ਐਬਸਫੋਰਡ, 24 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਜਗਤ ਦੀ ਨਾਮਵਰ ਸ਼ਖਸੀਅਤ ਅਤੇ ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ) ਐਬਸਫੋਰਡ ਦੇ ਪ੍ਰਧਾਨ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਚਲਾਣਾ ਕਰ ਗਏ ਹਨ। ਉਹਨਾਂ 22 ਜਨਵਰੀ ਦੀ ਸ਼ਾਮ ਨੂੰ ਐਬਸਫੋਰਡ ਦੇ ਹਸਪਤਾਲ ਵਿਖੇ ਆਖਰੀ ਸਾਹ ਲਏ। 81 ਸਾਲਾ ਪ੍ਰਿੰਸੀਪਲ ਬਰਾੜ ਨਮੋਨੀਆ ਦੀ ਸ਼ਿਕਾਇਤ ਕਾਰਨ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਸਨ। ਸਵਰਗਵਾਸੀ ਮਲਕੀਤ ਸਿੰਘ ਬਰਾੜ ਦੇ ਜੀਵਨ ਸਾਥਣ ਪ੍ਰਿੰ. ਸੁਰਿੰਦਰਪਾਲ ਕੌਰ ਆਪਣੇ ਪਿੱਛੇ ਦੋ ਧੀਆਂ ਅਤੇ ਇੱਕ ਪੁੱਤ ਤੋਂ ਇਲਾਵਾ ਭੈਣ ਭਰਾਵਾਂ ਸਮੇਤ, ਸਾਹਿਤਕਾਰਾਂ ਦਾ ਵੱਡਾ ਪਰਿਵਾਰ ਛੱਡ ਗਏ ਹਨ।
ਬੀਸੀ, ਕੈਨੇਡਾ ਵਿੱਚ ਸਾਹਿਤਕ ਸਰਗਰਮੀਆਂ ਵਿੱਚ ਸਿਰਮੌਰ ਸ਼ਖਸੀਅਤ ਪ੍ਰਿੰਸੀਪਲ ਬਰਾੜ ਪੰਜਾਬ ਤੋਂ ਮੋਗਾ ਸ਼ਹਿਰ ਨਾਲ ਸਬੰਧਤ ਸਨ ਅਤੇ ਪਿਛਲੇ ਲੰਬੇ ਸਮੇਂ ਤੋਂ ਐਬਸਫੋਰਡ ਬੀਸੀ ਵਿੱਚ ਰਹਿ ਰਹੇ ਸਨ। ਪੰਜਾਬੀ ਸਾਹਿਤ ਸਭਾ ਮੁੱਢਲੀ ਰਜਿ. ਦੇ ਕੋਆਰਡੀਨੇਟਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਦੇ ਪ੍ਰਿੰਸੀਪਲ ਤੋਂ ਇਲਾਵਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਵੀ ਰਹਿ ਚੁੱਕੇ ਸਨ। ਉਹਨਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ 9 ਕਿਤਾਬਾਂ ਪਾਈਆਂ ਅਤੇ ਲਗਾਤਾਰ ਸਰਗਰਮ ਲੇਖਿਕਾ ਸਨ।
