ਸਪੀਕਰ ਕੁਲਤਾਰ ਸਿੰਘ ਸੰਧਵਾਂ, ਬਤੌਰ ਮੁੱਖ ਮਹਿਮਾਨ ਅਤੇ ਉੱਘੇ ਚਿੰਤਕ ਡਾ. ਮਨਮੋਹਨ ਮੁੱਖ ਵਕਤਾ ਦੇ ਤੌਰ ‘ ਤੇ ਸਾਮਲ ਹੋਏ
ਕੋਟਕਪੂਰਾ, 11 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਚੰਡੀਗੜ ਸਕੂਲ ਆਫ ਪੋਇਟਰੀ ਕਿ੍ਰਟੀਸਿਜਮ’ ਵੱਲੋਂ ਪੰਜਾਬੀ ਅਧਿਅਨ ਸਕੂਲ, ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਸਹਿਯੋਗ ਨਾਲ ਅੱਜ ਡਾ. ਦੇਵਿੰਦਰ ਸੈਫੀ ਦੀ ਕਾਵਿ-ਕਿਤਾਬ “ ਮੁਹੱਬਤ ਨੇ ਕਿਹਾ’’ ਨੂੰ ਲੋਕ ਅਰਪਣ ਕਰਨ ਉਪਰੰਤ ਉੱਘੇ ਵਿਦਵਾਨਾਂ ਵੱਲੋਂ’ ਸੰਵਾਦ ਰਚਾਇਆ ਗਿਆ। ਮੁੱਖ ਮਹਿਮਾਨ ਵਜੋਂ ਮਾਣਯੋਗ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਸ਼ਿਰਕਤ ਕੀਤੀ। ਮੁੱਖ ਵਕਤਾ ਦੀ ਭੂਮਿਕਾ ਵੱਡੇ ਚਿੰਤਕ ਡਾ. ਮਨਮੋਹਨ ਨੇ ਨਿਭਾਈ। ਸਮਾਗਮ ਦੀ ਪ੍ਰਧਾਨਗੀ ਲਈ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਉੱਘੇ ਸਿੱਖਿਆ ਸ਼ਾਸ਼ਤਰੀ ਡਾ. ਸੁਖਚੈਨ ਸਿੰਘ ਬਰਾੜ ਉਪਸਥਿਤ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ ਦੇ ਚੇਅਰਮੈਨ ਡਾ. ਯੋਗਰਾਜ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਰਿਲੀਜ ਹੋ ਰਹੀ ਪੁਸਤਕ ਦੀ ਮਹੱਤਤਾ ਦੱਸੀ। ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਨੂੰ ਸਾਨਦਾਰ ਅੰਦਾਜ ਨਾਲ ਲੋਕ ਅਰਪਣ ਕੀਤਾ। ਉੱਘੇ ਗਾਇਕ ਸੁਖਵਿੰਦਰ ਸਾਰੰਗ ਤੇ ਅਨੂਜੋਤ ਨੇ ਇਸ ਪੁਸਤਕ ’ਚੋਂ ਕਲਾਮ ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਸਮਾਗਮ ਦੇ ਅਗਲੇ ਪੜਾਅ ਵਿੱਚ ਸ਼ਾਇਰ ਡਾ. ਦੇਵਿੰਦਰ ਸੈਫੀ ਨੇ ਵੱਖ-ਵੱਖ ਰੂਪ ਦੀ ਕਵਿਤਾ ਦਾ ਪਾਠ ਕਰਕੇ ਸਰੋਤਿਆਂ/ਦਰਸ਼ਕਾਂ ਤੋਂ ਭਰਪੂਰ ਦਾਦ ਲਈ। ਮੁੱਖ ਵਕਤਾ ਵਜੋਂ ਬੋਲਦਿਆਂ ਉੱਘੇ ਆਲੋਚਕ, ਕਵੀ, ਨਾਵਲਕਾਰ, ਚਿੰਤਕ ਡਾ. ਮਨਮੋਹਨ ਨੇ ਕਿਹਾ ਕਿ ਸੈਫੀ ਨੇ ਇਸ ਪੁਸਤਕ ਰਾਹੀਂ ਮੁਹੱਬਤ ਦਾ ਨਵਾਂ ਰਸ ਪੈਦਾ ਕੀਤਾ ਹੈ। ਭਾਸ਼ਾ, ਸ਼ੈਲੀ ਤੇ ਦਾਰਸ਼ਨਿਕਤਾ ਪੱਖੋਂ ਪਿਆਰ ਦੀ ਕਵਿਤਾ ਨੂੰ ਨਵੇਂ ਮੁਕਾਮ ’ਤੇ ਲਿਆਂਦਾ ਹੈ। ਉਹਨਾਂ ਕਿਹਾ ਜੇਕਰ ਸਵਿ ਬਿਰਹਾ ਦਾ ਕਵੀ ਹੈ ਤਾਂ ਸੈਫੀ ਮੁਹੱਬਤ ਦਾ ਕਵੀ ਹੈ। ਸੰਵਾਦ ਦੀ ਸ਼ੁਰੂਆਤ ਕਰਦਿਆਂ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਇਹ ਕਵਿਤਾ, ਮੁਹੱਬਤ ਦੇ ਅਨੁਭਵ, ਕਿਰਿਆ, ਭਵਿੱਖੀ ਚੇਤਨਾ ਅਤੇ ਮਾਨਵੀ ਫਲਸਫੇ ਦੀ ਗੱਲ ਕਰਦੀ ਹੈ। ਡਾ. ਪਰਮਜੀਤ ਕੌਰ ਸਿੱਧੂ ਨੇ ਕਿਹਾ ਕਿ ਸੈਫੀ ਨਿਵੇਕਲਾ ਕਵੀ ਹੈ। ਇਸ ਪੁਸਤਕ ’ਚ ਵਿਲੱਖਣ ਊਰਜਾ ਹੈ, ਜਿਹੜੀ ਚੁੰਬਕ ਵਾਂਗ ਆਵਦੇ ਵੱਲ ਖਿੱਚਦੀ ਹੈ। ਮੁਹੱਬਤ ਦੀ ਅਜਿਹੀ ਕਵਿਤਾ ਦਾ ਪੰਜਾਬੀ ਵਿੱਚ ਛਪਣਾ ਪੂਰੇ ਪੰਜਾਬੀ ਕਾਵਿ ਲਈ ਵੱਡਾ ਮਾਣ ਹੈ। ਨੌਜਵਾਨ ਆਲੋਚਕ ਡਾ. ਤੇਜਿੰਦਰ ਸਿੰਘ ਨੇ ਲੋਕਧਾਰਾਈ ਪੱਖ ਤੋਂ ਆਪਣੀ ਰਾਏ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਪੁਸਤਕ ਦੀ ਭਾਸ਼ਾ ਵਿੱਚ ਮੁਹੱਬਤ ਦੀ ਪਾਕੀਜਗੀ ਪ੍ਰਵਾਹਿਤ ਹੋ ਰਹੀ ਹੈ, ਅਜਿਹੀਆਂ ਪਾਕਿ ਜਜਬੇ ਵਾਲੀਆਂ ਪ੍ਰਗੀਤਕ ਰਚਨਾਵਾਂ ਗਾਈਆਂ ਜਾਣ ਤਾਂ ਪੂਰਨ ਸਵਾਦਲਾ ਰੰਗ ਉੱਘੜ ਕੇ ਸਾਹਮਣੇ ਆਵੇਗਾ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ’ਚੋਂ ਉੱਘੇ ਸਿੱਖਿਆ ਸਾਸਤਰੀ ਡਾ. ਸੁਖਚੈਨ ਸਿੰਘ ਬਰਾੜ ਨੇ ਕਿਹਾ ਕਿ ਇਹ ਮੁਹੱਬਤ ਨੂੰ ਅਸਲ ਰੂਪ ’ਚ ਡੀਫਾਈਨ ਕਰਦੀ ਕਵਿਤਾ ਹੈ। ਇਸ ਸੁੱਚੀ ਮੁਹੱਬਤ ਵਿੱਚ ਕੋਈ ਉਲਾਭਾਂ, ਸ਼ਿਕਵਾ ਨਹੀਂ ਹੈ। ਇਸ ਤੋਂ ਬਾਅਦ ਉੱਘੇ ਆਲੋਚਕ ਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸੈਫੀ ਘੱਟ ਲਿਖਦਾ ਹੈ ਪਰ ਪਾਏਦਾਰ ਲਿਖਦਾ ਹੈ। ‘ਦੁਪਹਿਰ ਦਾ ਸਫਾ’ ਤੋਂ ‘ਮੁਹੱਬਤ ਨੇ ਕਿਹਾ’ ਤੱਕ ਉਸਦੀ ਕਵਿਤਾ ਬ੍ਰਹਿਮੰਡੀ ਚੇਤਨਾ-ਪੜਾਅ ਤੈਅ ਕਰਦੀ ਹੈ। ਉਹਨਾਂ ਕਿਹਾ ਕਿ ਇਹ ਕਵਿਤਾ ਸਰਮਾਏਦਾਰੀ ਹਿੰਸਾ, ਜੁਲਮ ਅਤੇ ਵਿਕਾਰਾਂ ਖਿਲਾਫ ਨਿਰਮਤ ਕੀਤਾ ਉਹ ਪ੍ਰਵਚਨ ਹੈ, ਜਿਸ ਨੂੰ ਪੂਰੀ ਤਰਾਂ ਸਮਝਣ ਲਈ ਪੂਰਬ ਦੀਆਂ ਗਿਆਨ ਪ੍ਰੰਪਰਾਵਾਂ ਤੇ ਮਾਨਵੀ ਪ੍ਰਗਤੀ ਦੇ ਦਰਸ਼ਨ ਨੂੰ ਧਿਆਨ ’ਚ ਰੱਖਣ ਦੀ ਜਰੂਰਤ ਹੈ। ਆਖਰ ’ਚ ਪੰਜਾਬ ਵਿਧਾਨ ਦੇ ਸਪੀਕਰ, ਸਮਾਗਮ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਾਣੀ, ਗਿਆਨ ਤੇ ਚੰਗੀ ਕਵਿਤਾ ਮੇਰੀ ਰੂਹ ਦੀ ਖੁਰਾਕ ਹੈ। ਇੱਥੇ ਆ ਕੇ ਸੈਫੀ ਦੀ ਕਵਿਤਾ ਦੇ ਰੰਗ ਮਾਣ ਕੇ, ਵਿਦਵਾਨਾਂ ਦੀਆਂ ਗਹਿਰੀਆਂ ਗੱਲਾਂ ਸੁਣ ਕੇ ਬਹੁਤ ਚੰਗਾ ਲੱਗਿਆ। ਉਹਨਾਂ ਕਿਹਾ ਕਿ ਸੈਫੀ ਸਾਡੇ ਇਲਾਕੇ ਮਾਣਮੱਤਾ ਹਸਤਾਖਰ ਹੈ, ਉਸ ਉੱਪਰ ਖਾਸ ਤਰਾਂ ਦੀ ਬਾਬਾ ਫਰੀਦ ਤੇ ਗੁਰੂ ਸਹਿਬਾਨਾਂ ਦੀ ਕਿਰਪਾ ਜਾਪਦੀ ਹੈ। ਖੋਜ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਤੁਸੀਂ ਪੰਜਾਬੀ ਖੋਜ ਨੂੰ ਸਮਰਪਿਤ ਹੋ ਕੇ ਉਹ ਪੰਜਾਬ ਤੇ ਪੰਜਾਬੀਅਤ ਦੀ ਵੱਡੀ ਸੇਵਾ ਕਰ ਸਕਦੇ ਹੋ। ਉਹਨਾਂ ਨੇ ਕਿਤਾਬ “ਮੁਹੱਬਤ ਨੇ ਕਿਹਾ’’ ਦੀ ਭਰਪੂਰ ਸ਼ਲਾਘਾ ਕਰਦਿਆਂ ਮੁੜ ਤੋਂ ਫਰਮਾਇਸ ਕਰਕੇ ਸੁਣਿਆ ਕਾਵਿ ਰੰਗ ਸੁਣੇ। ਮਨਿੰਦਰ ਸਿੰਘ (ਓ.