ਅਰਸ਼ ਸੱਚਰ ਵੱਲੋਂ 48–72 ਘੰਟਿਆਂ ਵਿੱਚ ਐਮਰਜੈਂਸੀ ਐਕਸ਼ਨ ਦੀ ਮੰਗ

ਫ਼ਰੀਦਕੋਟ/ਕੋਟਕਪੂਰਾ, 24 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਰਸ਼ ਸੱਚਰ ਸੋਸ਼ਲ ਵਰਕਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਫ਼ਰੀਦਕੋਟ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਇੱਕ ਅਤਿ ਗੰਭੀਰ ਅਤੇ ਤੁਰੰਤ ਜਨਹਿਤ ਸ਼ਿਕਾਇਤ ਭੇਜੀ ਗਈ ਹੈ, ਜਿਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਨਹਿਰੂ ਸ਼ਾਪਿੰਗ ਸੈਂਟਰ, ਫ਼ਰੀਦਕੋਟ ਹੁਣ ‘ਇਨਸਾਨੀ ਹਾਦਸਾ ਜ਼ੋਨ’ ਬਣ ਚੁੱਕਾ ਹੈ। ਲਗਭਗ 50 ਸਾਲ ਪੁਰਾਣਾ ਇਹ ਵਪਾਰਕ ਕੇਂਦਰ ਸੈਂਕੜੇ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਆਧਾਰ ਹੈ ਅਤੇ ਹਰ ਰੋਜ਼ ਹਜ਼ਾਰਾਂ ਨਾਗਰਿਕਾਂ ਮਹਿਲਾਵਾਂ, ਬਜ਼ੁਰਗਾਂ ਅਤੇ ਬੱਚਿਆਂ ਦੀ ਆਵਾਜਾਈ ਇੱਥੇ ਰਹਿੰਦੀ ਹੈ ਪਰ ਦਹਾਕਿਆਂ ਤੋਂ ਕੋਈ ਸਟਰੱਕਚਰਲ ਸੇਫ਼ਟੀ ਆਡਿਟ ਜਾਂ ਗੰਭੀਰ ਮੁਰੰਮਤ ਨਾ ਹੋਣ ਕਾਰਨ ਇਹ ਇਮਾਰਤ ਹੁਣ ਸਿੱਧਾ ਜਾਨਲੇਵਾ ਖ਼ਤਰਾ ਬਣ ਚੁੱਕੀ ਹੈ। ਅਰਸ਼ ਸੱਚਰ ਮੁਤਾਬਕ ਮੌਜੂਦਾ ਹਾਲਤ ਛੱਤਾਂ ਵਿੱਚ ਵੱਡੀਆਂ ਦਰਾਰਾਂ, ਲਗਾਤਾਰ ਪਲਾਸਟਰ ਅਤੇ ਸੀਮੈਂਟ ਦਾ ਝੜਨਾ, ਜੰਗ ਲੱਗੀਆਂ ਸਰੀਆਂ ਬਾਹਰ ਨਿਕਲੀਆਂ, ਭਾਰੀ ਸੀਪੇਜ ਅਤੇ ਪਾਣੀ ਖੜਾ ਰਹਿਣਾ ਅਤੇ ਬਿਜਲੀ ਦੀ ਬਹੁਤ ਪੁਰਾਣੀ ਅਤੇ ਅਸੁਰੱਖਿਅਤ ਵਾਇਰਿੰਗ ਦੀ ਹਾਲਤ ਬਹੁਤ ਡਰਾਉਣੀ ਹੈ ਦੁਕਾਨਦਾਰ ਹਰ ਰੋਜ਼ ਡਰ ਦੇ ਮਾਹੌਲ ਵਿੱਚ ਕੰਮ ਕਰਨ ਲਈ ਮਜਬੂਰ ਹਨ। ਹੁਣ ਇਹ ਮੁਰੰਮਤ ਦਾ ਨਹੀਂ, ਜਾਨ ਬਚਾਉਣ ਦਾ ਮਾਮਲਾ ਹੈ। ਜੇ ਇੱਥੇ ਕੋਈ ਹਾਦਸਾ ਹੋਇਆ, ਤਾਂ ਉਹ ਕੁਦਰਤੀ ਨਹੀਂ, ਸਿੱਧੀ ਪ੍ਰਸ਼ਾਸਨਿਕ ਨਾਕਾਮੀ ਹੋਵੇਗੀ। ਮੁੱਖ ਮੰਤਰੀ ਪੰਜਾਬ ਨੂੰ ਭੇਜੀਆਂ ਐਮਰਜੈਂਸੀ ਮੰਗਾਂ 48–72 ਘੰਟਿਆਂ ਵਿੱਚ ਲਾਜ਼ਮੀ ਕਾਰਵਾਈ ਹੋਵੇ, ਪੀ.ਡਬਲਯੂ.ਡੀ., ਲੋਕਲ ਅਫਸਰਾਂ ਅਤੇ ਸਰਕਾਰੀ ਇੰਜੀਨੀਅਰਾਂ ਦੀ ਹਾਈ-ਲੇਵਲ ਜੁਆਇੰਟ ਟੀਮ ਬਣਾਈ ਜਾਵੇ, ਤੁਰਤ ਢਾਂਚਾਗਤ ਸੁਰੱਖਿਆ ਆਡਿਟ ਅਤੇ ਲਿਖਤੀ ਰਿਸਕ ਰਿਪੋਰਟ ਤਿਆਰ ਕੀਤੀ ਜਾਵੇ ਅਤੇ ਅਸਥਾਈ ਸੁਰੱਖਿਆ ਪ੍ਰਬੰਧ ਕੀਤੇ ਜਾਣ, 7–15 ਦਿਨਾਂ ਵਿੱਚ ਛੱਤ, ਡਰੇਨੇਜ, ਬਿਜਲੀ ਅਤੇ ਫਾਇਰ ਸੇਫ਼ਟੀ ਲਈ ਐਮਰਜੈਂਸੀ ਫੰਡ ਜਾਰੀ ਕੀਤੇ ਜਾਣ, ਇੱਕ ਨੋਡਲ ਅਫ਼ਸਰ ਦੀ ਨਿਯੁਕਤੀ ਹੋਵੇ, ਸਰਕਾਰੀ ਐਕਸ਼ਨ ਟੇਕਨ ਰਿਪੋਰਟ ਜਨਤਕ ਤੌਰ ’ਤੇ ਜਾਰੀ ਹੋਵੇ ਲੰਬੇ ਸਮੇਂ ਦਾ ਹੱਲ (ਸਥਾਈ ਇਲਾਜ) ਕੀਤਾ ਜਵੇ ਜਿਵੇਂ ਪੂਰਾ ਮੁੜ-ਵਿਕਾਸ/ਮਜ਼ਬੂਤੀਕਰਨ ਪ੍ਰੋਜੈਕਟ ਤਿਆਰ ਕਰਨ, ਡਿਜ਼ਾਸਟਰ ਅਤੇ ਫਾਇਰ ਨਿਯਮਾਂ ਅਨੁਸਾਰ ਨਵਾਂ ਡਿਜ਼ਾਇਨ ਬਣੇ, ਦੁਕਾਨਦਾਰਾਂ ਦੀ ਪਾਰਦਰਸ਼ੀ ਪੁਨਰਵਸਤੀ ਹੋਵੇ ਅਤੇ ਨਾਗਰਿਕ ਨਿਗਰਾਨ ਕਮੇਟੀ ਦੀ ਸਥਾਪਨਾ ਕੀਤੀ ਜਾਵੇ। ਅਰਸ਼ ਸੱਚਰ ਨੇ ਇਹ ਵੀ ਮੰਗ ਕੀਤੀ ਹੈ ਕਿ ਜਾਂਚ ਹੋਵੇ ਕਿ ਦਹਾਕਿਆਂ ਤੋਂ ਸੇਫ਼ਟੀ ਆਡਿਟ ਕਿਉਂ ਨਹੀਂ ਹੋਇਆ, ਮੁਰੰਮਤ ਅਤੇ ਰੀ-ਡਿਵੈਲਪਮੈਂਟ ਕਿਉਂ ਟਾਲਿਆ ਗਿਆ, ਲੋਕਾਂ ਨੂੰ ਖ਼ਤਰੇ ਵਿੱਚ ਕਿਉਂ ਰੱਖਿਆ ਗਿਆ। ਉਹਨਾ ਆਖਿਆ ਕਿ ‘ਮੈਂ ਕਿਸੇ ਹਾਦਸੇ ਦੀ ਉਡੀਕ ਵਿੱਚ ਨਹੀਂ ਰਹਾਂਗਾ, ਇਹ ਲੜਾਈ ਜਾਨਾਂ ਦੀ ਸੁਰੱਖਿਆ, ਰੋਜ਼ਗਾਰ ਦੀ ਰੱਖਿਆ ਅਤੇ ਪੂਰੀ ਜਵਾਬਦੇਹੀ ਲਈ ਹੈ।

