ਫ਼ਰੀਦਕੋਟ, 13 ਅਕਤੂਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ )
ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਫ਼ਰੀਦਕੋਟ ਨੂੰ ਮਾਣ ਹੈ ਕਿ ਉਸ ਨੇ ਹਰ ਖੇਤਰ ਨੂੰ ਸਿਰਮੌਰ ਹਸਤੀਆਂ ਪੈਦਾ ਕਰਕੇ ਦਿੱਤੀਆਂ। ਜੇਕਰ ਖੇਡ ਖੇਤਰ ਦੀ ਗੱਲ ਕਰੀਏ ਤਾਂ ਇਸ ਖੇਤਰ ’ਚ ਵੀ ਚੋਟੀ ਦੇ ਖਿਡਾਰੀਆਂ ਕਹਾਣੀ ਬਹੁਤ ਮਾਣਮੱਤੀ ਤੇ ਲੰਮੇਰੀ ਹੈ। ਜੇਕਰ ਇੱਥੇ ਇਕੱਲੀ ਪੰਜਾਬੀਆਂ ਦੀ ਅਸਲ ਖੇਡ ਹਾਕੀ ਦੀ ਗੱਲ ਕਰੀਏ ਤਾਂ ਫ਼ਰੀਦਕੋਟ ਦੀ ਧਰਤੀ ਤੋਂ ਹਾਕੀ ਦੇ ਪਹਿਲੇ ਉਲੰਪੀਅਨ ਇੰਦਰ ਸਿੰਘ ਗੋਗੀ ਦਾ ਨਾਮ ਸਭ ਤੋਂ ਪਹਿਲਾਂ ਦਰਜ ਹੈ। ਇਸ ਤੋਂ ਅੱਗੇ ਦੇਸ਼ ਅਤੇ ਸੰਸਾਰ ਦੀ ਹਾਕੀ ਦੇ ਇੱਕ ਸੁਨਹਿਰੇ ਦਸਤਾਵੇਜ਼ ਤੇ ਫ਼ਰੀਦਕੋਟ ਦਾ ਨਾਮ ਦਰਜ ਕੀਤਾ ਹੈ, ਫ਼ਰੀਦਕੋਟੀਏ ਉਲੰਪੀਅਨ ਚੰਦ ਸਿੰਘ ਦਾ। ਉਨ੍ਹਾਂ ਨੇ 1976 ’ਚ ਮੋਟੀਰੀਅਲ ਕੈਨੇਡਾ ਵਿਖੇ ਅਰਜਨਟਾਈਨਾ ਵਿਰੁੱਧ ਉਲੰਪਿਕ ’ਚ ਹਾਕੀ ਖੇਡਦਿਆਂ ਉਲੰਪੀਅਨ ਅਜੀਤ ਸਿੰਘ ਨੂੰ ਖੇਡ ਦੇ ਸ਼ੁਰੂ ਹੋਣ ਤੇ ਠੀਕ 14 ਵੇਂ ਸੈਕਿੰਡ ’ਚ ਅਜਿਹਾ ਪਾਸ ਦਿੱਤਾ, ਜਿਸ ਤੇ ਅਜੀਤ ਸਿੰਘ ਨੇ ਗੋਲ ਕਰਕੇ ਸੰਸਾਰ ਦਾ ਰਿਕਾਰਡ ਕਾਇਮ ਕਰ ਦਿੱਤਾ। ਇਹ ਰਿਕਾਰਡ ਅੱਜ ਤੱਕ ਵੀ ਕਾਇਮ ਹੈ। ਜੇਕਰ ਗੱਲ ਅੱਗੇ ਤੋਰੀਏ ਤਾਂ 1980 ਦੀ ਮਾਸਕੋ ਉਲੰਪਿਕ ’ਚ ਰਾਜਿੰਦਰ ਸਿੰਘ ਨੇ ਗੋਲਡ ਮੈਡਲ ਤੇ ਰੂਪਾ ਸੈਣੀ ਦੋਹਾਂ ਨੂੰ ਉਲੰਪੀਅਨ ਬਣਨ ਦਾ ਮਾਣ ਹਾਸਲ ਕੀਤਾ। ਫ਼ਿਰ ਇਨ੍ਹਾਂ ਦੋਹਾਂ ਮਹਾਨ ਖਿਡਾਰੀਆਂ ਨੇ ਅਰਜਨਾ ਐਵਾਰਡੀ ਬਣ ਕੇ ਫ਼ਰੀਦਕੋਟ ਦੀ ਹਾਕੀ ਨੂੰ ਗੌਰਵਸ਼ਾਲੀ ਬਣਾਇਆ । ਇਸ ਤੋਂ ਬਾਅਦ ਰਾਜਿੰਦਰ ਸਿੰਘ ਨੂੰ ਬਤੌਰ ਕੋਚ, ਦਰੋਣਾਚਾਰੀਆ ਐਵਾਰਡ ਵੀ ਮਿਲਿਆ। ਜਿਸ ਤੇ ਹਰ ਕੋਈ ਮਾਣ ਕਰਦਾ ਹੈ। ਫ਼ਰੀਦਕੋਟ ਦੇ ਸ਼੍ਰੀਮਤੀ ਪ੍ਰੇਮਾ ਸੈਣੀ, ਕੁਲਵੰਤ ਕੌਰ ਭੁੱਲਰ, ਗੁਰਸੇਵਕ ਸਿੰਘ ਮੇਲਾ ਅਤੇ ਰਾਮਪਾਲ ਫ਼ੱਤੂ ਨੂੰ ਵੀ ਸੰਸਾਰ ਹਾਕੀ ਕੱਪ ਖੇਡਣ ਲਈ ਹਮੇਸ਼ਾ ਸਤਿਕਾਰਿਆ ਜਾਵੇਗਾ।
ਅਜੋਕੇ ਸਮੇਂ ਦੌਰਾਨ ਹਾਕੀ ਖੇਡਦਿਆਂ ਉਲੰਪੀਅਨ ਰੁਪਿੰਦਰ ਪਾਲ ਸਿੰਘ ਨੇ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤ, ਅਰਜਨਾ ਐਵਾਰਡੀ ਬਣ, ਵਰਲਡ ਲੀਗ ਗੇਮਜ਼ ਦਾ ਬੈਸਟ ਸਕੋਰਰ ਬਣ ਕੇ 50 ਲੱਖ ਰੁਪਏ ਦਾ ਇਨਾਮ ਜਿੱਤ ਕੇ ਹਾਕੀ ਖੇਡ ’ਚ ਫ਼ਰੀਦਕੋਟ ਦੀ ਵਿਰਾਸਤ ਨੂੰ ਸਾਂਭਣ ਲਈ ਜੋ ਦਮਦਾਰ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਹਮੇਸ਼ਾ ਸਿਜਦਾ ਕੀਤਾ ਜਾਵੇਗਾ। ਹਾਕੀ ਦੇ ਬੁਲੰਦ ਸਿਤਾਰੇ ਰੁਪਿੰਦਰ ਪਾਲ ਸਿੰਘ ਪੁੱਤਰ ਹਰਿੰਦਰ ਸਿੰਘ ਨੇ 11 ਨਵੰਬਰ 1990 ’ਚ ਜਨਮ ਲਿਆ ਤੇ ਫ਼ਰੀਦਕੋਟ ਤੋਂ ਹਾਕੀ ਦਾ ਖੇਡਣ ਦੀ ਸ਼ੁਰੂਆਤ ਕੀਤੀ ਤੇ ਮੁੱਢਲੀ ਪੜਾਈ ਵੀ ਫ਼ਰੀਦਕੋਟ ਤੋਂ ਕੀਤੀ। ਫ਼ਿਰ ਫ਼ਿਰੋਜ਼ਪੁਰ ਕੁਝ ਸਮਾਂ ਰਹਿਣ ਤੋਂ ਬਾਅਦ ਸੈਕਟਰ 42 ਚੰਡੀਗੜ ਵਿਖੇ ਹਾਕੀ ਖੇਡ ਅਕੈਡਮੀ ਜੁਆਇੰਨ ਕੀਤੀ ਪਰ ਫ਼ਰੀਦਕੋਟ ਦੇ ਹਾਕੀ ਕੋਚ, ਖਿਡਾਰੀ, ਅੰਪਾਇਰਾਂ ਖਾਸ ਕਰਕੇ ਅੰਤਰ ਰਾਸ਼ਟਰੀ ਹਾਕੀ ਅੰਪਾਇਰ ਹਰਬੰਸ ਸਿੰਘ ਨਾਲ ਵੀ ਗੂੜ੍ਹਾ ਰਿਸ਼ਤਾ ਬਣਾਈ ਰੱਖਿਆ ਹੈ। ਫ਼ੀਲਡ ਹਾਕੀ ’ਚ ਅੰਤਰ ਰਾਸ਼ਟਰੀ ਪੱਧਰ ਤੇ ਇੱਕ ਦਹਾਕੇ ਤੋਂ ਨਿਰੰਤਰ ਹਾਕੀ ਖੇਡਣਾ, ਇਸ ਮਹਾਨ ਖਿਡਾਰੀ ਦੇ ਹਿੱਸੇ ਆਇਆ ਹੈ। ਜੋ ਉਸ ਦੀ ਖੇਡ ਪ੍ਰਤਿਭਾ, ਸਮਰਪਣ, ਲਗਨ, ਇਕਾਗਰਤਾ, ਸਬਰ ਦਾ ਪ੍ਰਮਾਣ ਹੈ। ਡਰੈਗ-ਫ਼ਲਿਕਸ,ਰੱਖਿਆਤਮਕ ਹੁਨਰ, ਰਣਨੀਤਕ ਗੇਮਪਲੇ ਸ਼ਬਦ ਉਸ ਦੇ ਖੇਡ ਜੀਵਨ ’ਚ ਅਜਿਹੇ ਸ਼ਬਦ ਹਨ, ਜੋ ਉਸ ਦੀ ਕਾਬਲੀਅਤ ਦੇ ਪ੍ਰਮਾਣ ਪੱਤਰ ਬਣੇ ਹਨ। ਉਸ ਦੇ ਮਾਣ ’ਚ ਇਹ ਗੱਲ ਵੀ ਜਾਂਦੀ ਹੈ ਕਿ ਹਾਕੀ ਖੇਡਦਿਆਂ ਉਸ ਨੇ ਦੇਸ਼ ਨੂੰ ਅਨੇਕਾਂ ਵਾਰ ਸਫ਼ਲਤਾ ਦਾ ਰਾਹ ਪੱਧਰ ਕਰਕੇ ਦਿੱਤਾ ਹੈ। ਜਿਸ ਦਾ ਜਸ਼ਨ ਭਾਰਤੀ ਹਾਕੀ ਟੀਮ ਤੇ ਸਮੁੱਚੇ ਦੇਸ਼ ਨੇ ਮਨਾਇਆ ਹੈ। ਜੇਕਰ ਉਸ ਦੇ ਕਰੀਅਰ ਦੇ ਅੰਕੜਿਆਂ ਤੇ ਝਾਤ ਮਾਰੀਏ ਤਾਂ ਉਸ ਨੇ ਸਾਲ 2008 ਅੰਦਰ ਹਾਕੀ ਖੇਡਣੀ ਸ਼ੁਰੂ ਕੀਤੀ ਤੇ ਫ਼ਿਰ 223 ਮੈਚ ਖੇਡਦਿਆਂ 119 ਗੋਲ ਕਰਕੇ ਆਪਣੀ ਦਮਦਾਰ,ਸ਼ਾਨਦਾਰ ਖੇਡ ਨਾਲ ਭਾਰਤ ਦਾ ਸੱਚਾ ਸਪੂਤ ਬਣ ਕੇ ਭਾਰਤ ਮਾਤਾ ਦਾ ਪੂਰੇ ਸੰਸਾਰ ਅੰਦਰ ਰੌਸ਼ਨ ਕੀਤਾ। ਰਾਸ਼ਟਰੀ ਤੇ ਪੱਧਰ ਤੇ ਪ੍ਰਾਪਤੀਆਂ ਦੀ ਗੱਲ ਲੰਮੇਰੀ ਹੋ ਜਾਵੇਗੀ। ਇਸ ਲਈ ਇੱਥੇ ਜੇਕਰ ਅੰਤਰ ਰਾਸ਼ਟਰੀ ਪੱਧਰ ਤੇ ਕੁਝ ਯਾਦਗਰੀ ਪਲਾਂ ਦੀ ਗੱਲ ਕਰੀਏ ਤਾਂ ਉਸ ਟੋਕੀਓ ਉਲੰਪਿਕ 2021 ’ਚ ਕਾਂਸੀ ਦਾ ਮੈਡਲ ਜਿੱਤਣ, ਏਸ਼ੀਅਨ ਖੇਡਾਂ 2014 ’ਚ ਸੋਨੇ ਦਾ ਮੈਡਲ ਜਿੱਤਣ, 2018 ’ਚ ਕਾਂਸੀ ਦੇ ਤਗਮਾ ਜਿੱਤਣਾ ਅਤੇ ਰਾਸ਼ਟਰ ਮੰਡਲ ਖੇਡਾਂ ’ਚ 2014 ਚਾਂਦੀ ਦਾ ਤਗਮਾ ਜਿੱਤਣਾ, ਉਸ ਦੇ ਨਾਲ-ਨਾਲ ਸਮੁੱਚੇ ਦੇਸ਼ ਲਈ ਭਾਗਾਂ ਭਰੇ ਪਲ ਹਨ। ਭਾਰਤੀ ਹਾਕੀ ਟੀਮ ’ਚ 2008 ਤੋਂ 2021 ਤੱਕ ਡਿਫ਼ੈਂਡਰ/ਡਰੈਗ ਫ਼ਲਿੱਕਰ ਵਜੋਂ ਨਿਭਾਈਆਂ ਸੇਵਾਵਾਂ ਅੱਜ ਦੀ ਬਹੁਤ ਸਾਰੇ ਹਾਕੀ ਖਿਡਾਰੀਆਂ ਦਾ ਰਾਹ ਰੁਸ਼ਨਾਉਂਦੀਆਂ ਹਨ। ਉਸ ਦੇ ਸਨਮਾਨ ’ਚ ਇਹ ਗੱਲ ਵੀ ਕਾਬਲੇ ਜ਼ਿਕਰ ਹੈ ਕਿ ਰੁਪਿੰਦਰ ਪਾਲ ਸਿੰਘ ਨੇ ਅੰਤਰ ਰਾਸ਼ਟਰੀ ਤੇ ਘਰੇਲੂ ਲੀਗ ’ਚ 8 ਹਾਕੀ ਲੀਗ (ਨੀਦਰਲੈਂਡ), ਈ.ਐਚ.ਐਲ. ਅਤੇ ਹਾਕੀ ਇੰਡੀਆ ਲੀਗ ’ਚ ਖੇਡਣ ਦਾ ਸਰਫ਼ ਹਾਸਲ ਕੀਤਾ ਹੋਇਆ ਹੈ। ਅੱਜਕੱਲ ਉਹ ਭਾਰਤੀ ਹਾਕੀ ਟੀਮ ਦਾ ਸਲਾਹਕਾਰ ਕੋਚ ਡਰੈਗ-ਫ਼ਲਿਕ ਸਪੈਸ਼ਲਿਸਟ ਬਣਕੇ ਖਿਡਾਰੀਆਂ ਨੂੰ ਹਾਕੀ ਖੇਡਣ ’ਚ ਨਵੇਂ ਰਾਹਾਂ ਦਾ ਪਾਂਧੀ ਬਣਾ ਰਿਹਾ ਹੈ। ਇਸ ਦੇ ਨਾਲ ਹੀ ਉਹ ਪੀ.ਸੀ.ਐਸ.ਦੀ ਟ੍ਰੇਨਿੰਗ ਦੇ ਅੰਤਿਮ ਪੜਾਅ ’ਚ ਪਹੁੰਚ ਚੁੱਕਿਆ ਹੈ। ਆਉਂਦੇ ਦਿਨਾਂ ’ਚ ਰੁਪਿੰਦਰ ਪਾਲ ਸਿੰਘ ਨੂੰ ਹਾਕੀ ਦੇ ਨਾਲ-ਨਾਲ ਸਫ਼ਲ ਅਧਿਕਾਰੀ ਵਜੋਂ ਵੀ ਪੰਜਾਬ ਦੇ ਲੋਕ ਕੰਮ ਕਰਦਿਆਂ ਵੇਖਣਗੇ। ਅੱਜਕੱਲ ਆਪਣੇ ਪ੍ਰੀਵਾਰ ਨਾਲ ਸੈਕਟਰ 28 ਡੀ, ਚੰਡੀਗੜ ਵਿਖੇ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰਨ ਵਾਲੇ ਹਾਕੀ ਦੇ ਰੌਸ਼ਨ ਚਿਰਾਗ ਰੁਪਿੰਦਰ ਪਾਲ ਸਿੰਘ ਨੂੰ ਅੱਜ ਮਿਤੀ 12 ਅਕਤੂਬਰ, ਦਿਨ ਸ਼ਨੀਵਾਰ ਨੂੰ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ, ਦੁਸਹਿਰਾ ਕਮੇਟੀ ਫ਼ਰੀਦਕੋਟ ਵੱਲੋਂ ‘ਫ਼ਰੀਦਕੋਟ ਰਤਨ ਐਵਾਰਡ-2024’ ਪ੍ਰਦਾਨ ਕਰਦਿਆਂ ਫਖ਼ਰ ਮਹਿਸੂਸ ਕਰ ਰਹੇ ਹਾਂ। ਪ੍ਰਮਾਤਮਾ ਕਰੇ ਦੇਸ ਦੇ ਇਸ ਮਹਾਨ ਹਾਕੀ ਖਿਡਾਰੀ ਦਾ ਜੀਵਨ ਖੁਸ਼ੀਆਂ-ਖੇੜ੍ਹਿਆਂ ਭਰਿਆ ਹੋਵੇ।
ਫ਼ੋਟੋ:11ਐਫ਼ਡੀਕੇਪੀ4: ਉਲੰਪੀਅਨ ਰੁਪਿੰਦਰਪਾਲ ਸਿੰਘ।