ਕੋਟਕਪੂਰਾ, 24 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਦਾ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈਕਾ’ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ, ਜੋ ਆਪਣੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ-ਨਾਲ ਵੱਖ-ਵੱਖ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣ ਲਈ ਪੇ੍ਰਰਿਤ ਕਰਦੀ ਹੈ। ਇਸ ਸਕੂਲ ਦੇ ਵਿਦਿਆਰਥੀ ਸਮਂੇ-ਸਮੇਂ ’ਤੇ ਵੱਖ-ਵੱਖ ਗਤੀਵਿਧੀਆਂ ਦਾ ਹਿੱਸਾ ਬਣਦੇ ਹਨ। ਇਸ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਪਿੰਡ ਢੈਪਈ ਤੇ ਰੋਮਾਣਾ ਅਲਬੇਲ ਸਿੰਘ ਵਿਖੇ ਇੱਕ ਨੁੱਕੜ ਨਾਟਕ ਖੇਡਿਆ ਗਿਆ। ਜਿਸ ਅਧੀਨ ਵਿਦਿਆਰਥੀਆਂ ਨੇ ਸਮਾਜ ਦੀਆਂ ਕਈ ਬੁਰਾਈਆਂ ਨੂੰ ਪੇਸ਼ ਕੀਤਾ। ਸਕੂਲ ਦੇ ਸੰਗੀਤਕ ਅਧਿਆਪਕ ਗੁਰਜੀਤ ਸਿੰਘ ਵੱਲੋਂ “ਜੀਹਨੂੰ ਕਹਿੰਦੇ ਅਸੀਂ ਤਰੱਕੀ, ਉਹ ਰਾਹ ਤਬਾਹੀ ਦਾ” ਗੀਤ ਗਾ ਕੇ ਨੁੱਕੜ ਨਾਟਕ ਦੀ ਪੇਸ਼ਕਾਰੀ ਆਰੰਭੀ ਗਈ। ਇਸ ਨੁੱਕੜ ਨਾਟਕ ਵਿੱਚ ਵਾਤਾਵਰਨ ਦੀ ਸੰਭਾਲ ਲਈ ਜਾਗਰੁਕਤਾ, ਬਜ਼ੁਰਗਾਂ ਦਾ ਸਤਿਕਾਰ, ਫਸਲੀ ਚੱਕਰ ਅਪਣਾਉਣ ਦੀ ਲੋੜ, ਮੋਬਾਇਲ ਦੀ ਸਚੁੱਜੀ ਵਰਤੋਂ, ਰੁੱਖ ਲਾਉਣ ਲਈ ਜਾਗਰੁਕਤਾ ਅਤੇ ਰੁੱਖਾਂ ਦੀ ਕਟਾਈ ਤੋਂ ਪ੍ਰਹੇਜ਼ ਕਰਨ ਆਦਿ ਦੇ ਦਿਲਚਸਪ ਅਤੇ ਵਡਮੁੱਲੇ ਵਿਸ਼ੇ ਛੋਹੇ ਗਏ। ਦੋਹਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਵਿਦਿਆਰਥੀਆਂ ਦੇ ਨਾਟਕ ਦੀ ਬੇਹੱਦ ਸ਼ਲਾਘਾ ਕੀਤੀ ਗਈ। ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਜਿੱਥੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ, ਉੱਥੇ ਉਹਨਾਂ ਲਈ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ। ਸਕੂਲ ਦੇ ਪਿ੍ਰੰਸੀਪਲ ਰੂਪ ਲਾਲ ਬਾਂਸਲ ਜੀ ਨੇ ਵੀ ਨੁੱਕੜ ਨਾਟਕ ਦੀ ਵਧੀਆ ਕਾਰਗੁਜਾਰੀ ਲਈ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਵਿਦਿਆਰਥੀਆਂ ਨੂੰ ਇਹਨਾਂ ਬੁਰਾਈਆਂ ਪ੍ਰਤੀ ਸੁਚੇਤ ਹੋਣ ਲਈ ਪੇ੍ਰਰਿਤ ਕਰਦਿਆਂ ਕਿਹਾ ਕਿ ਅਸੀਂ ਖੁਦ ਜਾਗਿ੍ਰਤ ਹੋ ਕੇ ਹੀ ਆਪਣੇ ਆਲੇ-ਦੁਆਲੇ ਨੂੰ ਜਾਗ੍ਰਤਿ ਕਰ ਸਕਦੇ ਹਾਂ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਨੇ ਵੀ ਵਿਦਿਆਰਥੀਆਂ ਦੀ ਕਲਾ, ਜੋਸ਼ ਅਤੇ ਪੇਸ਼ਕਾਰੀ ਦੀ ਤਾਰੀਫ ਕੀਤੀ ਅਤੇ ਹੋਰ ਸਮਾਜਿਕ ਬੁਰਾਈਆਂ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।

