ਸਾਰੀਆਂ ਪੰਚਾਇਤਾਂ ਚ ਸਾਫ ਸੁਥਰੇ ਅਕਸ ਵਾਲੇ ਉਮੀਦਵਾਰ ਚੁਣਨਾ ਸਮੇਂ ਦੀ ਲੋੜ: ਚੇਅਰਮੈਨ ਆਰੇਵਾਲਾ
ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਠਾੜੇ ਤੋਂ ਉਤਸ਼ਾਹੀ ਨੌਜਵਾਨ ਜਸਪ੍ਰੀਤ ਸਿੰਘ ਬੱਬੂ ਨੂੰ ਸਰਪੰਚ ਬਣਾਉਣ ਲਈ ਪਿੰਡ ਵਾਸੀ ਉਤਾਵਲੇ ਹਨ, ਕਿਉਂਕਿ ਪਿੰਡ ਦੇ ਅਗਾਂਹਵਧੂ ਨੌਜਵਾਨ ਅਤੇ ਬਜੁਰਗ ਸਾਫ ਸੁਥਰੇ ਅਕਸ ਵਾਲੇ ਇਮਾਨਦਾਰ, ਨੌਜਵਾਨ ਚਿਹਰੇ ਅਤੇ ਬਰਾੜ ਪਰਿਵਾਰ ਦੇ ਫਰਜੰਦ ਜਸਪ੍ਰੀਤ ਸਿੰਘ ਬੱਬੂ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਦਿ੍ਰੜ ਇਰਾਦਾ ਬਣਾਈ ਬੈਠੇ ਹਨ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਦੇ ਨਜਦੀਕੀ ਰਿਸ਼ਤੇਦਾਰ ਹੋਣ ਦਾ ਲਾਭ ਵੀ ਬੱਬੂ ਨੂੰ ਮਿਲ ਰਿਹਾ ਹੈ, ਜਿਸ ਦੀ ਬਦੌਲਤ ਸਰਕਾਰੇ ਦਰਬਾਰੇ ਕੰਮ ਕਰਵਾਉਣ ਲਈ ਕੋਈ ਵੀ ਪਿੰਡ ਵਾਸੀ ਬਰਾੜ ਪਰਿਵਾਰ ਨਾਲ 24 ਘੰਟੇ ਸੰਪਰਕ ਕਰ ਸਕਦਾ ਹੈ। ਪਿੰਡ ਵਾਸੀਆਂ ਮੁਤਾਬਿਕ ਮਨੀ ਧਾਲੀਵਾਲ ਰਾਹੀਂ ਜਸਪ੍ਰੀਤ ਸਿੰਘ ਬੱਬੂ ਨੇ ਪਹਿਲਾਂ ਵੀ ਪਿੰਡ ਦੇ ਬਹੁਤ ਕੰਮ ਕਰਵਾਏ ਹਨ ਤੇ ਹੁਣ ਵੀ ਉਹ ਸਰਬਸੰਮਤੀ ਨਾਲ ਬੱਬੂ ਨੂੰ ਸਰਪੰਚ ਬਣਾਉਣ ਦੇ ਹੱਕ ਵਿੱਚ ਸਨ ਪਰ ਕੁਝ ਲੋਕਾਂ ਦੀ ਜਿੱਦ ਕਰਕੇ ਸਰਬਸੰਮਤੀ ਨਾ ਬਣਨ ਕਾਰਨ ਪਿੰਡ ਸਰਬਸੰਮਤੀ ਵਾਲੀ ਦਸ ਲੱਖ ਰੁਪਏ ਦੀ ਸਰਕਾਰੀ ਰਾਸ਼ੀ ਹਾਸਲ ਕਰਨ ਤੋਂ ਵੀ ਵਾਂਝਾ ਰਹਿ ਗਿਆ, ਇਸ ਸਭ ਦੇ ਬਾਵਜੂਦ ਵੀ ਪਿੰਡ ਵਾਸੀ ਬੱਬੂ ਬਰਾੜ ਨੂੰ ਚੋਣ ਨਿਸ਼ਾਨ ਕਹੀ ਤੇ ਮੋਹਰਾਂ ਲਗਾਕੇ ਵੱਡੀ ਲੀਡ ਨਾਲ ਜਿਤਾਉਣ ਲਈ ਬਹੁਤ ਮਿਹਨਤ ਕਰ ਰਹੇ ਹਨ। ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਮੁਤਾਬਿਕ ਰਵਾਇਤੀ ਪਾਰਟੀਆਂ ਵਲੋਂ ਆਪਣੇ ਵਿਰੋਧੀ ਦੇ ਕਾਗਜ ਰੱਦ ਕਰਵਾਉਣ, ਫਾਈਲਾਂ ਪਾੜਨ ਜਾਂ ਡਰਾਉਣ-ਧਮਕਾਉਣ ਵਾਲੀ ਪਿਰਤ ਨੂੰ ਦਰਕਿਨਾਰ ਕਰਦਿਆਂ ਸਪੀਕਰ ਸੰਧਵਾਂ ਵਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਦੀਆਂ ਸਾਰੀਆਂ ਪੰਚਾਇਤਾਂ ਲਈ ਚੋਣ ਲੜਨ ਦੇ ਇਛੁੱਕ ਲੋਕਾਂ ਵਾਸਤੇ ਐਨਓਸੀ ਵਿੱਚ ਲੋੜੀਂਦੇ ਦਸਤਾਵੇਜ ਆਸਾਨੀ ਨਾਲ ਮੁਹੱਈਆ ਕਰਵਾਉਣ ਲਈ ਬਕਾਇਦਾ ਅਫਸਰਸ਼ਾਹੀ ਨੂੰ ਹਦਾਇਤ ਕੀਤੀ ਗਈ ਸੀ। ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਇਤਿਹਾਸ ਵਿੱਚ ਸਪੀਕਰ ਸੰਧਵਾਂ ਨੇ ਨਵਾਂ ਮੀਲ ਪੱਥਰ ਸਥਾਪਿਤ ਕਰਦਿਆਂ ਦਿਖਾ ਦਿੱਤਾ ਕਿ ਇਸ ਵਾਰ ਕਿਸੇ ਦੇ ਵੀ ਨਾ ਤਾਂ ਕਾਗਜ ਰੱਦ ਕਰਵਾਏ ਗਏ, ਨਾ ਫਾਈਲਾਂ ਪਾੜੀਆਂ ਗਈਆਂ, ਨਾ ਕੋਈ ਦਬਾਅ ਬਣਾਉਣ ਦੀ ਜਰੂਰਤ ਸਮਝੀ ਗਈ, ਨਾ ਦਸਤਾਵੇਜ ਪ੍ਰਾਪਤ ਕਰਨ ਮੌਕੇ ਕਿਸੇ ਨੂੰ ਕੋਈ ਮੁਸ਼ਕਿਲ ਆਈ। ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਨੇ ਦਾਅਵਾ ਕੀਤਾ ਕਿ ਰਵਾਇਤੀ ਪਾਰਟੀਆਂ ਸਥਾਨਕ ਚੋਣਾ ਲੜਦੀਆਂ ਨਹੀਂ ਸਨ, ਬਲਕਿ ਸੱਤਾ ਦੇ ਨਸ਼ੇ ਵਿੱਚ ਚੂਰ ਚੋਣਾ ਲੁੱਟਣ ਦਾ ਉਹਨਾਂ ਦਾ ਰਿਕਾਰਡ ਅੱਜ ਵੀ ਬੱਚੇ ਬੱਚੇ ਦੀ ਜੁਬਾਨ ’ਤੇ ਹੈ। ਉਹਨਾਂ ਆਖਿਆ ਕਿ ਪੰਜਾਬ ਵਿੱਚ ਜਿੱਥੇ ਵੀ ਲੜਾਈ ਝਗੜੇ ਦੀ ਕੋਈ ਘਟਨਾ ਵਾਪਰੀ ਹੈ ਓਸ ਨੂੰ ਵੇਖਦਿਆਂ ਜਾਪਦਾ ਹੈ ਕਿ ਸੱਤਾ ਨਾ ਮਿਲਣ ਦੇ ਬਾਵਜੂਦ ਵੀ ਰਵਾਇਤੀ ਪਾਰਟੀਆਂ ਦੇ ਆਗੂ ਗੁੰਡਾ ਗਰਦੀ ਜ਼ਰੀਏ ਸਥਾਨਕ ਚੋਣਾ ਜਿੱਤਣ ਦੀ ਗਲਤਫਹਿਮੀ ਮਨ ਵਿੱਚ ਬਿਠਾਈ ਬੈਠੇ ਹਨ। ਇੰਜੀ. ਢਿੱਲਵਾਂ ਅਤੇ ਗੁਰਮੀਤ ਸਿੰਘ ਨੇ ਵਿਸ਼ਵਾਸ਼ ਪ੍ਰਗਟ ਕੀਤਾ ਕਿ ਵਿਧਾਨ ਸਭਾ ਹਲਕਾ ਕੋਟਕਪੂਰਾ ਦੀਆਂ ਸਾਰੀਆਂ ਪੰਚਾਇਤਾਂ ਚ ਲੋਕ ਸਾਫ ਸੁਥਰੇ ਅਕਸ ਵਾਲੇ ਅਤੇ ਪਿੰਡ ਦੇ ਵਿਕਾਸ ਨੂੰ ਪਹਿਲ ਦੇਣ ਵਾਲੇ ਉਮੀਦਵਾਰ ਚੁਣਨਗੇ । ਇਸ ਮੌਕੇ ਤੇ ਮਨਪ੍ਰੀਤ ਸਿੰਘ ਧਾਲੀਵਾਲ, ਹਾਕਮ ਸਿੰਘ ਨੰਬਰਦਾਰ, ਸੇਵਕ ਸਿੰਘ ਮਾਨ, ਕਾਕਾ ਸਿੰਘ ਖਾਲਸਾ, ਸੁਖਮੰਦਰ ਸਿੰਘ, ਫੂਲਾ ਸਿੰਘ, ਜਗਸੀਰ ਸਿੰਘ ਮੈਂਬਰ, ਰਾਜ ਸਿੰਘ ਨੰਬਰਦਾਰ, ਉਤਾਰ ਸਿੰਘ ਬਰਾੜ, ਨਛੱਤਰ ਸਿੰਘ ਬਰਾੜ, ਪ੍ਰਦੀਪ ਸਿੰਘ ਬਰਾੜ, ਰਾਜੂ ਮਾਨ, ਭੁਪਿੰਦਰ ਸਿੰਘ ਬਰਾੜ, ਮਾਸਟਰ ਗੁਰਮੇਲ ਸਿੰਘ ਅਤੇ ਕ੍ਰਿਸ਼ਨ ਸਰਪੰਚ ਕੁਹਾਰ ਵਾਲਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਨੌਜਵਾਨ, ਬਜੁਰਗ ਅਤੇ ਬੀਬੀਆਂ ਭੈਣਾਂ ਹਾਜ਼ਰ ਸਨ।
