ਸਰਕਾਰ ਕਿਸਾਨਾਂ ਨੂੰ ਮੰਡੀਆਂ ’ਚ ਕੋਈ ਸਮੱਸਿਆ ਨਹੀਂ ਆਉਣ ਦੇਵੇਗੀ : ਸਿੱਖਾਂਵਾਲਾ
ਫਰੀਦਕੋਟ , 20 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੱਬੂ ਸੰਧੂ ਸਿੱਖਾਂਵਾਲਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਚਹਿਲ ਦੀ ਦਾਣਾ ਮੰਡੀ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਅਤੇ ਸਬੰਧਤ ਕਿਸਾਨ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਖਰੀਦ ਸ਼ੁਰੂ ਹੁੰਦਿਆਂ ਸਾਰ ਮੰਡੀ ਵਿੱਚ ਬੈਠੇ ਕਿਸਾਨਾਂ ਦੇ ਚਿਹਰੇ ਖਿੜ ਗਏ। ਬੱਬੂ ਸੰਧੂ ਸਿੱਖਾਂਵਾਲਾ ਨੇ ਮੌਕੇ ’ਤੇ ਮੌਜੂਦ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨ ਭਰਾਵਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ। ਉਹਨਾ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਕੋਈ ਤਕਲੀਫ ਨਹੀਂ ਆਉਣ ਦੇਵੇਗੀ ਅਤੇ ਮੰਡੀਆਂ ’ਚੋਂ ਝੋਨੇ ਦਾ ਇੱਕ ਇੱਕ ਦਾਣਾ ਚੁੱਕਣ ਲਈ ਸਰਕਾਰ ਵਚਨਬੱਧ ਹੈ। ਸਿੱਖਾਂ ਵਾਲਾ ਨੇ ਕਿਹਾ ਕਿ ਇੰਨੀ ਦਿਨੀ ਮੰਡੀਆਂ ਵਿੱਚ ਬਹੁਤ ਜਅਿਾਦਾ ਝੋਨਾ ਪਿਆ ਹੋਣ ਕਰਕੇ ਇੱਕ ਦੋ ਦਿਨ ਕਿਸਾਨ ਸੰਜਮ ਬਣਾ ਕੇ ਰੱਖਣ ਬਾਅਦ ਵਿੱਚ ਕੰਮ ਆਮ ਵਾਂਗ ਚੱਲੇਗਾ। ਉਨਾਂ ਦੱਸਿਆ ਕਿ ਸਰਕਾਰ ਦੀ ਪਹਿਲ ਹਮੇਸ਼ਾਂ ਕਿਸਾਨ-ਮਜ਼ਦੂਰ ਰਹੇ ਹਨ, ਇਸ ਲਈ ਕਿਸੇ ਨੂੰ ਵੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ੀਰੀ ਸਾਂਭਣ ਦੇ ਕਾਰਜ ਦੌਰਾਨ ਖੇਤਾਂ ’ਚ ਬਚੇ ਵੱਢ (ਪਰਾਲੀ) ਨੂੰ ਅੱਗ ਨਾ ਲਾਈ ਜਾਵੇ ਅਤੇ ਇਸ ਨੂੰ ਮਸ਼ੀਨਰੀ ਰਾਹੀਂ ਸੰਭਾਲ ਕੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ’ਚ ਸਹਿਯੋਗ ਕੀਤਾ ਜਾਵੇ ਤਾਂ ਜੋ ਵਾਤਾਵਰਨ ਅਤੇ ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਬੰਧਤ ਅਧਿਕਾਰੀਆਂ ਤੋਂ ਇਲਾਵਾ ਸੀਨੀਅਰ ‘ਆਪ’ ਆਗੂ ਡਾ. ਮਨਜੀਤ ਸਿੰਘ ਕੰਮੇਆਣਾ, ਸੂਬਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।