ਸੰਗਤ ਮੰਡੀ 18 ਅਕਤੂਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਬਠਿੰਡਾ ਦੇ ਅਧੀਨ ਸਿਵਲ ਹਸਪਤਾਲ ਘੁੱਦਾ ਵਿਖੇ ਸਿਹਤ ਸੇਵਾਵਾਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੇ ਨਹੀਂ ਥਕਦੇ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਇਲਾਜ ਸਮੇਂ ਸਿਰ ਕੀਤਾ ਜਾਵੇ ਅਤੇ ਮਰੀਜ਼ਾਂ ਨੂੰ ਕੋਈ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਪਰ ਲੱਗ ਰਿਹਾ ਹੈ ਕਿ ਸਰਕਾਰੀ ਹਸਪਤਾਲ ਘੁੱਦਾ ਦੇ ਸਰਕਾਰੀ ਬਾਬੂਆਂ ਤੇ ਇਹਨਾਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦਾ ਕੋਈ ਅਸਰ ਨਹੀਂ ਹੈ। ਇਹ ਅੱਜ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਇੱਕ ਨੌਜਵਾਨ ਵਿੱਕੀ ਪੁੱਤਰ ਬਚਨਾਂ ਰਾਮ ਆਪਣੀ ਪਤਨੀ ਨੂੰ ਜਨੇਪਾ ਕਰਵਾਉਣ ਲਈ ਸਰਕਾਰੀ ਹਸਪਤਾਲ ਘੁੱਦਾ ਵਿਖੇ ਪਹੁੰਚਿਆ ਤਾਂ ਉੱਥੇ ਕੋਈ ਡਾਕਟਰ ਨਾ ਹੋਣ ਕਾਰਨ ਉਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਦਿੰਦੇ ਹੋਏ ਗਰਭਵਤੀ ਮਹਿਲਾ ਦੇ ਪਤੀ ਵਿੱਕੀ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਮੌਜੂਦ ਸਟਾਫ ਨਰਸ ਵੱਲੋਂ ਦਾਖਲ ਕਰਨ ਤੋਂ ਮਨਾ ਕਰ ਦਿੱਤਾ ਗਿਆ ਲੇਕਿਨ ਡਾਕਟਰ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਸੀ ਅਤੇ ਗਰਭਵਤੀ ਮਹਿਲਾਂ ਨੂੰ ਬਠਿੰਡਾ ਸਿਵਲ ਹਸਪਤਾਲ ਲਈ ਲਿਜਾਣ ਲਈ ਕਹਿ ਦਿੱਤਾ ਗਿਆ। ਪੀੜਿਤ ਮਹਿਲਾ ਦੇ ਪਤੀ ਵਿੱਕੀ ਅਤੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਆਪਣੀ ਡਿਊਟੀ ਵਿੱਚ ਅਣਗਹਿਲੀ ਵਰਤਣ ਵਾਲੇ ਡਾਕਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਿਵਲ ਹਸਪਤਾਲ ਘੁੱਦਾ ਵਿਖੇ ਪੂਰੇ ਡਾਕਟਰਾਂ ਦੀ ਤਾਇਨਾਤੀ ਕੀਤੀ ਜਾਵੇ ਇਸ ਬਾਰੇ ਜਦੋਂ ਫੋਨ ਤੇ ਐਸਐਮਓ ਵਿਕਾਸ ਅਗਰਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਡਾਕਟਰ ਪ੍ਰਭਦੀਪ ਦੀ ਡਿਊਟੀ ਹੈ ਅਤੇ ਉਹ ਆਪਣੀ ਡਿਊਟੀ ਤੋਂ ਕੁਝ ਸਮਾਂ ਲੇਟ ਹਨ ਲੇਕਿਨ ਜੋ ਵੀ ਬਣਦੀ ਕਾਰਵਾਈ ਹੋਵੇਗੀ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਹਸਪਤਾਲ ਘੁੱਦਾ ਵਿੱਚ ਡਾਕਟਰਾਂ ਦੀ ਕਮੀਂ ਬਾਰੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਲਿਖਿਆ ਜਾ ਚੁੱਕਾ ਹੈ।