ਬਰੈਂਪਟਨ , 11 ਮਾਰਚ ( ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼ )
ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਫ਼ਾਊਂਡਰ , ਪ੍ਰਧਾਨ ਅਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ 8 ਮਾਰਚ ਐਤਵਾਰ ਨੂੰ ਮਹੀਨਾਵਾਰ ਅੰਤਰਰਾਸ਼ਟਰੀ ਵੈਬੀਨਾਰ ( ਕਾਵਿ ਮਿਲਣੀ ) ਪ੍ਰੋਗਰਾਮ , ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਕਰਾਇਆ ਗਿਆ । ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਨੇ ਹਿੱਸਾ ਲਿਆ । ਰਮਿੰਦਰ ਰੰਮੀ ਨੇ ਸੱਭ ਨੂੰ ਨਿੱਘਾ ਜੀ ਆਇਆਂ ਕਿਹਾ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਹੋ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਸਾਂਝੀ ਕੀਤੀ । ਇਸ ਕਾਵਿ ਮਿਲਣੀ ਦਾ ਮੰਚ ਸੰਚਾਲਨ ਸੰਸਥਾ ਦੇ ਕਨਵੀਨਰ ਡਾ . ਬਲਜੀਤ ਕੌਰ ਰਿਆੜ ਜੀ ਨੇ ਕੀਤਾ ਜੋ ਬਹੁਤ ਕਾਬਿਲੇ ਤਾਰੀਫ਼ ਸੀ ।ਡਾ . ਬਲਜੀਤ ਜੀ ਬਹੁਤ ਮੰਝੇ ਹੋਏ ਐਂਕਰ ਅਤੇ ਹੋਸਟ ਹਨ । ਡਾ. ਬਲਜੀਤ ਕੌਰ ਰਿਆੜ ਨੇ ਬੜੇ ਵਿਦਵਤਾ ਭਰਪੂਰ ਅੰਦਾਜ਼ ਨਾਲ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਵਿਲੱਖਣ ਅੰਦਾਜ਼ ਵਿੱਚ ਸਭ ਦੀ ਜਾਣਕਾਰੀ ਦਿੱਤੀ । ਡਾ . ਬਲਜੀਤ ਜੀ ਨੇ ਦੱਸਿਆ ਕਿ ਵਿਚਾਰ ਚਰਚਾ ਪੈਨਲ ਵਿਚ ਹਾਜ਼ਰੀਨ ਵਿਦਵਾਨ ਆਪਣੇ ਆਪ ਵਿੱਚ ਇੱਕ ਸੰਸਥਾ ਹਨ ।
