ਭਿੰਡਰਾਂਵਾਲਾ 23 ਜਨਵਰੀ ( ਵਰਲਡ ਪੰਜਾਬੀ ਟਾਈਮਜ਼)
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀਆਂ ‘ਚ ਗਿਣੇ ਜਾਂਦੇ ਸੱਜਣ ਕੁਮਾਰ ਨੂੰ ਅੱਜ ਇੱਕ ਕੇਸ ਵਿੱਚ ਬਰੀ ਕਰਕੇ ਭਾਰਤੀ ਅਦਾਲਤਾਂ ਨੇ ਸਿੱਖਾਂ ਨੂੰ ਫਿਰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਹੈ। ਉਹਨਾਂ ਕਿਹਾ ਕਿ ਸਿੱਖ ਭਾਵੇਂ ਇਸ ਦੇਸ਼ ਲਈ 93 ਫੀਸਦੀ ਕੁਰਬਾਨੀਆਂ ਕਰਨ ਪਰ ਭਾਰਤ ‘ਚ ਸਿੱਖਾਂ ਵਾਸਤੇ ਕੋਈ ਹੱਕ-ਹਕੂਕ ਤੇ ਇਨਸਾਫ਼ ਨਹੀਂ। ਉਹਨਾਂ ਕਿਹਾ ਕਿ ਜਿਹੜੇ ਆਖਦੇ ਹਨ ਕਿ ਅਸੀਂ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਅਤੇ ਬਾਦਲਕਿਆਂ ਨਾਲ ਖੜ੍ਹੇ ਹਾਂ ਇਨ੍ਹਾਂ ਸਾਰਿਆਂ ਨੇ ਪੱਗਾਂ ‘ਚ ਸਿਰ ਫਸਾਏ ਹੋਏ ਹਨ ਇਹ ਅਖੌਤੀ ਆਗੂ ਦੱਸਣ ਕਿ ਉਹ ਭਾਰਤ ਸਰਕਾਰ ਨਾਲ ਖੜ੍ਹੇ ਹਨ ਜਾਂ ਬੇਦੋਸ਼ੇ ਸਿੱਖ ਨਾਲ ? ਇਹ ਆਗੂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਣਗੇ ਜੋ ਸਰਕਾਰਾਂ ਦੇ ਤਲਵੇ ਚੱਟਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਨਵੰਬਰ 1984 ‘ਚ ਹਜ਼ਾਰਾਂ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ, ਬੀਬੀਆਂ ਦੀ ਪੱਤ ਲੁੱਟੀ, ਦੁੱਧ ਪੀਂਦੇ ਬੱਚੇ ਵੀ ਕੋਹੇ ਗਏ, ਸਿੱਖ ਹੋਣਾ ਹੀ ਇਸ ਦੇਸ਼ ‘ਚ ਪਾਪ ਹੋ ਗਿਆ ਤੇ ਹਰ ਚੌਰਾਹੇ ‘ਚ ਸਿੱਖਾਂ ਦੀਆਂ ਲਾਸ਼ਾਂ ਹੀ ਨਜ਼ਰ ਆਉਂਦੀਆਂ ਸਨ। ਇੱਕ-ਇੱਕ ਪਰਿਵਾਰ ਦੇ ਦਸ-ਦਸ ਮੈਂਬਰ ਵੀ ਕਤਲ ਕਰ ਦਿੱਤੇ ਗਏ, ਪਰਿਵਾਰਾਂ ਨੇ 42 ਸਾਲ ਕਾਨੂੰਨੀ ਲੜਾਈ ਲੜੀ ਪਰ ਅਦਾਲਤਾਂ ਨੇ ਇਨਸਾਫ਼ ਦੇ ਬੂਹੇ ਬੰਦ ਕਰ ਲਏ ਤੇ ਸਿੱਖਾਂ ਦੇ ਜ਼ਖ਼ਮਾਂ ਨੂੰ ਹੋਰ ਕੁਰੇਦਿਆ ਤੇ ਸਿੱਖਾਂ ਨੂੰ ਸੁਨੇਹਾ ਦਿੱਤਾ ਕਿ ਤੁਹਾਡੇ ਲਈ ਇੱਥੇ ਕੋਈ ਦੇਸ਼, ਕੋਈ ਕਾਨੂੰਨ, ਕੋਈ ਅਦਾਲਤ, ਕੋਈ ਪ੍ਰਸ਼ਾਸਨ ਤੇ ਕੋਈ ਇਨਸਾਫ਼ ਨਹੀਂ। ਉਹਨਾਂ ਕਿਹਾ ਕਿ ਜੂਨ 1984 ਘੱਲੂਘਾਰਾ ਅਤੇ ਨਵੰਬਰ 1984 ਸਿੱਖ ਕਤਲੇਆਮ ਜੋ ਭਾਰਤੀ ਹਕੂਮਤ ਅਤੇ ਕਾਂਗਰਸ ਦੇ ਮੱਥੇ ਉੱਤੇ ਕਲੰਕ ਹੈ ਜੋ ਕਦੇ ਨਹੀਂ ਮਿਟੇਗਾ ਤੇ ਸਿੱਖ ਇਨ੍ਹਾਂ ਜ਼ੁਲਮਾਂ ਨੂੰ ਕਦੇ ਨਹੀਂ ਭੁੱਲਣਗੇ। ਉਹਨਾਂ ਕਿਹਾ ਕਿ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣੇ ਹੱਥੀਂ ਫੌਜ ਮੁਖੀ ਜਨਰਲ ਵੈਦਿਆ ਅਤੇ ਨਵੰਬਰ 1984 ਦੇ ਕਾਤਲਾਂ ਲਲਿਤ ਕੁਮਾਰ ਤੇ ਅਰਜਨ ਦਾਸ ਨੂੰ ਸੋਧ ਕੇ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਇਨਸਾਫ਼ ਕੀਤਾ ਸੀ ਜਿਹੜੇ ਦੋਸ਼ੀ ਜਗਦੀਸ਼ ਟਾਈਟਲਰ, ਕਮਲ ਨਾਥ ਅਤੇ ਸੱਜਣ ਕੁਮਾਰ ਵਰਗੇ ਬਚ ਗਏ ਉਹਨਾਂ ਦੀ ਭਾਰਤ ਸਰਕਾਰ ਨੇ ਪੁਸ਼ਤਪਨਾਹੀ ਕੀਤੀ ਤੇ ਪੀੜਤ ਸਿੱਖ ਪਰਿਵਾਰਾਂ ਨਾਲ ਘੋਰ ਬੇਇਨਸਾਫ਼ੀ ਕੀਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਜੋ ਸਿੱਖ ਕੌਮ ਦੇ ਕਤਲੇਆਮ ਲਈ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਇਸ ਗੱਲ ਦਾ ਵੀ ਪੰਥ ਨੂੰ ਹਮੇਸ਼ਾ ਰੰਜ ਰਹੇਗਾ ਕਿ ਸਿੱਖਾਂ ਦੇ ਕਾਤਲ ਕਮਲ ਨਾਥ ਵਰਗਿਆਂ ਨੂੰ ਪ੍ਰਕਾਸ਼ ਸਿੰਘ ਬਾਦਲ ਗੁਲਦਸਤੇ ਭੇਟ ਕਰਕੇ ਸਨਮਾਨਿਤ ਕਰਦਾ ਰਿਹਾ ਹੈ। ਉਹਨਾਂ ਕਿਹਾ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਜ਼ਖ਼ਮ ਨੂੰ ਮਹਿਫੂਜ਼ ਰੱਖਣਾ ਚਾਹੀਦਾ ਹੈ ਤੇ ਇਸ ਪੀੜ ਨੂੰ ਸੂਰਜ ਬਣਨ ਦੇਣਾ ਚਾਹੀਦਾ ਹੈ ਜੋ ਸਿੱਖ ਅਜ਼ਾਦੀ ਦਾ ਸੁਪਨਾ ਪੂਰਾ ਕਰੇਗਾ।
