ਸੰਗਰੂਰ 24 ਜਨਵਰੀ (ਡਾ. ਭਗਵੰਤ ਸਿੰਘ/ ਵਰਲਡ ਪੰਜਾਬੀ ਟਾਈਮਜ਼)
ਨਸ਼ਾਖੋਰੀ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਹੈ। ਨਸ਼ਿਆਂ ਨੂੰ ਰੋਕਣ ਲਈ ਕਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਡਾ. ਰਘਬੀਰ ਸਿੰਘ ਰੰਧਾਵਾ ਨਸ਼ਿਆਂ ਦੇ ਵਿਰੁੱਧ ਚੇਤਨਾ ਪੈਦਾ ਕਰਨ ਲਈ ਨਿਰੰਤਰ ਕਾਰਜਸ਼ੀਲ ਹਨ। ਉਨ੍ਹਾ ਨੇ ਨਸ਼ਿਆਂ ਤੋਂ ਬਚਣ ਲਈ ‘ਚਿੱਟੇ ਲੀੜੇ ਜੰਗਲੀ ਹਿਰਦੇ* ਪੁਸਤਕ ਬਹੁਤ ਦਲੀਲਾਂ ਸਾਹਿਤ ਤਿਆਰ ਕੀਤੀ ਹੈ। ਇਹ ਪੁਸਤਕ ਉਨ੍ਹਾਂ ਦੀ ਸਵੈਜੀਵਨੀ “ਜਦੋਂ ਅਸੀਂ ਮੁੰਡੇ ਸਾਂ” ਦਾ ਅਗਲਾ ਭਾਗ ਹੈ। ਇਸ ਪੁਸਤਕ ਵਿੱਚ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ, ਨੌਜਵਾਨਾਂ ਵਿੱਚ ਨਸ਼ਿਆਂ ਦੀ ਲਤ ਲੱਗਣ ਦੇ ਕਾਰਣ ਅਤੇ ਉਨ੍ਹਾਂ ਤੋਂ ਬਚਣ ਦੇ ਤਰੀਕਿਆਂ ਨੂੰ ਦਰਸਾਇਆ ਗਿਆ ਹੈ। ਲੇਖਕ ਮੰਚ ਭਾਰਤ ਮੰਡਪ ਵਿੱਚ ਲੇਖਕਾਂ ਅਤੇ ਸਿਹਤ ਚਕਿਤਸਕਾ ਦੀ ਭਰਵੀਂ ਹਾਜਰੀ ਵਿੱਚ ਸਨਮਾਨਤ ਮਹਿਮਾਨਾਂ ਡਾ. ਬਿਮਿਤ ਕੁਮਾਰ ਜੈਨ, ਡਾ. ਬ੍ਰਿਜਕਿਸ਼ੋਰ, ਡਾ. ਨੀਨਾ ਜੈਨ, ਡਾ. ਨੰਦਿਤਾ ਜੈਨ, ਡਾ. ਸੁਭਾਸ਼ ਚੰਦਰ ਬਜਾਜ, ਡਾ. ਪ੍ਰਦੀਪ ਕਵਾਤੜਾ ਡਾ. ਵਿਵੇਕ ਬੱਗਾ ਨੇ ਰਲਕੇ ਲੋਕ ਅਰਪਨ ਕੀਤਾ। ਇਸ ਅਵਸਰ ਤੇ ਡਾ. ਰਘਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਪੁਸਤਕ ਮੇਰੇ ਜੀਵਨ ਦੇ ਅਨੇਕਾਂ ਪੱਖਾਂ ਨੂੰ ਉਭਾਰਨ ਦੇ ਨਾਲ ਅਜੋਕੇ ਦੌਰ ਵਿੱਚ ਨੌਜਵਾਨਾਂ ਲਈ ਮਾਰਗ ਦਰਸ਼ਨ ਦਾ ਕੰਮ ਕਰੇਗੀ। ਇਸ ਮੌਕੇ ਡਾ. ਤੇਜਵੰਤ ਮਾਨ ਸਾਹਿਤਰਤਨ, ਡਾ. ਸਵਰਾਜ ਸਿੰਘ ਵਿਸ਼ਵਚਿੰਤਕ, ਡਾ. ਈਸ਼ਵਰ ਦਾਸ ਸਿੰਘ ਮਹਾਂਮਡਲੇਸ਼ਵਰ, ਡਾ. ਭਗਵੰਤ ਸਿੰਘ, ਜਗਦੀਪ ਸਿੰਘ, ਗੁਰਨਾਮ ਸਿੰਘ, ਡਾ. ਨਰਵਿੰਦਰ ਸਿੰਘ ਕੌਸ਼ਲ, ਨਿਹਾਲ ਸਿੰਘ ਮਾਨ, ਦਰਬਾਰਾ ਸਿੰਘ ਢੀਂਡਸਾ, ਡਾ. ਤੇਜਾ ਸਿੰਘ ਤਿਲਕ, ਡਾ. ਮੇਘਾ ਸਿੰਘ ਆਦਿ ਅਨੇਕਾਂ ਸਾਹਿਤਕਾਰਾਂ ਨੇ ਡਾ. ਰੰਧਾਵਾ ਨੂੁੰ ਮੁਬਾਰਕਬਾਦ ਦਿੱਤੀ। ਪ੍ਰੈਸ ਨੋਟ ਜਾਰੀ ਕਰਦੇ ਹੋਏ ਡਾ. ਭਗਵੰਤ ਸਿੰਘ ਨੇ ਹੋਰ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਸੰਗਰੂਰ ਅਤੇ ਮਾਲਵਾ ਰਿਸਰਚ ਸੈਂਟਰ ਦੇ ਸਰਗਰਮ ਅਤੇ ਸਤਿਕਾਰਿਤ ਸਾਹਿਤਕਾਰ ਡਾ. ਰੰਧਾਵਾ ਨੇ ਬਤੌਰ ਸਿਵਲ ਸਰਜਨ ਸੇਵਾ ਮੁਕਤ ਹੋ ਕੇ ਸਾਹਿਤ ਸਿਰਜਣਾ ਦਾ ਕਾਰਜ ਆਰੰਭ ਕੀਤਾ ਹੈ। ਉਹ ਨਿਰੰਤਰ ਸਮਾਜਕ ਸੰਦਰਭਾ ਬਾਰੇ ਸਾਹਿਤ ਰਚ ਰਹੇ ਹਨ।

