ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾਃ 25 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਨਾਟਸ਼ਾਲਾ ਸੰਸਥਾ ਅੰਮ੍ਰਿਤਸਰ ਦੇ ਬਾਨੀ ਤੇ ਪ੍ਰਸਿੱਧ ਨਾਟਕਕਾਰ ਜਤਿੰਦਰ ਬਰਾੜ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ. ਗਿੱਲ ਨੇ ਕਿਹਾ ਕਿ ਉਹ ਨਾਟ ਜਗਤ ਦੇ ਭੀਸ਼ਮ ਪਿਤਾਮਾ ਸਨ।
ਅੰਮ੍ਰਿਤਸਰ ਵਿੱਚ ਆਪਣੀ ਵਿਸ਼ਾਲ ਫੈਕਟਰੀ ਦੇ ਅੰਦਰ ਨਾਟਸ਼ਾਲਾ ਦੀ ਸਥਾਪਨਾ ਕਰਕੇ ਉਨ੍ਹਾਂ ਨਾਟਕ ਸਰਗਰਮੀਆਂ ਨੂੰ ਭਰਪੂਰ ਹੁਲਾਰਾ ਦਿੱਤਾ।
ਮੈਨੂੰ ਮਾਣ ਹੈ ਕਿ ਮੈਂ ਉਨ੍ਹਾਂ ਦਾ ਪਿਆਰ ਪਾਤਰ ਰਿਹਾ ਹਾਂ ਕਿਉਂਕਿ ਉਹ ਮੇਰੇ ਵੱਡੇ ਭਾ ਜੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਜੀ ਦੇ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਲੁਧਿਆਣਾ ਵਿੱਚ ਚਹੇਤੇ ਵਿਦਿਆਰਥੀ ਹੋਣ ਕਾਰਨ ਸਨੇਹ ਕਰਦੇ ਸਨ। ਉਨ੍ਹਾਂ ਦਾ ਪਹਿਲ ਪਲੇਠਾ ਨਾਟਕ “ ਲੋਹੇ ਦੀ ਭੱਠੀ” ਪੜ੍ਹਨ ਦਾ ਸੁਭਾਗ ਵੀ ਪ੍ਰੋ. ਵੜੈਚ ਕਾਰਨ ਹੀ ਮਿਲਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ ,ਪੰਜਾਬੀ ਨਾਟਕ ਕਾਰ ਡਾ. ਆਤਮਜੀਤ ਸਿੰਘ ਮੋਹਾਲੀ, ਡਾ. ਹਰਿਭਜਨ ਸਿੰਘ ਭਾਟੀਆ (ਡਾ.)
ਸੁਰਤਿ ਮੈਗਜ਼ੀਨ ਦੇ ਸੰਪਾਦਕ ਡਾ. ਗੁਰਬੀਰ ਸਿੰਘ ਬਰਾੜ,ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ , ਡਾ. ਗੁਰਇਕਬਾਲ ਸਿੰਘ, ਮਨਜਿੰਦਰ ਧਨੋਆ, ਨਾਟਕਕਾਰ ਤੇ ਪੀਏ ਯੂ ਦੇ ਡਾਇਰੈਕਟਰ ਯੁਵਕ ਭਲਾਈ ਡਾ. ਨਿਰਮਲ ਜੌੜਾ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਨੇ ਵੀ ਜਤਿੰਦਰ ਬਰਾੜ ਜੀ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ।
ਜਤਿੰਦਰ ਬਰਾੜ ਜੀ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਦਿਆਂ ਖ਼ਾਲਸਾ ਕਾਲਿਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਸੁਰਤਿ ਮੈਗਜ਼ੀਨ ਦੇ ਬਸੰਤ ਅੰਕ ਵਿੱਚ ਇਸ ਵਾਰ ਡਾ. ਹਰਿਭਜਨ ਸਿੰਘ ਭਾਟੀਆ ਜੀ ਵੱਲੋਂ ਲਿਖਿਆ ਜਤਿੰਦਰ ਬਰਾੜ ਜੀ ਬਾਰੇ ਵੱਡ ਆਕਾਰੀ ਲੇਖ ਪ੍ਰਕਾਸ਼ਿਤ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਪੜ੍ਹਨਾ ਨਸੀਬ ਨਹੀਂ ਹੋਇਆ। ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਪੰਜਾਬੀ ਭਵਨ ਲੁਧਿਆਣਾ ਵਿਖੇ ਅਕਾਡਮੀ ਵੱਲੋਂ ਉਨ੍ਹਾਂ ਨੂੰ ਸ. ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ ਦਿੱਤਾ ਗਿਆ ਸੀ।
ਸ. ਬਰਾੜ ਨੇ ਕੁਦੇਸਣ ਫ਼ਿਲਮ ਦੀ ਕਹਾਣੀ ਵੀ ਲਿਖੀ ਸੀ। ਉਨ੍ਹਾਂ ਦੇ ਲਿਖੇ ਨਾਟਕਾਂ ਵਿੱਚ ਸ. ਗੁਰਸ਼ਰਨ ਸਿੰਘ , ਕੇਵਲ ਧਾਲੀਵਾਲ, ਜਤਿੰਦਰ ਕੌਰ, ਹਰਭਜਨ ਸਿੰਘ ਜੱਬਲ ਤੇ ਹਰਦੀਪ ਗਿੱਲ ਤੇ ਅਨੀਤਾ ਵੀ ਅਦਾਕਾਰੀ ਕਰਦੇ ਰਹੇ ਹਨ।
ਉਨ੍ਹਾਂ ਦੇ ਲਿਖੇ ਨਾਟਕਾਂ ਵਿੱਚ
ਲੋਹੇ ਦੀ ਭੱਠੀ,ਕੁਦੇਸਣ,ਟੋਆ,ਫ਼ਾਈਲ ਚੱਲਦੀ ਹੈ,ਫ਼ਾਸਲੇ,ਅਰਮਾਨ, ਮਿਰਚ ਮਸਾਲਾ ਤੇ ਪਾਏਦਾਨ ਪ੍ਰਮੁੱਖ ਹਨ।

