
ਕੋਟਕਪੂਰਾ, 27 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੋਦ ਲਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਹਰੀਨੌ ਵਿੱਚ ਲਾਇਨਜ ਕਲੱਬ ਕੋਟਕਪੂਰਾ ਰਾਇਲ ਵਲੋਂ 77ਵਾਂ ਗਣਤੰਤਰ ਦਿਹਾੜਾ ਮਨਾਇਆ ਗਿਆ। ਸਭ ਤੋਂ ਪਹਿਲਾਂ ਝੰਡਾ ਲਹਿਰਾਉਣ ਦੀ ਰਸਮ ਇੰਜੀ. ਭੁਪਿੰਦਰ ਸਿੰਘ ਕਮਬੋਂ ਫਸਟ ਵਾਈਸ ਪ੍ਰਧਾਨ ਨੇ ਨਿਭਾਈ। ਉਪਰੰਤ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਕਲੱਬ ਦੇ ਚਾਰਟਰ ਪ੍ਰਧਾਨ ਡਾ. ਸੁਨੀਲ ਛਾਬੜਾ ਮੈਂਬਰਸ਼ਿਪ ਚੇਅਰਮੇਨ ਆਪਣੇ 77ਵੇਂ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾ ਦੱਸਿਆ ਕਿ ਸਾਡਾ ਦੇਸ਼ 1929 ਵਿੱਚ ਹੀ ਆਜਾਦ ਹੋ ਜਾਣਾ ਸੀ, ਅੰਗਰੇਜ਼ਾਂ ਨੇ ਕਿਹਾ ਕਿ ਭਾਰਤ ਨੂੰ ਆਜਾਦੀ ਤਾਂ ਦਿੱਤੀ ਜਾ ਸਕਦੀ ਹੈ ਪਰ ਤੁਹਾਨੂੰ ਇੰਗਲੈਂਡ ਦੇ ਅਧੀਨ ਰਹਿਣਾ ਪਵੇਗਾ। ਉਸ ਸਮੇਂ ਦੇ ਲੀਡਰ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਹੋਰ ਲੀਡਰਾਂ ਵਲੋਂ ਇਸ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਭਾਰਤ ਨੂੰ ਅਜਾਦ ਕਰਵਾਉਣ ਲਈ ਆਪਣਾ ਸੰਘਰਸ਼ ਜਾਰੀ ਰੱਖਿਆ ਅਤੇ ਅਜਾਦ ਕਰਵਾਉਣ ਵਿੱਚ ਕੁਰਬਾਨੀਆਂ ਵੀ ਦਿੱਤੀਆਂ ਗਈਆਂ, ਆਖਰ 15 ਅਗਸਤ 1949 ਨੂੰ ਭਾਰਤ ਨੂੰ ਅਜਾਦੀ ਦਿਵਾਈ, ਫਿਰ ਦੇਸ਼ ਚਲਾਉਣ ਲਈ ਭਾਰਤ ਦਾ ਸੰਵਿਧਾਨ ਵਕੀਲਾਂ ਦੀ ਸਲਾਹ ਲੈ ਕੇ ਡਾ ਬੀ.ਆਰ. ਅੰਬੇਦਕਰ ਦੀ ਅਗਵਾਈ ਵਿੱਚ ਟੀਮ ਬਣਾ ਕੇ ਸੰਵਿਧਾਨ ਬਣਾਇਆ ਗਿਆ, ਜਿਸ ਵਿੱਚ ਹਰ ਇਕ ਪਾਰਟੀ, ਹਰ ਇਕ ਜਾਤੀ ਅਤੇ ਹਰ ਇਕ ਧਰਮ ਨੂੰ ਪੂਰੀ ਪ੍ਰਤੀਨਿਧਤਾ ਦਿੱਤੀ ਗਈ। ਦੇਸ਼ ਦਾ ਸੰਵਿਧਾਨ ਤਾਂ 1949 ਵਿੱਚ ਹੀ ਮੁਕੰਮਲ ਹੋ ਗਿਆ ਸੀ ਪਰ ਉਸਨੂੰ ਲਾਗੂ 26 ਜਨਵਰੀ 1950 ਨੂੰ ਕੀਤਾ ਗਿਆ। ਕਲੱਬ ਦੇ ਪੀ.ਆਰ.ਓ. ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਮੁਤਾਬਿਕ ਨਛੱਤਰ ਸਿੰਘ ਸਕੱਤਰ ਅਤੇ ਸੁਰਜੀਤ ਸਿੰਘ ਘੁਲਿਆਣੀ ਨੇ ਦੱਸਿਆ ਕਿ ਇਸ ਮੌਕੇ 27 ਸਕੂਲੀ ਬੱਚਆਂ ਵਲੋਂ ਦੇਸ਼ ਭਗਤੀ ਦੇ ਗੀਤ ਅਤੇ ਵੱਖ-ਵੱਖ ਤਰਾਂ ਦੇ ਰੰਗਾਰੰਗ ਪੋ੍ਰਗਰਾਮ ਪੇਸ਼ ਕੀਤੇ। ਉਹਨਾ ਦੱਸਿਆ ਕਿ ਬੱਚਿਆਂ ਨੂੰ ਭੁਪਿੰਦਰ ਸਿੰਘ ਵਲੋਂ 1100 ਰੁਪਏ ਅਤੇ ਕਲੱਬ ਵਲੋਂ ਬੱਚਿਆਂ ਦੀ ਹੌਂਸਲਾ ਅਫਜਾਈ ਲਈ 3100 ਰੁਪਏ ਦਿੱਤੇ ਗਏ। ਸਕੂਲੀ ਬੱਚਿਆਂ ਨੂੰ ਦੁੱਧ ਅਤੇ ਬਿਸਕੁਟ ਵੀ ਵੰਡੇ ਗਏ। ਸਕੂਲ ਦੇ ਇੰਚਾਰਜ ਦੀਪਕ ਬਾਂਸਲ ਨੇ ਕਲੱਬ ਦਾ ਧੰਨਵਾਦ ਕਰਦਿਆਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਲੱਬ ਦੇ ਮੈਂਬਰ ਬੀਰਇੰਦਰਪਾਲ ਸ਼ਰਮਾ, ਡਾ. ਗੁਰਮੀਤ ਸਿੰਘ ਧਾਲੀਵਾਲ, ਬਲਜੀਤ ਸਿੰਘ ਐਮ.ਡੀ. ਦਸਮੇਸ਼ ਮਿਸ਼ਨ ਸਕੂਲ ਹਰੀਨੌ, ਡਾ. ਹਰਿੰਦਰ ਸਿੰਘ ਸਿੱਧੂ, ਗੇਜ ਰਾਮ ਭੋਰਾ, ਸਕੂਲ ਸਟਾਫ ਗੁਰਟੇਕ ਸਿੰਘ, ਬਹਾਦਰ ਸਿੰਘ, ਮੰਗਾ ਸਿੰਘ, ਚਰਨਜੀਤ ਕੌਰ, ਨਵਨੀਤ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਨਵਜੀਤ ਕੌਰ ਆਦਿ ਵੀ ਹਾਜਰ ਸਨ।
