ਐਬਸਫੋਰਡ, 28 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਸਾਹਿਤਕ ਅਤੇ ਵਿਦਿਅਕ ਹਲਕਿਆਂ ਵਿੱਚ ਜਾਣੀ-ਪਛਾਣੀ ਸ਼ਖ਼ਸੀਅਤ ਅਤੇ ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ ਦੇ ਪ੍ਰਧਾਨ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਪ੍ਰਿੰ. ਸੁਰਿੰਦਰਪਾਲ ਕੌਰ, ਸੁੱਖਾਨੰਦ ਕਾਲਜ ਦੇ ਬਾਨੀ ਸਕੱਤਰ ਸਵਰਗਵਾਸੀ ਮਲਕੀਤ ਸਿੰਘ ਬਰਾੜ ਦੇ ਜੀਵਨ ਸਾਥਣ ਸਨ। ਉਹ ਆਪਣੇ ਪਿੱਛੇ ਦੋ ਧੀਆਂ ਅਤੇ ਇੱਕ ਪੁੱਤਰ ਸਮੇਤ ਭੈਣ-ਭਰਾਵਾਂ ਅਤੇ ਸਾਹਿਤਕਾਰਾਂ ਦਾ ਵੱਡਾ ਪਰਿਵਾਰ ਛੱਡ ਗਏ ਹਨ। ਮੂਲ ਰੂਪ ਵਿੱਚ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਪ੍ਰਿੰਸੀਪਲ ਬਰਾੜ ਲੰਬੇ ਸਮੇਂ ਤੋਂ ਐਬਸਫੋਰਡ (ਬੀ.ਸੀ.) ਵਿੱਚ ਰਹਿ ਕੇ ਸਾਹਿਤਕ ਸਰਗਰਮੀਆਂ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਸਨ।
ਪ੍ਰਿੰਸੀਪਲ ਬਰਾੜ ਨੇ ਜਿੱਥੇ ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਦੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਈਆਂ, ਉੱਥੇ ਹੀ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਵੀ ਰਹੇ। ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ 9 ਪੁਸਤਕਾਂ ਪਾਈਆਂ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਦਸੰਬਰ 2025 ਵਿੱਚ ਉਨ੍ਹਾਂ ਦੀ ਪ੍ਰਧਾਨਗੀ ਹੇਠ ਐਬਸਫੋਰਡ ਵਿੱਚ ਇੱਕ ਵੱਡਾ ਸਾਹਿਤਕ ਸਮਾਗਮ ਹੋਇਆ ਸੀ, ਜਿੱਥੇ ‘ਸਾਡਾ ਵਿਰਸਾ ਸਾਡਾ ਗੌਰਵ’ ਸੰਸਥਾ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਸੀ।
ਪ੍ਰਿੰਸੀਪਲ ਬਰਾੜ ਦਾ ਦਾਹ ਸੰਸਕਾਰ 31 ਜਨਵਰੀ (ਸ਼ਨੀਵਾਰ) ਨੂੰ ਸਵੇਰੇ 10 ਵਜੇ ਫਰੇਜ਼ਰ ਰਿਵਰ ਸ਼ਮਸ਼ਾਨਘਾਟ (2061 Riverside Rd, Abbotsford) ਵਿਖੇ ਕੀਤਾ ਜਾਵੇਗਾ। ਉਪਰੰਤ ਸਹਿਜ ਪਾਠ ਦੇ ਭੋਗ ਅਤੇ ਅਰਦਾਸ ਦੁਪਹਿਰ 11:30 ਵਜੇ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਵਿਖੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਮਲ ਪੰਨੂ (604-613-1919), ਜਿਨੀ ਸਿੰਘ (+61 448 101026) ਜਾਂ ਗੁਰਵਿੰਦਰ ਸਿੰਘ ਬਰਾੜ (604-374-6201) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

