*ਕਾਂਗਰਸ ਪਾਰਟੀ ਵੱਲੋਂ ਮਨਰੇਗਾ ਸਕੀਮ ਬਚਾਉਣ ਲਈ ਵੱਖ-ਵੱਖ ਪਿੰਡਾਂ ’ਚ ਰੋਸ ਪ੍ਰਦਰਸ਼ਨ*

ਕੋਟਕਪੂਰਾ, 28 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਦੀ ਜਗਾ ਕੋਈ ਹੋਰ ਸਕੀਮ ਲਿਆ ਕੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਰੁਜਗਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਮਨਰੇਗਾ ਸਕੀਮ ਬਚਾਉਣ ਲਈ ਕਾਂਗਰਸ ਪਾਰਟੀ ਦੀ ਵਿੱਢੀ ਮੁਹਿੰਮ ਦੀ ਲੜੀ ਵਿੱਚ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਇੰਚਾਰਜ ਅਜੈਪਾਲ ਸਿੰਘ ਸੰਧੂ ਦੀ ਅਗਵਾਈ ਵਾਲੀ ਟੀਮ ਨੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵੱਖ ਵੱਖ ਪਿੰਡਾਂ ਵਿੱਚ ਕੀਤੀਆਂ ਭਰਵੀਆਂ ਮੀਟਿੰਗਾਂ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਇਸ ਵੇਲੇ ਜਿੱਥੇ ਇਸ ਸਕੀਮ ਵਿੱਚ ਕੇਂਦਰ ਦੀ 90 ਫੀਸਦੀ ਅਤੇ ਸੂਬਾ ਸਰਕਾਰ ਦੀ 10 ਫੀਸਦੀ ਫੰਡਿੰਗ ਦੀ ਹਿੱਸੇਦਾਰੀ ਹੈ, ਉਦੋਂ ਵੀ ਪੰਜਾਬ ਵਿੱਚ ਮਜਦੂਰਾਂ ਨੂੰ ਨਿਰਧਾਰਤ ਦਿਨ ਰੁਜਗਾਰ ਨਹੀਂ ਮਿਲਿਆ, ਉੱਥੇ ਹੀ ਹੁਣ ਇਸ ਅਨੁਪਾਤ ਨੂੰ ਬਦਲ ਕੇ 60:40 ਕਰ ਦਿੱਤਾ ਗਿਆ ਹੈ। ਉਹਨਾ ਦਾਅਵਾ ਕੀਤਾ ਕਿ ਮਨਰੇਗਾ ਤਹਿਤ ਲੋਕਾਂ ਨੂੰ 100 ਦਿਨ ਦਾ ਰੁਜਗਾਰ ਹਾਸਲ ਕਰਨ ਦਾ ਹੱਕ ਸੀ ਪਰ ਨਵੀਂ ਸਕੀਮ ਤਹਿਤ ਕੇਂਦਰ ਵਲੋਂ ਸੂਬਾ ਸਰਕਾਰ ਨੂੰ ਫੰਡ ਦੇ ਕੇ ਉਸ ਦੇ ਤਹਿਤ ਕੰਮ ਕਰਵਾਉਣ ਲਈ ਆਖਿਆ ਜਾਵੇਗਾ। ਸੰਭਾਵਿਤ ਤੌਰ ’ਤੇ ਇਸ ਨਾਲ ਭਾਜਪਾ ਦੀ ਭਾਈਵਾਲੀ ਵਾਲੀਆਂ ਰਾਜ ਸਰਕਾਰਾਂ ਨੂੰ ਵੱਧ ਫੰਡ ਮਿਲਣਗੇ। ਅਜੈਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਦੀ ਹਾਜਰੀ ਵਿੱਚ ਪਿੰਡ ਵਾੜਾਦਰਾਕਾ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵੱਖ ਵੱਖ ਪਿੰਡਾਂ ਜਿਵੇਂ ਕਿ ਚੰਦਬਾਜਾ, ਵਾਂਦਰ ਜਟਾਣਾ, ਕੋਠੇ ਨਾਨਕਸਰ, ਮਚਾਕੀ ਮੱਲ ਸਿੰਘ, ਖਾਰਾ, ਹਰੀਨੌ, ਟਹਿਣਾ, ਪੱਕਾ ਆਦਿ ਸਮੇਤ ਅਨੇਕਾਂ ਹੋਰ ਪਿੰਡਾਂ ਅਤੇ ਦਿਹਾਤੀ ਹਲਕਿਆਂ ਵਿੱਚ ਵੀ ਜਾਰੀ ਰਹੀ, ਜਿੱਥੇ ਭਰਵੀਂ ਗਿਣਤੀ ਵਿੱਚ ਵੱਖ ਵੱਖ ਪਿੰਡਾਂ ਦੇ ਵਸਨੀਕਾਂ ਨੇ ਇਸ ਮੁਹਿੰਮ ਦਾ ਸਾਥ ਦੇਣ ਅਤੇ ਕੇਂਦਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ। ਉਹਨਾਂ ਆਖਿਆ ਕਿ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਮਿਲੀਭੁਗਤ ਨਾਲ ਕਿਰਤੀ ਲੋਕਾਂ ਅਰਥਾਤ ਮਜਦੂਰਾਂ ਦੇ ਚੁੱਲੇ ਠੰਡੇ ਕਰਨ ਦੀ ਸਾਜਿਸ਼ ਦਾ ਕਾਂਗਰਸ ਪਾਰਟੀ ਮੂੰਹ ਤੋੜ ਜਵਾਬ ਦੇਵੇਗੀ। ਉਹਨਾ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਮਨਰੇਗਾ ਸਕੀਮ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨਵਦੀਪ ਸਿੰਘ ਬੱਬੂ ਬਰਾੜ, ਦਰਸ਼ਨ ਸਿੰਘ ਸਹੋਤਾ, ਦਾਰਾ ਸਿੰਘ ਮੋੜ, ਅਜਾਇਬ ਸਿੰਘ ਚਹਿਲ, ਗੁਰਸੇਵਕ ਸਿੰਘ ਨੀਲਾ, ਅਮਰਜੀਤ ਸਿੰਘ ਸੁੱਖਾ ਖਾਰਾ, ਬਲਵੰਤ ਸਿੰਘ ਭਾਣਾ, ਪ੍ਰਦੀਪ ਕੁਮਾਰ ਕੁੱਕੀ ਚੋਪੜਾ, ਜੈ ਪ੍ਰਕਾਸ਼ ਆਦਿ ਨੇ ਵੀ ਸੰਬੋਧਨ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਵੱਲੋਂ ਨਰੇਗਾ ਨੂੰ ਵਾਪਸ ਲੈ ਕੇ ਨਵੇਂ ਨਾਂ ਹੇਠ ਕਮਜ਼ੋਰ ਕਰਨ ਦਾ ਫ਼ੈਸਲਾ ਦੇਸ਼ ਭਰ ਦੇ ਕਰੋੜਾਂ ਗਰੀਬ ਤੇ ਮਿਹਨਤੀ ਲੋਕਾਂ ਦੀ ਰੋਜ਼ੀ-ਰੋਟੀ ’ਤੇ ਸਿੱਧਾ ਹਮਲਾ ਹੈ। ਉਹਨਾ ਅੰਕੜਿਆਂ ਸਹਿਤ ਵੇਰਵਾ ਦਿੰਦਿਆਂ ਆਖਿਆ ਕਿ ਭਾਜਪਾ ਸਰਕਾਰ ਲੋਕਾਂ ਲਈ ਬਣਾਈਆਂ ਗਈਆਂ ਕਾਂਗਰਸ ਦੀਆਂ ਲੋਕ-ਹਿਤੀ ਨੀਤੀਆਂ ਨੂੰ ਇਕ-ਇਕ ਕਰਕੇ ਤੋੜਨ ’ਤੇ ਤੁਲੀ ਹੋਈ ਹੈ। ਇਨ੍ਹਾਂ ਨੂੰ ਕਿਸਾਨ, ਮਜ਼ਦੂਰ ਜਾਂ ਗਰੀਬ ਨਾਲ ਕੋਈ ਸਰੋਕਾਰ ਨਹੀਂ, ਸਾਰੀ ਨੀਤੀ ਸਿਰਫ਼ ਆਪਣੇ ਉਦਯੋਗਪਤੀ ਦੋਸਤਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਬਣਾਈ ਜਾ ਰਹੀ ਹੈ।

