ਪਿਆਜ-ਲਸਣ ਦੀਆਂ ਕੀਮਤਾਂ ਕਰਕੇ ਸਰਦੀਆਂ ’ਚ ਸਾਗ ਦਾ ਸੁਆਦ ਰਹਿ ਸਕਦੈ ਅਧੂਰਾ!
ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਬਜੀਆਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੇ ਘਰੇਲੂ ਔਰਤਾਂ ਦਾ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ ਤੇ ਆਟਰ, ਗੋਭੀ, ਟਮਾਟਰ ਤੇ ਮੂਲੀ ਦੇ ਭਾਅ ਵਧ ਗਏ ਹਨ। ਇਸ ਤੋਂ ਇਲਾਵਾ ਪਿਆਜ ਤੇ ਲਸਣ ਦੀਆਂ ਕੀਮਤਾਂ ਵੀ ਮਹਿੰਗੀਆਂ ਹੋ ਗਈਆਂ ਹਨ। ਪਹਿਲਾਂ ਘਰੇਲੂ ਔਰਤਾਂ ਪਿਆਜ ਛਿੱਲਦਿਆਂ ਹੰਝੂ ਵਹਾਉਂਦੀਆਂ ਸਨ, ਹੁਣ ਭਾਅ ਸੁਣ ਕੇ ਹੰਝੂ ਵਹਾਉਂਦੀਆਂ ਹਨ ਤੇ ਲਸਣ ਦੀ ਕੀਮਤ ਨੇ ਸਬਜੀਆਂ ਦਾ ਸਵਾਦ ਵਿਗਾੜ ਦਿੱਤਾ ਹੈ। ਸਬਜੀ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਪਰਮਪਾਲ ਸਾਕਿਆ ਨੇ ਕਿਹਾ ਕਿ ਲਸਣ, ਪਿਆਜ ਤੇ ਹੋਰ ਸਬਜੀਆਂ ਦੇ ਭਾਅ ਅਸਮਾਨ ਛੂਹ ਰਹੇ ਹਨ। ਲਸਣ ਅਤੇ ਪਿਆਜ ਦੀਆਂ ਵਧੀਆਂ ਕੀਮਤਾਂ ਨੂੰ ਸੋਸਲ ਨੈੱਟਵਰਕਿੰਗ ਸਾਈਟਸ ’ਤੇ ਵੀ ਟਰੋਲ ਕੀਤਾ ਜਾ ਰਿਹਾ ਹੈ। ਸਰਦੀਆਂ ਤੋਂ ਪਹਿਲਾਂ ਲਸਣ 100 ਰੁਪਏ ਕਿਲੋ ਤੇ ਪਿਆਜ 15 ਤੋਂ 25 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦਾ ਸੀ। ਅੱਜ ਉਹੀ ਲਸਣ 350 ਤੋਂ 400 ਰੁਪਏ ਅਤੇ ਪਿਆਜ 60 ਤੋਂ 70 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਣਾ ਪੈ ਰਿਹਾ ਹੈ। 40-50 ਰੁਪਏ ਕਿਲੋ ਵਿਕਣ ਵਾਲਾ ਟਮਾਟਰ 125-130 ਰੁਪਏ, ਮੂਲੀ 40-50 ਰੁਪਏ, ਗੋਭੀ 100-125 ਰੁਪਏ, ਸ਼ਿਮਲਾ ਮਿਰਚ 160-170 ਰੁਪਏ ਕਿਲੋ ਵਿਕ ਰਹੀ ਹੈ। ਮਹਿੰਗਾਈ ਕਾਰਨ ਸਬਜੀਆਂ ਨੇ ਘਰੇਲੂ ਔਰਤਾਂ ਦਾ ਬਜਟ ਵਿਗਾੜ ਦਿੱਤਾ ਹੈ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਸਬਜ਼ੀ ਵਿਕਰੇਤਾ ਪਰਮਪਾਲ ਸ਼ਾਕਿਆ ਨੇ ਦੱਸਿਆ ਕਿ ਸਰਦੀਆਂ ’ਚ ਸਰੋਂ ਦੇ ਸਾਗ, ਜੋ ਅਮੀਰ-ਗਰੀਬ ਹਰ ਕਿਸੇ ਦੇ ਘਰਾਂ ’ਚ ਖਾਦਾ ਜਾਂਦਾ ਹੈ, ਦਾ ਸਵਾਦ ਵੀ ਵਿਗੜ ਸਕਦਾ ਹੈ, ਕਿਉਂਕਿ ਇਸ ਨੂੰ ਲਸਣ ਤੇ ਪਿਆਜ ’ਚ ਪਕਾਏ ਬਿਨਾਂ ਸਰੋਂ ਦੇ ਸਾਗ ਦਾ ਸਵਾਦ ਹੀ ਅਧੂਰਾ ਹੈ। ਉਹਨਾਂ ਕਿਹਾ ਕਿ ਫਿਲਹਾਲ ਪਿਆਜ ਅਤੇ ਲਸਣ ਦੀਆਂ ਕੀਮਤਾਂ ਵਿੱਚ ਗਿਰਾਵਟ ਦੀ ਕੋਈ ਸੰਭਾਵਨਾ ਨਹੀਂ ਹੈ। ਪਿਆਜ ਦੀਆਂ ਕੀਮਤਾਂ ਉਦੋਂ ਹੀ ਹੇਠਾਂ ਆ ਸਕਦੀਆਂ ਹਨ ਜਦੋਂ 2 ਮਹੀਨਿਆਂ ਬਾਅਦ ਪਿਆਜ ਦੀ ਨਵੀਂ ਫਸਲ ਆਵੇਗੀ। ਉਸ ਦਾ ਕਹਿਣਾ ਹੈ ਕਿ ਪਿਆਜ ਨਾਸਿਕ ਤੇ ਹੋਰ ਥਾਵਾਂ ਤੋਂ ਮੰਗ ਨਾਲੋਂ ਘੱਟ ਆ ਰਿਹਾ ਹੈ। ਘਰੇਲੂ ਔਰਤਾਂ ਦਾ ਕਹਿਣਾ ਹੈ ਕਿ ਪਿਆਜ ਤੇ ਲਸਣ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਸਰਕਾਰ ਨੂੰ ਇਹ ਚੀਜਾਂ ਦੂਜੇ ਦੇਸਾਂ ਤੋਂ ਮੰਗਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਉਧਰ ਪਰਮਪਾਲ ਸਾਕਿਆ ਸਮੇਤ ਹੋਰਨਾ ਸਬਜੀ ਦਾ ਕੰਮ ਕਰਨ ਵਾਲੇ ਸਬਜੀ ਵਿਕਰੇਤਾਵਾਂ ਨੇ ਦੱਸਿਆ ਕਿ ਹਰੀਆਂ ਸਬਜੀਆਂ ਮਹਿੰਗੀਆਂ ਹੋਣ ਦੇ ਕਾਰਨ ਬਾਜਾਰਾਂ ਦੇ ਵਿੱਚ ਗਾਹਕ ਵੀ ਘੱਟ ਦਿਖਾਈ ਦਿੰਦਾ ਹੈ, ਸਬਜੀਆਂ ਦੇ ਰੇਟ ਸੁਣ ਕੇ ਸਬਜੀਆਂ ਉਥੇ ਹੀ ਰੱਖ ਕੇ ਤੁਰ ਬਣਦਾ ਹੈ। ਪਰਮਪਾਲ ਸ਼ਾਕਿਆ ਨੇ ਕਿਹਾ ਕਿ ਸਬਜੀ ਦਾ ਕੰਮ ਪਿਛਲੇ ਦੋ ਮਹੀਨਿਆਂ ਤੋਂ ਘਾਟੇ ਦੇ ਵਿੱਚ ਚੱਲ ਰਿਹਾ ਹੈ।