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਰਮਿੰਦਰ ਵਾਲੀਆ ਦੀ ਅਗਵਾਈ ਵਿੱਚ ਕਰਾਏ ਗਏ ਇਸ ਪ੍ਰੋਗਰਾਮ ਵਿੱਚ ਕਵੀ ਦਰਬਾਰ ਅਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ ।ਇਸ ਪ੍ਰੋਗਰਾਮ ਵਿੱਚ ਵਿਦਵਾਨ ਤੇ ਚਿੰਤਕ ਔਰਤਾਂ ਨੇ ਸ਼ਿਰਕਤ ਕੀਤੀ । ਡਾਕਟਰ ਸਰਬਜੀਤ ਕੌਰ ਸੋਹਲ ਚੇਅਰ ਪਰਸਨ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਆਪਣੀ ਖ਼ੂਬਸੂਰਤ ਨਜ਼ਮ ( ਸਮਝਦਾਰ ਔਰਤਾਂ ) ਦੀ ਪੇਸ਼ਕਾਰੀ ਕਰਕੇ , ਆਪਣੇ ਵਿਚਾਰ ਸਾਂਝੇ ਕਰਦਿਆਂ ਔਰਤ ਦੀ ਸਥਿਤੀ ਨੂੰ ਅਜੋਕੇ ਯੁਗ ਵਿੱਚ ਵੀ ਚੁਣੌਤੀਆਂ ਭਰਪੂਰ ਦੱਸਿਆ ।ਉਹਨਾਂ ਨੇ ਸਮਾਜ ਵਿੱਚ ਪਰਿਵਾਰਿਕ ਸਮਾਜਿਕ ਪੱਧਰ ਤੇ ਔਰਤ ਨਾਲ ਹੁੰਦੇ ਵਿਤਕਰਿਆਂ ਦੀ ਗੱਲ ਕੀਤੀ। ਕੰਮ ਦੇ ਸਥਾਨ ਤੇ ਵੀ ਔਰਤਾਂ ਨੂੰ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ ਇਸ ਸਬੰਧੀ ਵੀ ਉਹਨਾਂ ਨੇ ਵਿਚਾਰ ਪ੍ਰਗਟ ਕੀਤੇ ।ਡਾ. ਸੋਹਲ ਨੇ ਦੱਸਿਆ ਕਿ ਔਰਤ ਦੀਆਂ ਘਰੋਗੀ ਜ਼ਿੰਮੇਵਾਰੀਆਂ ਤੋਂ ਇਲਾਵਾ ਉਹਨੂੰ ਇੱਕ ਵਸਤੂ ਦੇ ਰੂਪ ਵਿੱਚ ਸਮਝੇ ਜਾਣ ਦਾ ਰੁਝਾਨ ਹਾਲੇ ਤੱਕ ਕਾਇਮ ਹੈ। ਔਰਤ ਦੀਆਂ ਭਾਵਨਾਤਮਕ ਲੋੜਾਂ ਨੂੰ ਹਾਲੇ ਵੀ ਕੋਈ ਮਹੱਤਵ ਨਹੀਂ ਦਿੱਤਾ ਜਾਂਦਾ।ਉਹਨਾਂ ਨੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਔਰਤਾਂ ਪ੍ਰਤੀ ਵੀ ਸਮਾਜ ਦੀ ਸੌੜੀ ਮਾਨਸਿਕਤਾ ਦਾ ਜ਼ਿਕਰ ਕੀਤਾ। ਉਪਰੰਤ ਡਾਕਟਰ ਹਰਸ਼ਿੰਦਰ ਕੌਰ ਨੇ ਮਹਿਲਾ ਦਿਵਸ ਦੀ ਮੁਬਾਰਕਬਾਦ ਨੂੰ ਅਜੋਕੇ ਦੌਰ ਵਿੱਚ ਬਹੁਤ ਵੰਗਾਰ ਭਰਿਆ ਦੱਸਿਆ । ਕਿਉਂਕਿ ਹਾਲੇ ਵੀ ਸਿਹਤ ਅੰਕੜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਔਰਤ ਪੂਰੀ ਤਰਾਂ ਸਿਹਤਯਾਬ ਵੀ ਨਹੀਂ ਤੇ ਹਾਲੇ ਵੀ ਸਮਾਜ ਵਿੱਚ ਸ਼ੋਸ਼ਣ ਦਾ ਸ਼ਿਕਾਰ ਵੀ ਹੈ।