ਹੋਵੇਗੀ ਤਾਂ ਉਹਨਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗਾਹਕ ਟਰੈਫਿਕ ਜਾਮ ਵਿੱਚ ਫਸਣ ਦੀ ਬਜਾਇ ਬਾਹਰਵਾਰ ਖਰੀਦਦਾਰੀ ਕਰਨ ਨੂੰ ਤਰਜੀਹ ਦੇ ਰਿਹਾ ਹੈ। ਇਸੇ ਤਰ੍ਹਾਂ ਗਲਤ ਪਾਰਕਿੰਗ ਕਰਨ ਵਾਲੇ ਵਾਹਨ ਚਾਲਕਾਂ ਨੂੰ ਪਾਰਕਿੰਗ ਦਾ 20 ਹਜਾਰ ਬਚਾਅ ਕੇ ਹਜਾਰ ਰੁਪਿਆ ਆਨਲਾਈਨ ਚਲਾਨ ਦਾ ਜੁਰਮਾਨਾ ਭਰਨ ਦੀਆਂ ਅਨੇਕਾਂ ਉਦਾਹਰਨਾ ਦਿੱਤੀਆਂ ਜਾ ਸਕਦੀਆਂ ਹਨ। ਕਲੱਬ ਦੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਵੱਖ ਵੱਖ ਸੰਸਥਾਵਾਂ-ਜਥੇਬੰਦੀਆਂ ਦੀ ਅਗਵਾਈ ਕਰ ਰਹੇ ਹਰਪ੍ਰੀਤ ਸਿੰਘ ਖਾਲਸਾ ਨੇ ਆਖਿਆ ਕਿ ਜੇਕਰ ਨਗਰ ਕੌਂਸਲ ਦੇ ਅਧਿਕਾਰੀ ਅਤੇ ਟਰੈਫਿਕ ਪੁਲਿਸ ਵੱਲੋਂ ਸਖਤੀ ਕਰਕੇ ਦੁਕਾਨਦਾਰਾਂ ਦੇ ਨਜਾਇਜ ਕਬਜੇ ਨਹੀਂ ਹਟਾਏ ਜਾਂਦੇ ਤਾਂ ਇਸ ਲਈ ਨਗਰ ਕੋਂਸਲ ਅਤੇ ਟਰੈਫਿਕ ਪੁਲਿਸ ਵੀ ਬਰਾਬਰ ਦੀ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਉਹ ਇਸ ਬਾਰੇ ਲਿਖਤੀ ਅਤੇ ਜੁਬਾਨੀ ਤੌਰ ’ਤੇ ਅਨੇਕਾਂ ਵਾਰ ਸੰਪਰਕ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਪਰੋਕਤ ਅਧਿਕਾਰੀਆਂ ਦੀ ਅਣਗਹਿਲੀ, ਲਾਪ੍ਰਵਾਹੀ, ਮਿਲੀਭੁਗਤ ਅਤੇ ਨਲਾਇਕੀ ਦਾ ਖਮਿਆਜਾ ਸਕੂਲ ਵੈਨਾ ਸਮੇਤ ਫਾਇਰਬਿ੍ਰਗੇਡ ਅਤੇ ਐਂਬੂਲੈਂਸ ਗੱਡੀਆਂ ਦੇ ਚਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪੱਪੂ ਲਹੌਰੀਆ, ਜਸਕਰਨ ਸਿੰਘ ਭੱਟੀ, ਓਮ ਪ੍ਰਕਾਸ਼ ਗੁਪਤਾ, ਜੋਗਿੰਦਰ ਸਿੰਘ ਸੂਰਘੁਰੀ, ਰਛਪਾਲ ਸਿੰਘ ਭੁੱਲਰ, ਬਲਜੀਤ ਸਿੰਘ ਬਰਾੜ, ਲੈਕ. ਵਿਨੋਦ ਧਵਨ, ਸੁਨੀਲ ਕੁਮਾਰ ਬਿੱਟਾ ਗਰੋਵਰ, ਡਾ ਕੇ.ਕੇ. ਕਟਾਰੀਆ, ਸੁਰਿੰਦਰ ਕੁਮਾਰ ਕਾਕਾ ਸ਼ਰਮਾ, ਗੁਰਮੀਤ ਸਿੰਘ ਮੀਤਾ, ਸਰਨ ਕੁਮਾਰ, ਡਾ. ਰਵਿੰਦਰਪਾਲ ਕੋਛੜ, ਮਾ ਸੋਮਨਾਥ ਅਰੋੜਾ, ਡਾ. ਸੋਨੂੰ ਗਰਗ, ਬਲਜਿੰਦਰ ਸਿੰਘ, ਵਰਿੰਦਰਪਾਲ ਸਿੰਘ ਅਰਨੇਜਾ ਆਦਿ ਸਮੇਤ ਭਾਰੀ ਗਿਣਤੀ ਵਿੱਚ ਵੱਖ-ਵੱਖ ਸੰਸਥਾਵਾਂ-ਜਥੇਬੰਦੀਆਂ ਦੇ ਆਗੂ ਵੀ ਹਾਜਰ ਸਨ।
