ਸ੍ਰੀ ਮੁਕਤਸਰ ਸਾਹਿਬ 24 ਜਨਵਰੀ ( ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਦੀਆਂ ਮੇਨ ਐਂਟਰੀ ਵਾਲੀਆਂ ਸੜਕਾਂ ਉਪਰ ਯਾਦਗਾਰੀ ਗੇਟ ਬਣਵਾਏ ਹੋਏ ਹਨ। ਇਹਨ੍ਹਾਂ ਵਿੱਚੋਂ ਸਫ਼ੈਦ ਰੰਗ ਵਾਲੇ ਗੇਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਲਾਲ ਰੰਗ ਵਾਲੇ ਗੇਟ ਪੰਜਾਬ ਸਰਕਾਰ ਵੱਲੋਂ ਬਣਵਾਏ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਬਣਵਾਏ ਗਏ ਗੇਟਾਂ ਦੀ ਹਾਲਤ ਤਾਂ ਬਹੁਤ ਵਧੀਆ ਹੈ, ਪਰੰਤੂ ਲਾਲ ਰੰਗ ਵਾਲੇ ਸਾਰੇ ਸਰਕਾਰੀ ਗੇਟਾਂ ਦੀ ਹਾਲਤ ਬੇਹੱਦ ਖਸਤਾ ਅਤੇ ਪ੍ਰਸ਼ਾਸ਼ਨਿਕ ਲਾਪ੍ਰਵਾਹੀ ਅਤੇ ਅਣਦੇਖੀ ਦਾ ਜਿਊਂਦਾ ਜਾਗਦਾ ਸਬੂਤ ਹਨ। ਇਹਨਾਂ ਗੇਟਾਂ ਦੀ ਹਾਲਤ ਸੁਧਾਰਨ ਲਈ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਇਹਨਾਂ ਗੇਟਾਂ ਦੀ ਹਾਲਤ ਸੁਧਾਰਨ ਲਈ ਕਈ ਵਾਰ ਜਿਲ੍ਹਾ ਪ੍ਰਸ਼ਾਸਨ ਨਾਲ ਮੁਲਾਕਾਤ ਕਰਕੇ ਲਿਖਤੀ ਬੇਨਤੀ ਕੀਤੀ ਸੀ। ਹੋਰ ਵੀ ਕਈ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਅਤੇ ਸੂਝਵਾਨ ਵਿਅਕਤੀਆਂ ਨੇ ਇਹ ਮਾਮਲਾ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ, ਪਰੰਤੂ ਕਿਧਰੇ ਕੋਈ ਸੁਣਵਾਈ ਨਹੀਂ ਹੋਈ। ਇਸ ਵਾਰ ਮੇਲੇ ’ਤੇ ਆਮ ਆਦਮੀ ਪਾਰਟੀ ਵੱਲੋਂ ਰਾਜਨੀਤਕ ਕਾਨਫਰੰਸ ਕੀਤੀ ਗਈ ਸੀ। ਇਸ ਕਾਨਫਰੰਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕਈ ਹੋਰ ਮੰਤਰੀ ਅਤੇ ਪਾਰਟੀ ਦੇ ਅਹੁਦੇਦਾਰ ਸ਼ਾਮਲ ਹੋਏ ਸਨ। ਮੇਲੇ ਦੀ ਤਿਆਰੀ ਅਤੇ ਮੁੱਖ ਮੰਤਰੀ ਦੀ ਆਮਦ ਦੇ ਮੱਦੇ ਨਜ਼ਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਟੀਮ ਨੇ ਪੂਰੀ ਨਿਗਰਾਨੀ ਕੀਤੀ ਸੀ। ਮੇਲੇ ਤੋਂ ਪਹਿਲਾਂ ਅਤੇ ਮੁੱਖ ਮੰਤਰੀ ਦੀ ਫੇਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੁੱਚੇ ਸ਼ਹਿਰ ਨਿਵਾਸੀਆਂ ਨੂੰ ਕੋਟਕਪੂਰਾ ਰੋਡ ਸਥਿਤ ਯਾਦਗਾਰੀ ਗੇਟ, ਜਿਸ ਦੇ ਬਿਲਕੁਲ ਨਾਲ ਮੁੱਖ ਮੰਤਰੀ ਦੀ ਰੈਲੀ ਸੀ, ਸਮੇਤ ਸਾਰੇ ਗੇਟਾਂ ਦੀ ਹਾਲਤ ਸੁਧਾਰਨ ਦੀ ਆਸ ਜਾਗੀ ਸੀ। ਪਰੰਤੂ ਬਦਕਿਸਮਤੀ ਨਾਲ ਇਹਨਾਂ ਗੇਟਾਂ ਵਿੱਚ ਨਾ ਤਾਂ ਮੁੱਖ ਮੰਤਰੀ, ਨਾ ਹੀ ਕਿਸੇ ਹੋਰ ਮੰਤਰੀ ਜਾਂ ਸਿਵਲ ਪ੍ਰਸ਼ਾਸਨ ਦਾ ਧਿਆਨ ਗਿਆ ਅਤੇ ਇਹ ਸਰਕਾਰੀ ਯਾਦਗਾਰੀ ਗੇਟ ਅੱਜ ਤੱਕ ਆਪਣੀ ਦੁਰਦਸ਼ਾ ’ਤੇ ਹੰਝੂ ਵਹਾ ਰਹੇ ਹਨ। ਮਿਸ਼ਨ ਮੁੱਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਇੱਥੇ ਪ੍ਰੈਸ ਨੂੰ ਉਕਤ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਰਕਾਰੀ ਯਾਦਗਾਰੀ ਗੇਟਾਂ ਦੀ ਹਾਲਤ ਨਾ ਸੁਧਾਰੇ ਜਾਣਾ ਪ੍ਰਸ਼ਾਸ਼ਨਿਕ ਲਾਪ੍ਰਵਾਹੀ ਦਾ ਜਿਊਂਦਾ ਜਾਗਦਾ ਸਬੂਤ ਹਨ ਜਿਸ ਕਰਕੇ ਆਮ ਲੋਕਾਂ ਵਿੱਚ ਭਾਰੀ ਨਰਾਜ਼ਗੀ ਪਾਈ ਜਾ ਰਹੀ ਹੈ। ਪ੍ਰਧਾਨ ਢੋਸੀਵਾਲ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਐੱਮ.ਐੱਲ.ਏ. ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਐਂਟਰੀ ਵਾਲੀਆਂ ਸਾਰੀਆਂ ਸੜਕਾਂ ਉਪਰ ਲਾਲ ਰੰਗ ਵਾਲੇ ਸਰਕਾਰੀ ਯਾਦਗਾਰੀ ਗੇਟਾਂ ਦੀ ਸਾਰ ਲਈ ਜਾਵੇ ਅਤੇ ਇਨ੍ਹਾਂ ਦੀ ਹਾਲਤ ਤੁਰੰਤ ਸੁਧਾਰੀ ਜਾਵੇ।

