ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹੀਨਾਵਾਰੀ ਗੁਰਮਤਿ ਸਮਾਗਮ ਸਥਾਨਕ ਗੁਰਦੁਆਰਾ ਸਾਹਿਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੁਹੱਲਾ ਹਰਨਾਮਪੁਰਾ ਵਿਖੇ ਆਯੋਜਿਤ ਕੀਤਾ ਗਿਆ ਹੈ। ਸਮਾਗਮ ਦੀ ਆਰੰਭਤਾ ਬੱਚੀ ਵਰਸੀਰਤ ਕੌਰ ਨੇ ‘ਦਲਭੰਜਨ ਗੁਰੂ ਸੁਰਮਾ ਵਡ ਜੋਧਾ ਬਹੁ ਪਰਉਪਕਾਰੀ’ ਸ਼ਬਦ ਗਾਇਣ ਕਰਨ ਨਾਲ ਹੋਈ। ਇਸ ਤੋਂ ਬਾਅਦ ਵਿਸ਼ੇਸ਼ ਤੌਰ ’ਤੇ ਪਹੁੰਚੇ ਕੀਰਤਨੀਏ ਜਥੇ ਭਾਈ ਬਲਜੀਤ ਸਿੰਘ ਨੇ ਰਸਭਿੰਨਾ ਕੀਰਤਨ ਕੀਤਾ। ਇਸ ਤੋਂ ਪਹਿਲਾਂ ਬੀਬੀਆਂ ਪ੍ਰੀਤਮਹਿੰਦਰ ਕੌਰ, ਗੁਰਸਹਿਪ੍ਰੀਤ ਕੌਰ, ਮਨਕੀਰਤ ਕੌਰ, ਜਸਨੀਤ ਕੌਰ, ਗੁਰਕੀਰਤ ਕੌਰ ਅਤੇ ਹਰਗੁਣ ਸਿੰਘ ਨੇ ਸ਼ਬਦ ਗੁਰੂ ਨਾਲ ਜੋੜਨ ਦਾ ਯਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਪਰਮਜੀਤ ਸਿੰਘ ਖਾਲਸਾ ਨੇ ਕਥਾ ਕਰਦਿਆਂ ਸੰਗਤ ਨੂੰ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਸਲੋਕ ‘ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ’ ਬਾਰੇ ਵਿਸਥਾਰ ਨਾਲ ਵਿਆਖਿਆ ਕਰਦਿਆਂ ਕਿਹਾ ਕਿ ਬਾਬਾ ਬੁੱਢਾ ਜੀ ਦੀ ਗੁਰੂ ਨਾਨਕ ਪਾਤਸ਼ਾਹ ਜੀ ਨਾਲ 12 ਸਾਲ ਦੀ ਉਮਰ ਵਿੱਚ ਹੀ ਮੁਲਾਕਾਤ ਹੋਈ। ਬਾਬਾ ਬੁੱਢਾ ਜੀ ਹੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਣੇ। ਆਦਿ ਬਾਰੇ ਵਿਸਥਾਰ ਨਾਲ ਦੱਸਿਆ। ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਨੇ ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਅਗਲੇਰੇ ਕਾਰਜਾਂ ਦੀ ਰੂਪ ਰੇਖਾ ਵੀ ਸਾਰੀ ਸੰਗਤ ਨਾਲ ਸਾਂਝੀ ਕੀਤੀ।