ਕੋਟਕਪੂਰਾ, 11 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਨੇੜਲੇ ਪਿੰਡ ਲਾਲੇਆਣਾ ਨਿਵਾਸੀਆਂ ਵੱਲੋਂ ਆਪਸੀ ਭਾਈਚਾਰਕ ਸਾਂਝ ਅਤੇ ਏਕੇ ਦੀ ਮਿਸਾਲ ਕਾਇਮ ਕੀਤੀ ਗਈ ਹੈ। ਇਸ ਦੌਰਾਨ ਪਿੰਡ ਦੀ ਪੰਚਾਇਤੀ ਚੋਣ ਦੇ ਇਤਿਹਾਸ ਵਿੱਚ ਪਿੰਡ ਨਿਵਾਸੀਆਂ ਵੱਲੋਂ ਪਹਿਲੀ ਵਾਰ ਸਰਪੰਚ ਅਤੇ ਪੰਚਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਪਿੰਡ ਵਿਚ ਹੋਈ ਇਸ ਸਰਬਸੰਮਤੀ ਅਨੁਸਾਰ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਜਸਵਿੰਦਰ ਸਿੰਘ ਖਾਲਸਾ ਦੀ ਧਰਮ ਪਤਨੀ ਬੀਬੀ ਜਸਵੀਰ ਕੌਰ ਖਾਲਸਾ ਨੂੰ ਸਰਪੰਚ ਤੋਂ ਇਲਾਵਾ ਵਾਰਡ ਨੰਬਰ ਇੱਕ ਤੋਂ ਸੰਦੀਪ ਸਿੰਘ ਪੁੱਤਰ ਇਸ਼ਵਰ ਸਿੰਘ, ਵਾਰਡ ਨੰਬਰ ਦੋ ਤੋਂ ਮੰਗਤ ਰਾਏ ਪੁੱਤਰ ਧਰਮ ਚੰਦ, ਵਾਰਡ ਨੰਬਰ ਤਿੰਨ ਤੋਂ ਗਿਆਨ ਚੰਦ ਪੁੱਤਰ ਭਾਗ ਰਾਮ, ਵਾਰਡ ਨੰਬਰ ਚਾਰ ਬੀਬੀ ਚਰਨਜੀਤ ਕੌਰ ਪਤਨੀ ਕਾਕਾ ਸਿੰਘ ਅਤੇ ਵਾਰਡ ਨੰਬਰ ਪੰਜ ਤੋਂ ਬੀਬੀ ਜਸਵਿੰਦਰ ਕੌਰ ਪਤਨੀ ਰਜਿੰਦਰ ਸਿੰਘ ਆਦਿਨੂੰ ਪੰਚ ਚੁਣਿਆ ਗਿਆ ਹੈ। ਇਸ ਮੌਕੇ ਤੇ ਨਵੀਂ ਚੁਣੀ ਗਈ ਪੰਚਾਇਤ ਵੱਲੋਂ ਸਮੂਹ ਪਿੰਡ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਪਿੰਡ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ ਗਿਆ। ਜ਼ਿਕਰਯੋਗ ਹੈ ਕਿ ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵੀ ਜਸਵਿੰਦਰ ਸਿੰਘ ਖਾਲਸਾ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਪਿਛਲੇ ਕਈ ਸਾਲਾਂ ਤੋਂ ਪਿੰਡ ਦੇ ਲੋੜਵੰਦ ਲੋਕਾਂ ਨੂੰ ਰਹਿਣ ਬਸੇਰੇ ਬਣਾ ਕੇ ਦੇਣ, ਅਸਮਰੱਥ ਲੋਕਾਂ ਦੇ ਇਲਾਜ ਕਰਵਾਉਣ, ਹਰ ਮਹੀਨੇ ਰਾਸ਼ਣ ਕਿੱਟਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪਿੰਡ ਨੂੰ ਹਰਿਆ ਭਰਿਆ ਬਨਾਉਣ ਲਈ ਸੈਂਕੜੇ ਬੂਟੇ ਲਗਾਉਣ ਆਦਿ ਲੋਕ ਭਲਾਈ ਕਾਰਜ ਕੀਤੇ ਜਾ ਰਹੇ ਹਨ। ਲੋਕਾਂ ਦੀ ਸੇਵਾ ਵਿਚ ਜੁਟੇ ਹੋਏ ਹਨ। ਉਨ੍ਹਾਂ ਦੀ ਨਿਸਵਾਰਥ ਸੇਵਾ ਭਾਵਨਾ ਨੂੰ ਦੇਖਦੇ ਹੋਏ, ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀ ਦਿਲੀ ਇੱਛਾ ਸੀ ਕਿ ਇਸ ਵਾਰ ਜਸਵਿੰਦਰ ਸਿੰਘ ਖਾਲਸਾ ਨੂੰ ਪਿੰਡ ਦੇ ਸਰਪੰਚ ਆਹੁਦੇ ਦੀ ਜ਼ਿੰਮੇਵਾਰੀ ਸੌਂਪੀ ਜਾਵੇ। ਪਰ ਚੌਣ ਕਮਿਸ਼ਨ ਵੱਲੋਂ ਲਾਲੇਆਣਾ ਪਿੰਡ ਦੀ ਸਰਪੰਚੀ ਉਮੀਦਵਾਰੀ ਦੀ ਸੀਟ ਔਰਤ ਲਈ ਰਾਖਵੀਂ ਕਰਨ ਤੋਂ ਬਾਅਦ ਪਿੰਡ ਨਿਵਾਸੀਆਂ ਵੱਲੋਂ ਜਸਵਿੰਦਰ ਸਿੰਘ ਖਾਲਸਾ ਦੀ ਧਰਮ ਪਤਨੀ ਬੀਬੀ ਜਸਵੀਰ ਕੌਰ ਖਾਲਸਾ ਨੂੰ ਪੂਰਨ ਸਹਿਮਤੀ ਦੇ ਕੇ ਸਰਪੰਚ ਬਣਾਇਆ ਗਿਆ ਹੈ। ਇਸ ਮੌਕੇ ‘ਤੇ ਖਾਲਸਾ ਨੇ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਵੱਲੋਂ ਪਿੰਡ ਦੇ ਸਰਵਪੱਖੀ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਪਿੰਡ ਨਿਵਾਸੀਆਂ ਦੇ ਹਰੇਕ ਕੰਮ ਨਿਰਪੱਖ ਆਧਾਰ ‘ਤੇ ਕੀਤੇ ਜਾਣਗੇ। ਉਨ੍ਹਾਂ ਪਿੰਡ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ ਉੱਪਰ ਖਰੇ ਉੱਤਰਣ ਲਈ ਹਰ ਸੰਭਵ ਯਤਨ ਕਰਨਗੇ।