ਕੋਟਕਪੂਰਾ, 19 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੀ ਅਗਵਾਈ ਅਧੀਨ ਜਿਲ੍ਹੇ ਵਿੱਚ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਫਰੀਦਕੋਟ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਅੰਦਰ ਸਹਾਇਕ ਫੂਡ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਸੋਢੀ, ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਅਤੇ ਤਿਰਲੋਕ ਸਿੰਘ ਦੀ ਟੀਮ ਵਲੋਂ ਫਰੀਦਕੋਟ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਮਠਿਆਈ ਦੀਆਂ ਦੁਕਾਨਾਂ ਅਤੇ ਮੀਟ ਦੀਆਂ ਦੁਕਾਨਾਂ ਤੋਂ ਕੁੱਲ 7 ਸੈਂਪਲ ਇਕੱਤਰ ਕੀਤੇ ਅਤੇ ਅਗਲੇਰੀ ਜਾਂਚ ਲਈ ਲੈਬ ਨੂੰ ਭੇਜ ਦਿੱਤੇ ਗਏ ਅਤੇ ਜਿਵੇਂ ਹੀ ਇਹਨਾਂ ਸੈਂਪਲਾਂ ਦੇ ਨਤੀਜੇ ਪ੍ਰਾਪਤ ਹੋਣਗੇ ਵਿਭਾਗ ਵੱਲੋਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਸਹਾਇਕ ਫੂਡ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਨੇ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਸਮੂਹ ਦੁਕਾਨਦਾਰਾਂ ਨੂੰ ਮਿਆਰੀ ਚੀਜਾਂ ਵੇਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਆਮ ਵਿਅਕਤੀ ਨਕਲੀ ਜਾਂ ਘਟੀਆ ਮਿਆਰ ਵਾਲੀਆਂ ਚੀਜਾਂ ਜਾਂ ਫੂਡ ਸੇਫਟੀ ਐਕਟ ਅਧੀਨ ਆਉਂਦੀਆਂ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਜਾਂ ਘਟੀਆ ਮਿਆਰ ਸਬੰਧੀ ਸ਼ਿਕਾਇਤ ਜਾਂ ਜਾਣਕਾਰੀ ਦਫਤਰ ਵਿਖੇ ਦੇ ਸਕਦਾ ਹੈ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਪ੍ਰਾਪਤ ਕਰਨ ਦੀ ਹਦਾਇਤ ਵੀ ਕੀਤੀ।