ਉਹਨਾਂ ਨੇ ਕੁਝ ਘਟਨਾਵਾਂ ਤੇ ਅੰਕੜਿਆਂ ਦੇ ਅਧਾਰ ਤੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ , ਜਿਸ ਨੇ ਸਭ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਉਹਨਾਂ ਨੇ ਬਾਲੜੀਆਂ ਦੇ ਹੁੰਦੇ ਬਲਾਤਕਾਰ ਤੇ ਚਿੰਤਾ ਪ੍ਰਗਟ ਕੀਤੀ ਅਤੇ ਨਾਰੀ ਦਾ ਆਪਣੇ ਆਪ ਨੂੰ ਸੁਰੱਖਿਤ ਨਾ ਸਮਝਣ ਦਾ ਮੁੱਦਾ ਵੀ ਉਠਾਇਆ । ਉਹਨਾਂ ਨੇ ਅਜਿਹੀਆਂ ਉਦਾਹਰਣਾਂ ਵੀ ਦਿੱਤੀਆਂ ਜਿਹੜੀਆਂ ਇੱਕਵੀ ਸਦੀ ਦੀ ਔਰਤ ਨੂੰ ਹਾਲੇ ਵੀ ਇੱਕ ਚੁਣੌਤੀ ਅਤੇ ਚਿੰਤਾ ਨਾਲ ਘੇਰਦੀਆਂ ਹਨ। ਉਹਨਾਂ ਨੇ ਔਰਤ ਦੀ ਮਾਨਸਿਕ ਅਤੇ ਸਮਾਜਿਕ ਪੀੜਾ ਦੀ ਗੱਲ ਕੀਤੀ । ਪਰਿਵਾਰਿਕ ਮੁਸ਼ਕਿਲਾਂ ਦੇ ਨਾਲ ਨਾਲ ਔਰਤਾਂ ਨੂੰ ਸਟੇਟਸ ਸਿੰਬਲ ਦੇ ਰੂਪ ਵਿੱਚ ਵੀ ਆਪਣੀਆਂ ਭਾਵਨਾਵਾਂ ਦੀ ਕੁਰਬਾਨੀ ਦੇਣੀ ਪੈਂਦੀ ਹੈ ।ਉਹਨਾਂ ਨੇ ਆਪਣੇ ਡਾਕਟਰੀ ਪੇਸ਼ੇ ਦੇ ਅਨੁਭਵ ਦੇ ਅਧਾਰ ਤੇ ਚਾਰ ਪੰਜ ਅਜਿਹੇ ਕੇਸ ਦਰਸ਼ਕਾਂ ਨਾਲ ਸਾਂਝੇ ਕੀਤੇ ਜਿਨਾਂ ਵਿੱਚ ਔਰਤ ਨੂੰ ਇੱਕ ਮਾਨਣ ਵਾਲੀ ਵਸਤੂ ਦੇ ਤੌਰ ਤੇ ਸਮਝ ਕੇ ਉਸ ਨਾਲ ਜਾਨਵਰਾਂ ਤੋਂ ਵੀ ਬਦਤਰ ਵਿਹਾਰ ਕੀਤਾ ਗਿਆ ਦੱਸਿਆ । ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਹਾਲੇ ਵੀ ਔਰਤਾਂ ਨੂੰ ਸੈਕਿੰਡ ਸਿਟੀਜਨ ਸਮਝਿਆ ਜਾਂਦਾ ਹੈ। ਉਨ੍ਹਾਂ ਨਾਰੀ ਨੂੰ ਆਪਣੇ ਹੱਕਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ।ਪ੍ਰੋ ਕੁਲਜੀਤ ਕੌਰ ਨੇ ਨਾਰੀ ਦੀ ਜ਼ਿੰਦਗੀ ਨੂੰ ਸਹਿਣਸ਼ੀਲਤਾ,ਸਮਰਪਣ, ਸੰਵੇਦਨਾ ਅਤੇ ਸਾਦਗੀ ਦੇ ਦੇ ਦਾਇਰੇ ਵਿੱਚ ਵਿਚਰਦੀ ਦੱਸਿਆ। ਉਨ੍ਹਾਂ ਕਿਹਾ ਕਿ ਅਜੋਕੀ ਨਾਰੀ ਦੀ ਦੌੜ ਅੱਗੇ ਨਿਕਲਣ ਦੀ ਨਹੀਂ ਸਗੋਂ ਬਰਾਬਰਤਾ ਦੀ ਹੈ। ਡਾ . ਪੁਸ਼ਵਿੰਦਰ ਜੀ ਨੇ ਕਿਬਾ ਕਿ ਔਰਤ ਸ਼ੁਰੂ ਤੋਂ ਹੀ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਹੈ । ਉਹਨਾਂ ਇਹ ਵੀ ਦੱਸਿਆ ਕਿ ਅੱਜ ਦੇ ਦਿਨ ਦੀ ਸਾਰਥਕਤਾ ਇਹੀ ਹੈ ਕਿ ਇੱਕ ਔਰਤ ਦੂਸਰੀ ਔਰਤ ਦਾ ਸਤਿਕਾਰ ਕਰੇ । ਹੋਰ ਵੀ ਬਹੁਤ ਮਹਤੱਵਪੂਰਨ ਨੁਕਤੇ ਉਹਨਾਂ ਸਾਂਝੇ ਕੀਤੇ ।ਡਾ . ਨਿਗਹਤ ਖ਼ੁਰਸ਼ੀਦ ਜੀ ਨੇ ਦੱਸਿਆ ਕਿ ਔਰਤ ਭਾਵੇਂ ਲਹਿੰਦੇ ਦੀ ਹੈ ਜਾਂ ਚੜ੍ਹਦੇ ਦੀ , ਕੈਨੇਡਾ , ਇੰਗਲੈਂਡ , ਅਮਰੀਕਾ ਜਾਂ ਕਿਸੇ ਵੀ ਮੁਲਕ ਦੀ ਹੋਵੇ ਉਸਦੇ ਮਸਲੇ ਇੱਕੋ ਜਿਹੇ ਹਨ ।ਸ . ਮਲੂਕ ਸਿੰਘ ਕਾਹਲੋਂ ਨੇ ਸਾਕਾਰਾਤਮਕ ਸੋਚ ਦਾ ਮਹੱਤਵ ਦੱਸਦਿਆਂ ਨਾਰੀ ਪ੍ਰਤੀ ਸਮਾਜਕ ਸੋਚ ਦੇ ਨਾਲ ਨਾਲ ਸਿਸਟਮ ਦੀਆਂ ਖਾਮੀਆਂ ਬਾਰੇ ਵੀ ਜ਼ਿਕਰ ਕੀਤਾ।ਡਾ . ਦਲਬੀਰ ਸਿੰਘ ਕਥੂਰੀਆ ਜੀ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਨੇ ਮਹਿਲਾ ਦਿਵਸ ਮੌਕੇ ਇਸ ਵਧਾਈ ਦਿੱਤੀ ਤੇ ਪ੍ਰੋਗਰਾਮ ਦੀ ਸਰਾਹੁਣਾ ਵੀ ਕੀਤੀ ।
ਡਾ . ਪ੍ਰਿਤਪਾਲ ਕੌਰ ਚਾਹਲ ਜੀ ਨੇ ਆਪਣੀ ਨਜ਼ਮ ( ਖੁੱਦ ਚੋਂ ਖੁਦਾ ਦੀ ਤਲਾਸ਼ ਅਤੇ ਛੱਲਾ ) ਬਹੁਤ ਸੁਰੀਲੀ ਅਵਾਜ਼ ਵਿੱਚ ਗਾ ਕੇ ਸੁਣਾਈਆਂ। ਗਿੰਮੀ ਸ਼ਗੂਫ਼ਤਾ ਜੀ ਨੇ ਬਹੁਤ ਭਾਵਪੂਰਤ ਨਜ਼ਮ ( ਮੈਂ ਪੜ੍ਹਣਾ ਚਾਹੁੰਦੀ ਸੀ ) ਨੂੰ ਪੇਸ਼ ਕੀਤਾ । ਡਾ . ਨੀਨਾ ਸੈਣੀ ਜੀ ਨੇ ਆਪਣੀ ਮਾਂ ਬਾਰੇ ਦਿਲ ਨੂੰ ਛੂੰਹਦੀ ਇਕ ਨਜ਼ਮ ਸੁਣਾਈ। ਸੁਰਿੰਦਰ ਕੌਰ ਭੋਗਲ ਨੇ ( ਹੁਣ ਲੁੱਕ ਲੁੱਕ ਕਿਉਂ ਰੌਣੀ ਏ ਮਾਏ ) ਬਹੁਤ ਭਾਵਪੂਰਤ ਨਜ਼ਮ ਨੂੰ ਗਾ ਕੇ ਸੁਣਾਇਆ ।
ਅੰਤ ਵਿੱਚ ਚੇਅਰਮੈਨ ਸ . ਪਿਆਰਾ ਕੁੱਦੋਵਾਲ ਜੀ ਨੇ ਪ੍ਰੋਗਰਾਮ ਨੂੰ ਸਮਅਪ ਕਰਦਿਆਂ ਕਿਹਾ ਕਿ ਵਿਦਵਾਨਾਂ ਤੋਂ ਬਹੁਤ ਹੀ ਭਾਵਪੂਰਤ ਗੱਲਾਂ ਸੁਨਣ ਨੂੰ ਮਿਲੀਆਂ । ਉਹਨਾਂ ਨੇ ਕਿਹਾ ਕਿ ਡਾ. ਸੋਹਲ ਨੇ ਆਪਣੀ ਨਜ਼ਮ ਵਿੱਚ ਲੜਕੀਆਂ ਦੇ ਬਹੁਤ ਮਹੀਨ ਮਸਲਿਆਂ ਨੂੰ ਵੀ ਬਹੁਤ ਭਾਵਪੂਰਤ ਤਰੀਕੇ ਨਾਲ ਪੇਸ਼ ਕੀਤਾ ਹੈ । ਉਹਨਾਂ ਕਿਹਾ ਪ੍ਰੋ. ਕੁਲਜੀਤ ਜੀ ਨੇ ਔਰਤ ਦੀ ਬਰਾਬਰੀ ਦੀ ਗੱਲ ਕੀਤੀ ਤੇ ਪੋਜ਼ਿਟਿਵਟੀ ਦੀ ਗੱਲ ਵੀ ਕੀਤੀ ।ਬਹੁਤ ਵਧੀਆ ਵਿਚਾਰ ਉਹਨਾਂ ਪੇਸ਼ ਕੀਤੇ । ਪਿਆਰਾ ਸਿੰਘ ਜੀ ਨੇ ਅੰਤ ਵਿੱਚ ਇਹ ਕਿਹਾ ਕਿ ਅੱਜ ਇਸ ਤਰਾਂ ਲੱਗਿਆ ਕਿ ਜਿਵੇਂ ਅਸੀਂ ਯੂਨੀਵਰਿਸਟੀ ਦੇ ਕਿਸੇ ਹਾਲ ਵਿਚ ਬੈਠੇ ਹੋਈਏ ਤੇ ਵਿਦਵਾਨਾਂ ਵੱਲੋਂ ਪਰਚੇ ਪੜ੍ਹੇ ਗਏ ਹੋਣ ਤੇ ਵਿਚਾਰ ਚਰਚਾ ਕੀਤੀ ਗਈ ਹੋਵੇ । ਉਹਨਾਂ ਆਪਣੀਆਂ ਮੁਲਵਾਨ ਅਤੇ ਉਤਸ਼ਾਹ ਵਧਾਊ ਟਿੱਪਣੀਆਂ ਰਾਹੀਂ ਔਰਤ ਦੀ ਵਰਤਮਾਨ ਸਥਿਤੀ ਬਾਰੇ ਵੀ ਸੂਖਮ ਤੇ ਸੰਵੇਦਨਾ ਭਰਪੂਰ ਵਿਚਾਰ ਸਾਂਝੇ ਕੀਤੇ। ਅੰਤ ਵਿਚ ਉਹਨਾਂ ਨੇ ਆਏ ਹੋਏ ਸੱਭ ਮਹਿਮਾਨਾਂ ਦਾ ਧੰਨਵਾਦ ਕੀਤਾ । ਦੇਸ਼ ਵਿਦੇਸ਼ ਤੋਂ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ । ਇਹ ਰਿਪੋਰਟ ਪ੍ਰੋ. ਕੁਲਜੀਤ ਜੀ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ

