ਕੋਟਕਪੂਰਾ, 25 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ’ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜੋ ਹਰ ਵਿਸ਼ੇਸ਼ ਦਿਵਸ ਨੂੰ ਵਿਸ਼ਸ਼ ਤੌਰ ’ਤੇ ਮਨਾਉਂਦੀ ਹੈ। ਇਸ ਸਕੂਲ ਵਿੱਚ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਪ੍ਰਤੀਕ ‘ਗਣਤੰਤਰਤਾ ਦਿਵਸ’ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਸ਼ਬਦ ‘ਦੇਹਿ ਸ਼ਿਵਾ……’ ਸ਼ਬਦ ਨਾਲ ਹੋਇਆ। ਇਸ ਤੋਂ ਬਾਅਦ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਇੱਕ ਗਰੁੱਪ ਡਾਂਸ ਪੇਸ਼ ਕੀਤਾ ਗਿਆ। ਪ੍ਰੀ ਨਰਸਰੀ ਅਤੇ ਐੱਲ.ਕੇ.ਜੀ. ਦੇ ਨੰਨ੍ਹੇ ਵਿਦਿਆਰਥੀਆਂ ਵੱਲੋਂ ਵੀ ਇੱਕ ਸਮੂਹਿਕ ਡਾਂਸ ਪੇਸ਼ ਕੀਤਾ ਗਿਆ। ਯੂ.ਕੇ.ਜੀ. ਅਤੇ ਪਹਿਲੀ ਕਲਾਸ ਦੇ ਵਿਦਿਆਰਥੀਆਂ ਨੇ ਇੱਕ ਕੋਰੀਓਗ੍ਰਾਫ਼ੀ ਪੇਸ਼ ਕਰਕੇ ਨੰਨ੍ਹੇ ਅਦਾਕਾਰ ਹੋਣ ਦਾ ਸਬੂਤ ਦਿੱਤਾ। ਦੂਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ‘ਇੰਡੀਅਨ ਬੀਟ’ ਵਿੱਚ ਸਭ ਨੂੰ ਮਸਤ ਕਰ ਦਿੱਤਾ। ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੋਰੀਓਗ੍ਰਾਫ਼ੀ ਨਾਲ ਪ੍ਰੋਗਰਾਮ ਆਪਣੇ ਅੰਤਿਮ ਪੜਾਅ ਵੱਲ ਵਧਿਆ। ਵਿਦਿਆਰਥੀਆਂ ਨੇ ‘ਨਸ਼ੇ ਵਿੱਚ ਨਾ ਹੋਵੋ ਗਲ਼ਤਾਨ, ਬਣ ਜਾਣੋ ਦੇਸ਼ ਦਾ ਮਾਣ’ ਕੋਰੀਓਗ੍ਰਾਫ਼ੀ ਪੇਸ਼ ਕਰਕੇ ਸਭ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਦੇਸ਼ ਸਾਡੇ ਲਈ ਕੀ ਹੈ, ਅਸੀਂ ਦੇਸ਼ ਲਈ ਕੀ ਕਰ ਸਕਦੇ ਅਤੇ ਅਸੀਂ ਕਰ ਕੀ ਰਹੇ ਹਾਂ? ਜ਼ਿਕਰਯੋਗ ਹੈ ਕਿ ਇਸ ਦਿਨ ਇੰਟਰ ਹਾਊਸ ਡਿਸਪਲੇਅ ਬੋਰਡ ਕੰਪੀਦੀਸ਼ਨ ਵੀ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਦੇਸ਼ ਸਾਡੇ ਲਈ ਕੀ ਕਰ ਸਕਦਾ ਹੈ, ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਦੇਸ਼ ਲਈ ਕੀ ਕਰ ਸਕਦੇ ਹਾਂ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਭਿੰਨਿਤਾਵਾਂ ਭਰੇ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਦਾ ਸੁਨੇਹਾ ਦਿੱਤਾ। ਸਕੂਲ ਦੇ ਨੇਵੀ ਕੈਡਿਟ ਅਤੇ ਆਰਮੀ ਕੈਡਿਟ ਵੱਲੋਂ ਰਾਸ਼ਟਰੀ ਗਾਣ ਗਾ ਕੇ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਇਸ ਸਮੇਂ ਸਕੂਲ ਦੇ ਸਾਰੇ ਅਧਿਆਪਕ ਸਾਹਿਬਾਨ ਅਤੇ ਕੁਆਰਡੀਨੇਟਰਜ਼ ਵੀ ਮੌਜੂਦ ਸਨ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵੀ ਵਿਦਿਆਰਥੀਆਂ ਨੂੰ ਗਣਤੰਤਰਤਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਦੇਸ਼ ਦੇ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਪ੍ਰਗਤੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।

