
ਲੁਧਿਆਣਾ 29 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਨੇ ਪੌਦਾ ਰੋਗ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਬੀਤੇ ਦਿਨੀਂ ਇਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ| ਝੋਨੇ ਦੇ ਬੌਣੇਪਣ ਦੀ ਸਮੱਸਿਆ ਦੀ ਰੋਕਥਾਮ ਬਾਰੇ ਅਗਾਊਂ ਜਾਣਕਾਰੀ ਦੇਣ ਲਈ ਇਹ ਪ੍ਰੋਗਰਾਮ ਆਨਲਾਈਨ ਆਯੋਜਿਤ ਕੀਤਾ ਗਿਆ| ਇਸ ਵਿਚ ਪੀ.ਏ.ਯੂ. ਦੇ ਪੌਦਾ ਰੋਗ ਮਾਹਿਰਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ 350 ਦੇ ਕਰੀਬ ਪਸਾਰ ਮਾਹਿਰਾਂ, ਵਿਗਿਆਨੀਆਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ|
ਉਦਘਾਟਨੀ ਟਿੱਪਣੀ ਵਿਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਪੰਜਾਬ ਵਿਚ ਝੋਨੇ ਦੇ ਬੌਣੇਪਣ ਦੇ ਰੋਗ ਦੇ ਖਤਰੇ ਅਤੇ ਬੀਤੇ ਸਾਲਾਂ ਦੇ ਤਜਰਬਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ| ਉਹਨਾਂ ਕਿਹਾ ਕਿ ਇਸ ਬਾਰੇ ਸਮਾਂ ਰਹਿੰਦੇ ਜਾਣਕਾਰੀ ਨੂੰ ਪ੍ਰਸਾਰਿਤ ਕਰਨ ਦੀ ਲੋੜ ਹੈ| ਨਾਲ ਹੀ ਡਾ. ਭੁੱਲਰ ਨੇ ਕੁਝ ਅਜਿਹੀਆਂ ਪਹਿਲਕਦਮੀਆਂ ਵੱਲ ਧਿਆਨ ਦਿਵਾਇਆ ਜਿਨ੍ਹਾਂ ਦੀ ਵਰਤੋਂ ਅਗਾਊਂ ਸਾਵਧਾਨੀਆਂ ਵਜੋਂ ਕੀਤੀ ਜਾ ਸਕਦੀ ਹੈ| ਉਹਨਾਂ ਕਿਹਾ ਕਿ ਇਹ ਰੋਗ ਦੱਖਣੀ ਚੌਲਾਂ ਦੇ ਕਾਲੇ ਧਾਰੀਦਾਰ ਬੌਣੇ ਰੋਗ ਵਾਇਰਸ ਕਾਰਨ ਆਪਣਾ ਪ੍ਰਭਾਵ ਛੱਡਦਾ ਹੈ| ਡਾ. ਭੁੱਲਰ ਨੇ ਮਾਹਿਰਾਂ ਦੀ ਖੋਜ ਨੂੰ ਅਧਾਰ ਬਣਾ ਕੇ ਪੰਜਾਬ ਵਿਚ ਇਸਦੇ ਸੰਯੁਕਤ ਪ੍ਰਬੰਧਨ ਬਾਰੇ ਵੀ ਗੱਲ ਕੀਤੀ|
ਤਕਨੀਕੀ ਸ਼ੈਸਨ ਵਿਚ ਪੌਦਾ ਰੋਗ ਮਾਹਿਰ ਡਾ. ਮਨਦੀਪ ਸਿੰਘ ਹੂੰਝਣ ਨੇ 2025 ਦੇ ਸਾਉਣੀ ਸੀਜ਼ਨ ਦੌਰਾਨ ਪੰਜਾਬ ਵਿਚ ਇਸ ਬਿਮਾਰੀ ਦੇ ਅਸਰ ਬਾਰੇ ਵਿਸਥਾਰ ਨਾਲ ਗੱਲ ਕੀਤੀ| ਉਹਨਾਂ ਦੱਸਿਆ ਕਿ ਪੰਜਾਬ ਵਿਚ ਮੌਜੂਦਾ ਸਮੇਂ ਬੀਜੀਆਂ ਜਾ ਰਹੀਆਂ ਝੋਨੇ ਦੀਆਂ ਕਿਸਮਾਂ ਇਸ ਰੋਗ ਬਾਰੇ ਕੋਈ ਪ੍ਰਤੀਰੋਧ ਨਹੀਂ ਦਿਖਾਉਂਦੀਆਂ ਅਤੇ ਇਹ ਬਿਮਾਰੀ ਚਿੱਟੀ ਪਿੱਠ ਵਾਲੇ ਪੌਦੇ ਦੇ ਟਿੱਡੇ ਰਾਹੀਂ ਫੈਲਦੀ ਹੈ| ਡਾ. ਹੂੰਝਣ ਨੇ ਜ਼ੋਰ ਦੇ ਕੇ ਕਿਹਾ ਕਿ ਸ਼ੁਰੂਆਤੀ ਪੜਾਅ ਵਿਚ ਕਾਸ਼ਤ ਵਿਧੀਆਂ ਨੂੰ ਬਿਮਾਰੀ ਰਹਿਤ ਬਣਾ ਦੇਣ ਨਾਲ ਇਸਦੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ|