ਐੱਸ.ਡੀ.) ਨੇ ਮੁਹੱਬਤ ਦੇ ਜਜਬੇ ਅਤੇ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਆਏ ਮਹਿਮਾਨਾਂ ਨੂੰ ਵਿਭਾਗ ਵੱਲੋਂ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸ ਸਮਾਗਮ ਦਾ ਸੰਚਾਲਨ ਸੰਸਥਾ ਦੇ ਸਾਹਿਤਕ ਪ੍ਰਬੰਧਕ ਜਗਦੀਪ ਸਿੱਧੂ ਨੇ ਕੀਤਾ। ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਉਮਾ ਸੇਠੀ ਨੇ ਮੁਹੱਬਤੀ ਕਾਵਿ ਦੀ ਅਕਾਦਮਿਕ ਦਿ੍ਰਸ਼ਟੀ ਤੋਂ ਪ੍ਰਸੰਸਾ ਕਰਦਿਆਂ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਵਿਦਿਆਰਥੀਆਂ ਤੋਂ ਇਲਾਵਾ, ਵੱਡੇ ਵਿਦਵਾਨ ਡਾ. ਰੌਣਕੀ ਰਾਮ, ਪਾਲ ਅਜਨਬੀ, ਪ੍ਰੋ. ਦਿਲਬਾਗ, ਵਰਿੰਦਰ ਸਿੰਘ, ਡਾ. ਅਕਵਿੰਦਰ ਕੌਰ ਤਨਵੀ, ਡਾ. ਸੁਖਜੀਤ ਕੌਰ, ਡਾ. ਪਵਨ, ਡਾ. ਰਵੀ, ਡਾ. ਸਤਵੀਰ ਕੌਰ, ਪੱਤਰਕਾਰ ਕੇ. ਪੀ, ਜਸਪਾਲ ਫਿਰਦੌਸੀ, ਸਾਹਿਤ ਵਿਗਿਆਨ ਕੇਂਦਰ ਦੇ ਨੁਮਾਇੰਦੇ ਸਿਮਰਜੀਤ ਗਰੇਵਾਲ, ਪਰਵੀਨ ਰੈਣੂ, ਰਮਨਦੀਪ ਰਮਣੀਕ , ਕੁਲਵਿੰਦਰ ਖਰੜ, ਆਲਮੀ ਪੰਜਾਬੀ ਅਦਬ ਦੇ ਪ੍ਰਧਾਨ ਅਮਨਦੀਪ ਸਿੰਘ, ਉੱਘੇ ਕੋਸਕਾਰ ਹਰਜਿੰਦਰ ਸਿੰਘ ਦਿਲਗੀਰ, ਹਿੰਮਤ ਸਿੰਘ ਸੇਰਗਿੱਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਤੇ ਸਾਹਿਤਕ ਸੰਸਥਾਵਾਂ ਦੇ ਨੁਮਾਇੰਦੇ ਉਚੇਚੇ ਤੌਰ ’ਤੇ ਹਾਜਰ ਸਨ।
ਫੋਟੋ ਕੈਪਸ਼ਨ :- ਡਾ. ਸੈਫੀ ਰਚਿਤ “ਮੁਹੱਬਤ ਨੇ ਕਿਹਾ’’ ਜਾਰੀ ਕਰਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਾ. ਮਨਮੋਹਨ, ਡਾ. ਸਰਬਜੀਤ , ਡਾ. ਸੁਖਚੈਨ ਬਰਾੜ ਡਾ. ਯੋਗਰਾਜ, ਜਗਦੀਪ ਸਿੱਧੂ ਤੇ ਪਤਵੰਤੇ।
ਸ਼ੁਕਰਾਨਾ ਜੀ ਬਹੁਤ