ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਉੱਪਰ ਪਿੰਡ ਸੰਧਵਾਂ ਵਿਖੇ ਉਸ ਵੇਲੇ ਸੁਰੱਖਿਆ ’ਤੇ ਤੈਨਾਤ ਪੁਲਿਸ ਕਰਮਚਾਰੀਆਂ ਅਤੇ ਸਦਰ ਥਾਣੇ ਦੇ ਪੁਲਿਸ ਅਧਿਕਾਰੀਆਂ ਵਿੱਚ ਭਗਦੜ ਮੱਚ ਗਈ, ਜਦੋਂ ਆਮ ਆਦਮੀ ਪਾਰਟੀ ਦੇ ਦੋ ਵਰਕਰ ਸਪੀਕਰ ਸੰਧਵਾਂ ਦੀ ਰਿਹਾਇਸ਼ ਨੇੜੇ ਲੱਗੇ ਮੋਬਾਇਲ ਟਾਵਰ ਉੱਪਰ ਚੜ ਕੇ ਰੋਸ ਪ੍ਰਗਟਾਉਣ ਲੱਗੇ। ਅੱਜ ਸਵੇਰੇ ਕਰੀਬ 9:30 ਵਜੇ ਨੇੜਲੇ ਪਿੰਡ ਹਰੀਨੌ ਦਾ ਵਸਨੀਕ ‘ਆਪ’ ਆਗੂ ਗੁਰਜੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਅਤੇ ‘ਆਪ’ ਵਰਕਰ ਸੰਦੀਪ ਸਿੰਘ ਪੁੱਤਰ ਅਵਤਾਰ ਸਿੰਘ ਨੇ ਨਾਮਜਦਗੀ ਪੱਤਰ ਰੱਦ ਹੋਣ ਦਾ ਰੋਸ ਪ੍ਰਗਟਾਉਂਦਿਆਂ ਟਾਵਰ ਉੱਪਰ ਚੜ੍ਹ ਕੇ ਇਨਸਾਫ ਦੀ ਮੰਗ ਕੀਤੀ। ਗੁਰਜੀਤ ਸਿੰਘ ਦਾ ਰੋਸ ਸੀ ਕਿ ਉਸ ਨੇ ਆਪਣੀ ਮਾਤਾ ਹਰਪਾਲ ਕੌਰ ਦੇ ਪਿੰਡ ਹਰੀਨੌ ਦੀ ਸਰਪੰਚੀ ਦੀ ਚੋਣ ਲਈ ਨਾਮਜਦਗੀ ਪੱਤਰ ਦਾਖਲ ਕਰਵਾਏ ਸਨ ਪਰ ਉਹ ਰੱਦ ਹੋ ਗਏ। ਸਵੇਰੇ 9:30 ਵਜੇ ਟਾਵਰ ’ਤੇ ਚੜੇ ਉਕਤ ‘ਆਪ’ ਆਗੂਆਂ ਨੂੰ ਹੇਠਾਂ ਲਿਆਉਣ ਲਈ ਜਦ ਸਦਰ ਥਾਣੇ ਦੀ ਪੁਲਿਸ ਬੇਵੱਸ ਨਜਰ ਆਈ ਤਾਂ ਕਰੀਬ 50 ਮਿੰਟਾਂ ਬਾਅਦ ਅਰਥਾਤ 10:20 ਵਜੇ ਸਪੀਕਰ ਸੰਧਵਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਦੀ ਬੇਨਤੀ ’ਤੇ ਦੋਨੋਂ ਟਾਵਰ ਤੋਂ ਹੇਠਾਂ ਉੱਤਰ ਆਏ ਤਾਂ ਪੁਲਿਸ ਪ੍ਰਸ਼ਾਸ਼ਨ ਨੇ ਸੁੱਖ ਦਾ ਸਾਹ ਲਿਆ। ਐਡਵੋਕੇਟ ਬੀਰਇੰਦਰ ਸਿੰਘ ਨੇ ਆਖਿਆ ਕਿ ਪੰਚਾਇਤੀ ਚੋਣਾ ਦੀ ਪ੍ਰਕਿਰਿਆ ਵਿੱਚ ਕੋਈ ਸਿਆਸੀ ਦਖਲਅੰਦਾਜੀ ਨਹੀਂ ਹੈ।