ਡਾ. ਰੂਬਲਜੋਤ ਕੂਨਰ ਨੇ ਇਸ ਰੋਗ ਲਈ ਜ਼ਿੰਮੇਵਾਰ ਕੀੜੇ ਦੇ ਜੀਵ ਵਿਗਿਆਨ ਅਤੇ ਵਿਹਾਰ ਬਾਰੇ ਵਿਸਥਾਰ ਨਾਲ ਦੱਸਦਿਆਂ ਇਸਦੀ ਰੋਕਥਾਮ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੱਤੀ|
ਸਿਖਲਾਈ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਭਜੋਧ ਸਿੰਘ ਸੰਧੂ ਨੇ ਵੀ ਝੋਨੇ ਦੇ ਬੌਣੇ ਰੋਗ ਦੇ ਵੱਧਦੇ ਪ੍ਰਭਾਵ ਅਤੇ ਇਸਦੇ ਸੰਭਾਵੀ ਆਰਥਿਕ ਅਸਰ ਨੂੰ ਵੀ ਉਜਾਗਰ ਕੀਤਾ| ਉਹਨਾਂ ਕਿਹਾ ਕਿ ਇਸ ਵੈਬੀਨਾਰ ਦਾ ਮੰਤਵ ਸਮਾਂ ਰਹਿੰਦੇ ਵਿਗਿਆਨਕ ਜਾਣਕਾਰੀ ਦੀ ਪਸਾਰ ਕਰਨਾ ਹੈ|
ਵੈਬੀਨਾਰ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਡਾ. ਨਰਿੰਦਰਪਾਲ ਸਿੰਘ ਬੈਨੀਪਾਲ ਨੇ ਇਸ ਰੋਗ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਅਤੇ ਪੀ.ਏ.ਯੂ. ਵਿਚਕਾਰ ਤਾਲਮੇਲ ਦੀ ਮਹੱਤਤਾ ਦੇ ਜ਼ੋਰ ਦਿੱਤਾ| ਉਹਨਾਂ ਕਿਹਾ ਕਿ ਝੋਨੇ ਦੀ ਛੇਤੀ ਬਿਜਾਈ ਵੀ ਇਸ ਰੋਗ ਦੇ ਜ਼ਿੰਮੇਵਾਰ ਰੋਗਾਣੂੰਆਂ ਨੂੰ ਫੈਲਣ ਅਤੇ ਵਧਾਉਣ ਵਿਚ ਸਹਾਈ ਹੁੰਦੀ ਹੈ| ਪਸਾਰ ਕਰਮੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਵੱਖ-ਵੱਖ ਮਾਧਿਅਮਾਂ ਰਾਹੀਂ ਇਸ ਰੋਗ ਦੀ ਰੋਕਥਾਮ ਦੇ ਤਰੀਕੇ ਕਿਸਾਨਾਂ ਨਾਲ ਸਾਂਝੇ ਕਰਨ ਦੀ ਸਲਾਹ ਦਿੱਤੀ|
ਵਿਚਾਰ ਚਰਚਾ ਸੈਸ਼ਨ ਵਿਚ ਡਾ. ਜਗਜੀਤ ਸਿੰਘ ਲੋਰੇ, ਡਾ. ਅਮਰਜੀਤ ਸਿੰਘ ਅਤੇ ਡਾ. ਮਨਮੋਹਨ ਢਕਾਲ ਸਮੇਤ ਵੱਖ-ਵੱਖ ਮਾਹਿਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ| ਅੰਤ ਵਿਚ ਡਾ. ਅਮਰਜੀਤ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਇਸ ਵੈਬੀਨਾਰ ਨੂੰ ਲਾਹੇਵੰਦ ਕਿਹਾ|

Leave a Reply