ਸਕੂਲ ਦੇ ਹੁਸ਼ਿਆਰ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ
ਬੱਚੇ ਦੀ ਸਖਸ਼ੀਅਤ ਦੇ ਵਿਕਾਸ ਵਿੱਚ ਦਾਦਾ – ਦਾਦੀ, ਮਾਤਾ -ਪਿਤਾ ਤੇ ਅਧਿਆਪਕ ਦਾ ਅਹਿਮ ਰੋਲ : ਨੀਲਮ ਰਾਣੀ / ਪ੍ਰਦੀਪ ਦਿਉੜਾ / ਸੁਧਾ ਗਰਗ
ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੱਚੇ ਦੀ ਸ਼ਖਸ਼ੀਅਤ ਦੇ ਸੰਪੂਰਨ ਵਿਕਾਸ ਵਿੱਚ ਦਾਦਾ ਦਾਦੀ , ਮਾਤਾ – ਪਿਤਾ ਅਤੇ ਅਧਿਆਪਕ ਦਾ ਅਹਿਮ ਰੋਲ ਹੁੰਦਾ ਹੈ। ਜਿਹੜੇ ਬੱਚੇ ਇਹਨਾਂ ਦਾ ਸਤਿਕਾਰ ਕਰਦੇ ਹਨ, ਉਹ ਆਪਣੀ ਜ਼ਿੰਦਗੀ ਦੀਆਂ ਬੁਲੰਦੀਆਂ ਨੂੰ ਛੂਹ ਜਾਂਦੇ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਥੋਂ ਥੋੜੀ ਦੂਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ ਵਿਖੇ ਦਾਦਾ ਦਾਦੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਲਾਨਾ ਸਨਮਾਨ ਸਮਾਗਮ ਸਮੇਂ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮੁੱਖ ਮਹਿਮਾਨ ਮੈਡਮ ਨੀਲਮ ਰਾਣੀ ਜਿਲਾ ਸਿੱਖਿਆ ਅਫਸਰ ਸੈਕੰਡਰੀ ਫਰੀਦਕੋਟ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਪ੍ਰਦੀਪ ਦਿਓੜਾ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫਰੀਦਕੋਟ ਸ਼ਾਮਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਧਾ ਗਰਗ ਨੇ ਕੀਤੀ। ਉਹਨਾਂ ਆਪਣੇ ਸੰਬੋਧਨ ਵਿੱਚ ਸਮੂਹ ਹਾਜ਼ਰੀਨ ਨੂੰ ਜੀ ਆਇਆ ਕਿਹਾ। ਉਹਨਾਂ ਇਸ ਦੇ ਨਾਲ ਹੀ ਰਾਮ ਮੁਹੰਮਦ ਸਿੰਘ ਯਾਦਵ ਸੁਸਾਇਟੀ ਆਜ਼ਾਦ ਵੈਲਫੇਅਰ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।ਇਸ ਸਮਾਗਮ ਨੂੰ ਸੋਸਾਇਟੀ ਦੇ ਪ੍ਰਧਾਨ ਮਾਸਟਰ ਅਸ਼ੋਕ ਕੌਸ਼ਲ, ਮੀਤ ਪ੍ਰਧਾਨ ਪ੍ਰੇਮ ਚਾਵਲਾ, ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮ ਨਾਥ ਅਰੋੜਾ ਨੇ ਸੰਬੋਧਨ ਕਰਦਿਆਂ ਸੋਸਾਇਟੀ ਵੱਲੋਂ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਪਿਛਲੇ ਸੱਤ ਸਾਲਾਂ ਤੋਂ ਕੀਤੇ ਜਾ ਰਹੇ ਕੰਮਾਂ ਅਤੇ ਸੁਸਾਇਟੀ ਦੇ ਉਦੇਸ਼ਾਂ ਬਾਰੇ ਰੌਸ਼ਨੀ ਪਾਈ। ਸਮਾਗਮ ਨੂੰ ਸਕੂਲ ਦੇ ਸੇਵਾ ਮੁਕਤ ਪ੍ਰਿੰਸੀਪਲ ਮਨਜੀਤ ਸਿੰਘ ਭੁੱਲਰ, ਪ੍ਰਿੰਸੀਪਲ ਗੋਪਾਲ ਕ੍ਰਿਸ਼ਨ ਪੱਖੀ ਕਲਾਂ, ਮੈਡਮ ਗੁਰਚਰਨ ਕੌਰ ਸੇਵਾ ਮੁਕਤ ਮੁੱਖ ਅਧਿਆਪਕਾ ਨੇ ਵੀ ਸੰਬੋਧਨ ਕੀਤਾ। ਸਕੂਲ ਦੇ ਬੱਚਿਆਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਸਮਰਪਿਤ ਪੇਸ਼ ਕੀਤੀਆਂ ਗਈਆਂ ਕਈ ਆਈਟਮਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਤੇ ਸੋਸਾਇਟੀ ਵੱਲੋਂ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਹੋਣਹਾਰ ਵਿਦਿਆਰਥੀ ਵੀ ਮੈਡਲ ਅਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤੇ ਗਏ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗ੍ਰਾਮ ਪੰਚਾਇਤ ਘੁਗਿਆਣਾ ਦੇ ਸਰਪੰਚ ਗੁਰਪ੍ਰੀਤ ਸਿੰਘ,ਸਕੂਲ ਵਿਕਾਸ ਕਮੇਟੀ ਦੇ ਚੇਅਰਮੈਨ ਗਮਦੂਰ ਸਿੰਘ , ਗ੍ਰਾਮ ਪੰਚਾਇਤ ਮੈਂਬਰ -ਸੁਖਬੀਰ ਸਿੰਘ,ਬਲਦੇਵ ਸਿੰਘ,ਚੰਦ ਸਿੰਘ,ਹਰਨੇਕ ਸਿੰਘ ਸਾਹੋਕੇ, ਤਰਕਸ਼ੀਲ ਆਗੂ ਸੁਖਚੈਨ ਸਿੰਘ ਥਾਂਦੇਵਾਲਾ,ਅਤੇ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ ।

