ਕੈਂਪ ਦੌਰਾਨ 600 ਮਰੀਜ਼ਾਂ ਦੀਆਂ ਅੱਖਾਂ ਚੈੱਕ ਕਰਕੇ 250 ਮਰੀਜ਼ ਅਪ੍ਰੇਸ਼ਨ ਲਈ ਚੁਣੇ ਗਏ
ਜੈਤੋ/ਕੋਟਕਪੂਰਾ, 19 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ ਵੱਲੋਂ ਗਰੀਬ ਅਤੇ ਜ਼ਰੂਰਤਮੰਦ ਮਰੀਜ਼ਾਂ ਲਈ ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ ਕੈਂਪ ਸਥਾਨਕ ਚੈਨਾ ਰੋਡ ’ਤੇ ਸਥਿੱਤ ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਵਿਖੇ ਲਾਇਆ ਗਿਆ। ਪਰਮ ਪੂਜਨੀਕ ਬੰਹਮਲੀਨ 108 ਸੰਤ ਕਰਨੈਲ ਦਾਸ ਜੀ ਜਲਾਲਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਅਤੇ ਮਹਾਨ ਦਾਨੀ ਮਾਤਾ ਅਮਰ ਕੌਰ ਦੁੱਲਟ ਜੀ ਦੀ ਸਾਲਾਨਾ ਬਰਸੀ ਮੌਕੇ ਲਾਏ ਗਏ ਇਸ ਅੱਖਾਂ ਦੇ ਵਿਸ਼ਾਲ ਮੁਫ਼ਤ ਲੈਂਜ ਕੈਂਪ ਦਾ ਰਸਮੀ ਉਦਘਾਟਨ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ:) ਦੇ ਪ੍ਰਧਾਨ, ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਦੇ ਸੰਚਾਲਕ, ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਸਰਪ੍ਰਸਤ ਤੇ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ, ਬਾਬਾ ਮੋਹਨ ਦਾਸ ਜੀ ਬਰਗਾੜੀ ਵਾਲਿਆਂ ਅਤੇ ਮਾਤਾ ਰਜਨੀ ਦੇਵੀ ਜੀ ਨੇ ਸਾਂਝੇ ਤੌਰ ’ਤੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਬੋਲਦਿਆਂ ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਲੋੜਵੰਦਾਂ ਦੀ ਸਹਾਇਤਾ ਕਰਕੇ ਜੋ ਸਕੂਨ ਮਿਲਦਾ ਹੈ ਉਹ ਹੋਰ ਕਿਤੋਂ ਨਹੀਂ ਮਿਲਦਾ। ਇਸ ਲਈ ਆਓ ਆਪਣੇ ਸਮੇਂ ਵਿਚੋਂ ਕੁੱਝ ਨਾ ਕੁੱਝ ਸਮਾਂ ਦੁਖੀਆਂ, ਗਰੀਬਾਂ ਤੇ ਬੀਮਾਰਾਂ ਦੀ ਸੇਵਾ ਸੰਭਾਲ ਵਿਚ ਲਾ ਕੇ ਆਪਣਾ ਮਨੁੱਖਾ ਜੀਵਨ ਸਫ਼ਲ ਬਣਾਉਣ ਦਾ ਚਾਰਾ ਕਰੀਏ। ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਦੱਸਿਆ ਕਿ ਅੱਖਾਂ ਦੇ ਇਸ ਵਿਸ਼ਾਲ ਮੁਫ਼ਤ ਲੈਂਜ ਕੈਂਪ ਵਿਚ ਅੱਖਾਂ ਦੇ ਮਾਹਿਰ ਡਾ. ਦੀਪਕ ਗਰਗ, ਡਾ. ਮੋਨਿਕਾ ਬਲਿਆਨ, ਡਾ. ਭੁਪਿੰਦਰਪਾਲ ਕੌਰ ਅਤੇ ਡਾ. ਦੀਪਕ ਅਰੋੜਾ ਨੇ ਲਗਭਗ 600 ਮਰੀਜ਼ਾਂ ਦੀਆਂ ਅੱਖਾਂ ਚੈੱਕ ਕਰਕੇ 250 ਮਰੀਜ਼ ਆਪ੍ਰੇਸ਼ਨ ਲਈ ਚੁਣੇ। ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਦੱਸਿਆ ਕਿ ਜਿੰਨਾਂ ਮਰੀਜ਼ਾਂ ਨੂੰ ਸੂਗਰ, ਬਲੱਡ ਪ੍ਰੈਸ਼ਰ ਜਾਂ ਦਿਲ ਦਾ ਰੋਗ ਸੀ ਉਹਨਾਂ ਨੂੰ ਸਿਰਫ਼ ਦਵਾਈ ਦਿੱਤੀ ਗਈ। ਇਸ ਮੌਕੇ ਮਰੀਜ਼ਾਂ ਲਈ ਰਹਿਣ-ਸਹਿਣ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਸੁਸਾਇਟੀ ਵੱਲੋਂ ਮੁਫ਼ਤ ਕੀਤਾ ਗਿਆ।