ਫਰੀਦਕੋਟ 5 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ 3 ਨਵੰਬਰ 2024 ਦਿਨ ਐਤਵਾਰ ਨੂੰ ਸਥਾਨਕ ਪੈਨਸ਼ਨਰਜ ਭਵਨ ਫਰੀਦਕੋਟ ਵਿਖੇ ਸਭਾ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਤਕਰੀਬਨ ਦੋ ਦਰਜਨ ਮੈਂਬਰ ਲੇਖਕਾਂ ਨੇ ਭਾਗ ਲਿਆ। ਸਭਾ ਦੇ ਜਨਰਲ ਸਕੱਤਰ ਅਤੇ ਲੇਖਕ ਇਕਬਾਲ ਘਾਰੂ ਨੇ ਮੀਟਿੰਗ ਦਾ ਆਗਾਜ਼ ਕਰਦਿਆਂ ਪ੍ਰਸਿੱਧ ਤਿਉਹਾਰ ਦਿਵਾਲੀ ਅਤੇ ਬੰਦੀ ਛੋਡ ਦਿਵਸ ਦੀ ਸਭ ਨੂੰ ਵਧਾਈ ਦਿੱਤੀ ਅਤੇ ਉਸ ਅਕਾਲ ਪੁਰਖ ਮੂਹਰੇ ਅਰਦਾਸ ਕੀਤੀ ਕਿ ਸਭ ਦੇ ਵਿਹੜੇ ਇਸ ਤਰ੍ਹਾਂ ਹੀ ਖੁਸ਼ੀਆਂ ਤੇ ਖੇੜੇ ਆਉਂਦੇ ਰਹਿਣ। ਹਾਜ਼ਰ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਿੰਨਾਂ ਵਿੱਚ ਸੁਰਿੰਦਰਪਾਲ ਸ਼ਰਮਾ ਭਲੂਰ , ਇੰਜ: ਦਰਸ਼ਨ ਰੋਮਾਣਾ , ਰਾਜ ਧਾਲੀਵਾਲ , ਜੀਤ ਗੋਲੇਵਾਲੀਆ , ਮੁਖਤਿਆਰ ਸਿੰਘ ਵੰਗੜ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ , ਲਾਲ ਸਿੰਘ ਕਲਸੀ, ਹਰਸੰਗੀਤ ਸਿੰਘ ਗਿੱਲ, ਸਾਧੂ ਸਿੰਘ ਚਮੇਲੀ , ਸੁਖਦੇਵ ਸਿੰਘ ਮਚਾਕੀ , ਸੁਖਚੈਨ ਸਿੰਘ ਥਾਂਦੇਵਾਲ, ਵਤਨਵੀਰ ਜ਼ਖਮੀ , ਪ੍ਰੋ; ਪਾਲ ਸਿੰਘ ਆਦਿ ਨੇ ਦੇਸ਼ ਅਤੇ ਪੰਜਾਬ ਦੇ ਤਾਜ਼ਾ ਮਾਹੌਲ ਨੂੰ ਆਪਣੀ ਕਲਮ ਵਿੱਚ ਕਲਮਬੰਦ ਕਰਕੇ ਪੇਸ਼ ਕੀਤਾ। ਹਾਜ਼ਰ ਲੇਖਕਾਂ ਨੇ ਆਪਣੀ ਲੇਖਣੀ ਵਿੱਚ ਸਮਾਜਿਕ ਉਲਝੀਆਂ ਤੰਦਾਂ , ਰਿਸ਼ਤਿਆਂ ਦੀ ਟੁੱਟ ਭੱਜ ਤੋ ਇਲਾਵਾ ਦੇਸ਼ ਵਿੱਚ ਫੈਲ ਰਹੇ ਪ੍ਰਦੂ਼ਸ਼ਨ ਦੀ ਆਬੋ ਹਵਾ ਨੂੰ ਚਿਤਵਿਆ ਅਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਉਹਨਾਂ ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਫ਼ਰਕ ਦੱਸਿਆ। ਸਭਾ ਵੱਲੋਂ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮੋਹਤਰਮਾ ਮਰੀਅਮ ਨਿਵਾਜ਼ ਦੇ ਉਸ ਬਿਆਨ ਦੀ ਪ੍ਰਸੰਸਾ ਕੀਤੀ ਜਿਸ ਵਿੱਚ ਉਸ ਨੇ ਹਿੰਦੁਸਤਾਨ ਦੇ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਫੈਲ ਰਹੇ ਪ੍ਰਦੂਸ਼ਣ ਨੂੰ ਮਿਲ ਕੇ ਹੱਲ ਕਰਨ ਦੀ ਅਪੀਲ ਕੀਤੀ ਅਤੇ ਦੋਹਾਂ ਪਾਸਿਆਂ ਦੇ ਪੰਜਾਬ ਦੀ ਬਿਹਤਰੀ ਅਤੇ ਤੰਦਰੁਸਤੀ ਲਈ ਕਿਹਾ। ਅਖੀਰ ਵਿੱਚ ਸਭਾ ਦੇ ਜਨਰਲ ਸਕੱਤਰ ਇਕਬਾਲ ਘਾਰੂ ਨੇ ਦੱਸਿਆ ਕਿ ਸਭਾ ਵੱਲੋਂ ਸਾਲ 2025 ਲਈ ਚੋਣ ਆਉਣ ਵਾਲੇ ਦਸੰਬਰ ਮਹੀਨੇ ਦੀ ਮੀਟਿੰਗ ਵਿੱਚ ਕੀਤੀ ਜਾਵੇਗੀ। ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਇਸ ਚੋਣ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਅਗਲੇ ਸਾਲ ਲਈ ਚੋਣ ਕੀਤੀ ਜਾ ਸਕੇ।