ਇੱਥੇ ਜ਼ਿਕਰਯੋਗ ਹੈ ਕਿ ਦਸੰਬਰ 2025 ਨੂੰ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਐਬਸਫੋਰਡ ਵਿੱਚ ਪੰਜਾਬੀ ਸਾਹਿਤ ਸਭਾ ਦੀ ਵੱਡੀ ਸਾਹਿਤਕ ਇਕੱਤਰਤਾ ਹੋਈ ਸੀ, ਜਦ ਕਿ ‘ਸਾਡਾ ਵਿਰਸਾ ਸਾਡਾ ਗੌਰਵ ਸੰਸਥਾ’ ਵੱਲੋਂ ਪ੍ਰਿੰਸੀਪਲ ਬਰਾੜ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ।
ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਦੇ ਸਦੀਵੀ ਵਿਛੋੜੇ ਤੇ ਕੈਨੇਡਾ ਤੋਂ ਸਾਹਿਤਕਾਰ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਜਸਵਿੰਦਰ ਗ਼ਜ਼ਲਗੋ, ਅੰਗਰੇਜ਼ ਬਰਾੜ, ਹਰਕੀਰਤ ਕੌਰ ਚਾਹਲ, ਦਵਿੰਦਰ ਸਿੰਘ ਪੂਨੀਆ, ਸੁਰਜੀਤ ਸਿੰਘ ਸਹੋਤਾ, ਮਹਿਮਾ ਸਿੰਘ ਤੂਰ, ਸਤਵੰਤ ਕੌਰ ਪੰਧੇਰ, ਜਸਵੀਰ ਸਿੰਘ ਪੰਨੂ, ਮੁਲਖ ਰਾਜ ਪ੍ਰੇਮੀ, ਗੁਰਪ੍ਰੀਤ ਸਿੰਘ ਚਾਹਲ ਪ੍ਰੇਮੀ, ਗੁਰਬਖਸ਼ ਸਿੰਘ ਢੱਟ, ਹਰਦਮ ਸਿੰਘ ਮਾਨ, ਡਾ. ਪ੍ਰਿਥੀਪਾਲ ਸਿੰਘ ਸੋਹੀ, ਹਰੀ ਸਿੰਘ ਤਾਤਲਾ, ਸੁਖਮੰਦਰ ਸਿੰਘ ਬਰਾੜ, ਪਰਵੇਜ਼ ਸੰਧੂ, ਪਵਨ ਗਿੱਲਾਂ ਵਾਲਾ, ਕੁਲਦੀਪ ਸਿੰਘ ਸੇਖੋਂ, ਅਮਰੀਕ ਸਿੰਘ ਪਲਾਹੀ, ਕਵਿੰਦਰ ਚਾਂਦ, ਪਲਵਿੰਦਰ ਸਿੰਘ ਰੰਧਾਵਾ, ਦਵਿੰਦਰ ਗੌਤਮ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਦਸ਼ਮੇਸ਼ ਗਿੱਲ ਫ਼ਿਰੋਜ਼, ਦਵਿੰਦਰ ਕੌਰ ਗਰਚਾ, ਹਰਿੰਦਰ ਕੌਰ ਸੋਹੀ, ਡਾ. ਗੁਰਬਾਜ ਬਰਾੜ, ਬਿੰਦੂ ਮਠਾੜੂ, ਪੰਜਾਬ ਤੋਂ ਲੇਖਕ ਗੁਰਮੀਤ ਕੜਿਆਲਵੀ, ਨਾਟਕਕਾਰ ਸਾਹਿਬ ਸਿੰਘ, ਮਨਜੀਤ ਇੰਦਰਾ, ਹਰਸ਼ਰਨ ਕੌਰ, ਤੇਜਾ ਸਿੰਘ ਤਿਲਕ, ਅਮਰ ਸੂਫੀ, ਲਖਵਿੰਦਰ ਸੰਧੂ, ਚਰਨਜੀਤ ਕੌਰ, ਇੰਗਲੈਂਡ ਤੋਂ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਡਾ ਪ੍ਰਗਟ ਸਿੰਘ ਭੁਰਜੀ, ਜਤਿੰਦਰ ਹਾਂਸ, ਤਰਲੋਚਨ ਲੋਚੀ ਅਤੇ ਜੰਗ ਬਹਾਦਰ ਸਿੰਘ ਕਮਲ ਸਮੇਤ ਵੱਖ ਵੱਖ ਸ਼ਖਸੀਅਤਾਂ ਨੇ ਸ਼ਰਧਾਜਲੀਆਂ ਭੇਟ ਕੀਤੀਆਂ ਹਨ।
